Friday, May 8, 2015

ਹਿੰਦੀ/ ਲਗਾਉ




ਬਲਰਾਮ ਅਗਰਵਾਲ
ਮਾਤਾ ਜੀ ਹੁੰਦਿਆਂ ਦੂਜਾ ਕੋਈ ਵੀ ਪਿਤਾ ਜੀ ਦੇ ਕਮਰੇ ਦੀ ਸਾਫ-ਸਫਾਈ ਨਹੀਂ ਕਰਦਾ ਸੀ। ਉਹਨਾਂ ਦੀ ਕਿਸ ਚੀਜ ਨੂੰ ਕਿੱਥੇ ਰੱਖਣਾ ਹੈ, ਉਹੀ ਜਾਣਦੀ ਸੀ। ਜਦੋਂ ਦੇ ਮਾਤਾ ਜੀ ਦਾ ਸਵਰਗਵਾਸ ਹੋਏ ਹਨ, ਰਮਾ ਹੀ ਉਹਨਾਂ ਦਾ ਕਮਰਾ ਬੁਹਾਰਦੀ ਹੈ।
ਇੱਧਰ ਇੱਕ ਗੱਲ ਨੇ ਰਮਾ ਦਾ ਧਿਆਨ ਆਪਣੇ ਵੱਲ ਆਕਰਸ਼ਤ ਕੀਤਾ ਹੋਇਆ ਹੈਮਾਤਾ ਜੀ ਦਾ ਇੱਕ ਪਾਸੇ ਰੱਖ ਦਿੱਤਾ ਗਿਆ ਢਿੱਲਾ ਜਿਹਾ ਪੁਰਾਣਾ ਮਸਨਦ (ਗੋਲ ਸਿਰਹਾਣਾ) ਸਟੋਰ ਵਿੱਚੋਂ ਕੱਢ ਕੇ ਪਿਤਾ ਜੀ ਨੇ ਆਪਣੇ ਪਲੰਘ ਉੱਤੇ ਕੰਧ ਦੇ ਸਹਾਰੇ ਰੱਖ ਲਿਆ ਹੈ। ਆਪਣੇ ਕਮਰੇ ਵਿੱਚ ਹੁਣ ਉਹ ਕੁਰਸੀ ਉੱਤੇ ਘੱਟ, ਪਲੰਘ ਉੱਤੇ ਮਸਨਦ ਨਾਲ ਪਿੱਠ ਟਿਕਾ ਕੇ ਬੈਠੇ ਿਆਦਾ ਨਜ਼ਰ ਆਉਂਦੇ ਹਨ।
“ਪਿੱਠ ’ਚ ਦਰਦ ਐ ਤਾਂ ਤੁਹਾਡੇ ਲਈ ਮੂਵ ਮੰਗਵਾ ਦਿਆਂ ਬਾਊ ਜੀ?” ਰਮਾ ਨੇ ਮੌਕਾ ਪਾ ਕੇ ਇੱਕ ਸ਼ਾਮ ਉਹਨਾਂ ਨੂੰ ਪੁੱਛਿਆ।
“ਓ ਨਹੀਂ,” ਉਹ ਬੋਲੇ, “ਦਰਦ-ਦੁਰਦ ਕੁਝ ਨਹੀਂ…ਇਹ ਤਾਂ ਮੈਂ ਉਂਝ ਈ ਚੁੱਕ ਲਿਆਇਆ ਸਟੋਰ ’ਚੋਂ।”
“ਇਹਨਾਂ ਨੂੰ ਕਹਿਕੇ ਨਵਾਂ ਮਸਨਦ ਮੰਗਵਾ ਦਿਆਂ ਬਜ਼ਾਰੋਂ? ਉਹ ਜ਼ਿਆਦਾ ਅਰਾਮਦੇਹ ਰਹੂਗਾ।” ਉਸਨੇ ਮੁੜ ਪੁੱਛਿਆ।
“ਨਹੀਂ ਬਹੂ,” ਉਹ ਇਸ ਵਾਰ ਸਿੱਧੇ ਬੈਠਦੇ ਹੋਏ ਬੋਲੇ, “ਕਿਹਾ ਨਾ, ਚੰਗਾ-ਭਲਾ ਹਾਂ।”
ਉਸਤੋਂ ਬਾਦ ਰਮਾ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ। ਹਾਂ, ਉਹਨੇ ਪਤੀ ਨੂੰ ਫੋਨ ਕਰਕੇ ‘ਮੂਵ’ ਦੀ ਇੱਕ ਛੋਟੀ ਟਿਊਬ ਲਿਆਉਣ ਲਈ ਜ਼ਰੂਰ ਕਹਿ ਦਿੱਤਾ।
ਰਵੀ ਟਿਊਬ ਲੈ ਆਇਆ।
“ਕਿਸ ਲਈ ਚਾਹੀਦੀ ਸੀ?” ਟਿਊਬ ਪਤਨੀ ਦੇ ਹੱਥ ਵਿੱਚ ਫੜਾਉਂਦੇ ਹੋਏ ਰਵੀ ਨੇ ਪੁੱਛਿਆ।
“ਬਾਊ ਜੀ ਦੀ ਕਮਰ ਵਿੱਚ ਦਰਦ ਹੈ ਸ਼ਾਇਦ।” ਉਹ ਬੋਲੀ, “ਉਹਨਾਂ ਦੀ ਮੇਜ ਉੱਤੇ ਰੱਖ ਆਉਂਦੀ ਹਾਂ। ਲੋੜ ਹੋਈ ਤਾਂ ਲਾ ਲੈਣਗੇ।” ਇੰਨਾ ਕਹਿ ਕੇ ਉਹ ਬਾਊ ਜੀ ਦੇ ਕਮਰੇ ਵੱਲ ਚਲੀ ਗਈ।
ਕਮਰੇ ਵਿੱਚ ਕਦਮ ਰੱਖਦੇ ਹੀ, ਬਾਹਰੋਂ ਆ ਰਹੀ ਹਲਕੀ ਰੋਸ਼ਨੀ ਵਿੱਚ ਉਸਨੇ ਦੇਖਿਆ, ਸਿਰਹਾਣੇ ਨਾਲ ਪਿੱਠ ਲਾਈ ਬਾਊ ਜੀ ਪਲੰਘ ਉੱਤੇ ਬੈਠੇ ਹਨ। ਮਸਨਦ ਉਹਨਾਂ ਦੀ ਗੋਦ ਵਿੱਚ ਹੈ। ਉਹਨਾਂ ਦੀਆਂ ਅੱਖਾਂ ਮੂੰਦੀਆਂ ਹੋਈਆਂ ਹਨ ਤੇ ਉਹਨਾਂ ਵਿੱਚੋਂ ਹੰਝੂਆਂ ਦੀ ਧਾਰ ਵਹਿ ਰਹੀ ਹੈ।
                                       -0-

No comments: