Wednesday, April 16, 2014

ਹਿੰਦੀ / ਬਹੂ



ਸੁਰੇਸ਼ ਸ਼ਰਮਾ

ਛੁੱਟੀ ਦਾ ਦਿਨ ਸੀ। ਘਰ ਦੇ ਬਾਹਰ ਖੁੱਲ੍ਹੇ ਵਿਹੜੇ ਵਿਚ ਬੱਚੇ ਘਰ-ਘਰ ਖੇਡ ਰਹੇ ਸਨ। ਮਾਂ, ਪਿਤਾ ਤੇ ਪੁੱਤਰ ਦੀ ਭੂਮਿਕਾ ਤੈਅ ਹੋ ਚੁੱਕੀ ਸੀ। ਪਰੰਤੂ ਬਹੂ ਦੀ ਭੂਮਿਕਾ ਲਈ ਕੋਈ ਵੀ ਕੁੜੀ ਤਿਆਰ ਨਹੀਂ ਹੋ ਰਹੀ ਸੀ।
ਸ਼ੀਲਾ, ਬਹੂ ਦੇ ਰੂਪ ਵਿਚ ਤੂੰ ਖੂਬ ਜਚੇਂਗੀ। ਤੂੰ ਕਿਉਂ ਨਹੀਂ ਬਣ ਜਾਂਦੀ?
ਇਕ ਮੁੰਡੇ ਨੇ ਸੁਝਾਅ ਦਿੱਤਾ ਤਾਂ ਸਾਰੇ ਬੱਚਿਆਂ ਨੇ ਉਸਦਾ ਸਮਰਥਨ ਕਰਦੇ ਹੋਏ ਕਿਹਾ, ਹਾਂ, ਹਾਂ, ਸ਼ੀਲਾ ਠੀਕ ਰਹੂਗੀ ਬਹੂ ਦੇ ਰੂਪ ’ਚ।
ਉਹਨਾਂ ਦੀ ਗੱਲ ਸੁਣਕੇ ਸ਼ੀਲਾ ਕੰਬ ਉੱਠੀ। ਚਾਰ ਦਿਨ ਪਹਿਲਾਂ ਹੀ ਉਹਨਾਂ ਦੇ ਗੁਆਂਢ ਵਿਚ ਇਕ ਬਹੂ ਦਾ ਸੜਿਆ ਹੋਇਆ ਸਰੀਰ ਉਹਦੀਆਂ ਅੱਖਾਂ ਅੱਗੇ ਆ ਗਿਆ। ਉਹਦਾ ਭਿਆਨਕ ਸਰੀਰ ਕਿਸ ਤਰ੍ਹਾਂ ਪੀੜ ਨਾਲ ਤੜਫ ਰਿਹਾ ਸੀ। ਉਹ ਰੋਂਦੇ ਹੋਏ ਅਚਾਨਕ ਚੀਕ ਪਈ, ਨਹੀਂ, ਨਹੀਂ! ਮੈਂ ਨਹੀਂ ਬਣੂੰਗੀ ਬਹੂ!… ਕਦੇ ਨਹੀਂ, ਕਦੇ ਵੀ ਨਹੀਂ!
ਬੱਚੇ ਕੁਝ ਸਮਝ ਸਕਦੇ, ਇਸ ਤੋਂ ਪਹਿਲਾਂ ਹੀ ਰੋਂਦੇ ਹੋਏ ਉਹ ਘਰ ਅੰਦਰ ਭੱਜ ਗਈ।
                                    -0-

No comments: