Friday, May 1, 2015

ਗੋਸ਼ਤ ਦੀ ਗੰਧ



 ਸੁਕੇਸ਼ ਸਾਹਨੀ

ਦਰਵਾਜ਼ਾ ਉਹਦੇ ਬਾਰ੍ਹਾਂ ਵਰ੍ਹਿਆਂ ਦੇ ਸਾਲੇ ਨੇ ਖੋਲ੍ਹਿਆ ਤੇ ਅਚਾਨਕ ਉਸਨੂੰ ਸਾਹਮਣੇ ਦੇਖ ਉਹ ਇੰਜ ਇੱਕਠਾ ਹੋ ਗਿਆ ਜਿਵੇਂ ਉਹਦੇ ਸਰੀਰ ਤੋਂ ਉਹਦੀ ਇੱਕੋ-ਇਕ ਨਿੱਕਰ ਵੀ ਖਿੱਚ ਲਈ ਗਈ ਹੋਵੇ। ਦਰਵਾਜ਼ੇ ਦੇ ਪਿੱਛੇ ਹੋ ਕੇ ਉਹਨੇ ਆਪਣੇ ਜੀਜੇ ਵਾਸਤੇ ਅੰਦਰ ਆਉਣ ਲਈ ਰਾਹ ਛੱਡ ਦਿੱਤਾ। ਉਹ ਆਪਣੇ ਸਾਲੇ ਦੀਆਂ ਇਸ ਉਮਰ ਵਿਚ ਹੀ ਪਿਚਕੀਆਂ ਗੱਲ੍ਹਾਂ ਤੇ ਹੱਡੀਆਂ ਦੇ ਢਾਂਚੇ ਵਰਗੇ ਸਰੀਰ ਨੂੰ ਹੈਰਾਨੀ ਨਾਲ ਵੇਖਦਾ ਰਹਿ ਗਿਆ।
ਅੰਦਰ ਜਾਂਦੇ ਸਮੇਂ ਉਹਦੀ ਨਜ਼ਰ ਬਦਰੰਗ ਦਰਵਾਜ਼ਿਆਂ ਅਤੇ ਥਾਂ-ਥਾਂ ਤੋਂ ਉੱਖੜ ਰਹੇ ਪਲਸਤਰ ਉੱਤੇ ਪਈ ਤਾਂ ਉਹ ਸੋਚੀਂ ਪੈ ਗਿਆ। ਅਗਲੇ ਕਮਰੇ ਵਿਚ ਟੁੱਟੇ-ਫੁੱਟੇ ਸੋਫੇ ਉੱਪਰ ਬੈਠਿਆਂ ਉਹਨੂੰ ਅਜੀਬ ਜਿਹਾ ਲੱਗਾ। ਉਹਨੂੰ ਲੱਗਾ, ਨਾਲ ਦੇ ਕਮਰੇ ਵਿਚ ਉਹਦੇ ਸੱਸ-ਸਹੁਰਾ ਤੇ ਪਤਨੀ ਉਹਦੇ ਅਚਾਨਕ ਆ ਜਾਣ ਉੱਤੇ ਭੈਭੀਤ ਹੋ ਕੇ ਕੰਬਦੇ ਹੋਏ ਕੁਝ ਬੁਦਬੁਦਾ ਰਹੇ ਸਨ।
ਰਸੋਈ ਵਿੱਚੋਂ ਸਟੋਵ ਦੇ ਜਲਣ ਦੀ ਆਵਾਜ਼ ਆ ਰਹੀ ਸੀ। ਇਕ ਦਮ ਤਾਜ਼ਾ ਮਾਸ ਅਤੇ ਖ਼ੂਨ ਦੀ ਮਿਲੀ-ਜੁਲੀ ਗੰਧ ਉਹਦੀਆਂ ਨਾਸਾਂ ਵਿਚ ਭਰ ਗਈ। ਉਹ ਇਸਨੂੰ ਆਪਣੇ ਮਨ ਦਾ ਵਹਿਮ ਸਮਝਦਾ ਰਿਹਾ। ਪਰ ਜਦੋਂ ਸੱਸ ਨੇ ਖਾਣਾ ਪਰੋਸਿਆ ਤਾਂ ਉਹ ਹੈਰਾਨ-ਪਰੇਸ਼ਾਨ ਦੇਖਦਾ ਹੀ ਰਹਿ ਗਿਆ। ਸਬਜ਼ੀ ਦੀਆਂ ਪਲੇਟਾਂ ਵਿਚ ਮਨੁੱਖ ਦੇ ਮਾਸ ਦੇ ਬਿਲਕੁਲ ਤਾਜ਼ਾ ਟੁਕੜੇ ਤੈਰ ਰਹੇ ਸਨ। ਬਸ, ਉਸੇ ਛਿਣ ਉਹਦੀ ਸਮਝ ਵਿਚ ਸਭ ਕੁਝ ਆ ਗਿਆ। ਸਹੁਰਾ ਸਾਹਿਬ ਪੂਰੀਆਂ ਬਾਹਾਂ ਦੀ ਕਮੀਜ਼ ਪਾ ਕੇ ਬੈਠੇ ਸਨ ਤਾਕਿ ਉਹ ਉਹਨਾਂ ਦੀਆਂ ਗੋਸ਼ਤ ਰਹਿਤ ਬਾਹਾਂ ਨੂੰ ਨਾ ਦੇਖ ਸਕੇ। ਆਪਣੀ ਤਰਫੋਂ ਉਹਨਾਂ ਨੇ ਸ਼ੁਰੂ ਤੋਂ ਹੀ ਕਾਫੀ ਹੁਸ਼ਿਆਰੀ ਵਰਤੀ ਸੀ। ਉਹਨਾਂ ਨੇ ਆਪਣੀਆਂ ਗੱਲ੍ਹਾਂ ਦੇ ਅੰਦਰੂਨੀ ਹਿੱਸੇ ਤੋਂ ਗੋਸ਼ਤ ਉਤਰਵਾਇਆ ਸੀ। ਪਰ ਅਜਿਹਾ ਕਰਨ ਨਾਲ ਗੱਲ੍ਹਾਂ ਵਿਚ ਪੈ ਗਏ ਟੋਇਆਂ ਨੂੰ ਨਹੀਂ ਸੀ ਲਕੋਅ ਸਕੇ। ਸੱਸ ਵੀ ਬੜੀ ਚਲਾਕੀ ਨਾਲ ਇਕ ਪਾਟਿਆ ਜਿਹਾ ਦੁਪੱਟਾ ਲਈ ਬੈਠੀ ਸੀ ਤਾਕਿ ਕਿੱਥੋਂ ਗੋਸ਼ਤ ਲਾਹਿਆ ਗਿਆ ਹੈ, ਪਤਾ ਹੀ ਨਾ ਲੱਗੇ। ਸਾਲਾ ਕੰਧ ਦੇ ਸਹਾਰੇ ਸਿਰ ਝੁਕਾਈ ਉਦਾਸ ਖੜਾ ਸੀ। ਉਹ ਆਪਣੀ ਉੱਚੀ ਨਿੱਕਰ ਵਿਚ ਦਿਖਾਈ ਦੇ ਰਹੇ ਮਾਸ-ਰਹਿਤ ਪੱਟਾਂ ਨੂੰ ਲਕੋਣ ਦੀ ਅਸਫਲ ਕੋਸ਼ਿਸ਼ ਕਰ ਰਿਹਾ ਸੀ। ਉਹਦੀ ਪਤਨੀ ਸਬਜੀ ਦੀ ਪਲੇਟ ਵਿਚ ਚਮਚਾ ਹਿਲਾਉਂਦੇ ਹੋਏ ਕੁਝ ਸੋਚ ਰਹੀ ਸੀ।
ਰਾਕੇਸ਼ ਜੀ, ਲਓ ਨਾ!ਆਪਣੇ ਸਹੁਰੇ ਦੀ ਆਵਾਜ਼ ਉਹਦੇ ਕੰਨੀਂ ਪਈ।
ਮੈਂ ਆਦਮੀ ਦਾ ਗੋਸ਼ਤ ਨਹੀਂ ਖਾਂਦਾ।ਪਲੇਟ ਨੂੰ ਪਰੇ ਧੱਕਦੇ ਹੋਏ ਉਹਨੇ ਕਿਹਾ। ਆਪਣੀ ਚੋਰੀ ਫੜੀ ਜਾਣ ਕਾਰਨ  ਉਹਨਾਂ ਦੇ ਚਿਹਰੇ ਸਫੈਦ ਹੋ ਗਏ ਸਨ।
ਕੀ ਹੋਇਆ ਤੁਹਾਨੂੰ?…ਸਬਜੀ ਤਾਂ ਸ਼ਾਹੀ ਪਨੀਰ ਦੀ ਹੈ।ਪਤਨੀ ਨੇ ਹੈਰਾਨੀ ਭਰੀਆਂ ਅੱਖਾਂ ਨਾਲ ਉਹਨੂੰ ਦੇਖਦੇ ਹੋਏ ਕਿਹਾ।
ਬੇਟਾ, ਨਰਾਜ਼ ਨਾ ਹੋ…ਅਸੀਂ ਤੁਹਾਡੀ ਖਾਤਰ ਕੁਝ ਜ਼ਿਆਦਾ ਨਹੀਂ ਕਰ ਸਕੇ…।ਸੱਸ ਨੇ ਕਹਿਣਾ ਚਾਹਿਆ।
ਦੇਖੋ, ਮੈਂ ਬਿਲਕੁਲ ਨਰਾਜ਼ ਨਹੀਂ ਹਾਂ।ਉਹਨੇ ਮੁਸਕਰਾ ਕੇ ਕਿਹਾ, ਮੈਨੂੰ ਦਿਲੋਂ ਆਪਣਾ ਪੁੱਤਰ ਸਮਝੋ ਅਤੇ ਆਪਣਾ ਮਾਸ ਪਰੋਸਣਾ ਬੰਦ ਕਰੋ। ਜੋ ਖੁਦ ਖਾਂਦੇ ਹੋ, ਉਹੀ ਖੁਆਓ। ਮੈਂ ਖੁਸ਼ੀ-ਖੁਸ਼ੀ ਖਾ ਲਵਾਂਗਾ।
ਉਹ ਸਭ ਦੁਚਿੱਤੀ ਵਿਚ ਉਹਦੇ ਸਾਹਮਣੇ ਖੜੇ ਸਨ। ਤਦੇ ਉਹਦੀ ਨਜ਼ਰ ਆਪਣੇ ਸਾਲੇ ਉੱਤੇ ਪਈ। ਉਹ ਬਹੁਤ ਮਿੱਠੀਆਂ ਨਜ਼ਰਾਂ ਨਾਲ ਉਸ ਵੱਲ ਦੇਖ ਰਿਹਾ ਸੀ। ਸੱਸ-ਸਹੁਰਾ ਇੰਜ ਹੈਰਾਨ ਸਨ, ਜਿਵੇਂ ਕਿਸੇ ਸ਼ੇਰ ਨੇ ਅਚਾਨਕ ਉਹਨਾਂ ਨੂੰ ਆਪਣੀ ਪਕੜ ਤੋਂ ਆਜ਼ਾਦ ਕਰ ਦਿੱਤਾ ਹੋਵੇ। ਪਤਨੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਇਹ ਸਭ ਵੇਖਕੇ ਉਹਨੇ ਸੋਚਿਆ ‘ਕਾਸ਼! ਗੋਸ਼ਤ ਦੀ ਇਹ ਗੰਧ ਉਹਨੂੰ ਬਹੁਤ ਪਹਿਲਾਂ ਹੀ ਆ ਗਈ ਹੁੰਦੀ।’
                                   -0-

No comments: