Thursday, April 10, 2014

ਹਿੰਦੀ/ ਸਤਿਕਾਰ



ਅਜਹਰ ਹਯਾਤ
ਨਹੀਂ-ਨਹੀਂ! ਬਾਬਾਜੀ ਡਿੱਗ ਪਉਂਗੇ।” ਕਾਲਜ ਦੇ ਮੁੰਡੇ ਨੇ ਬੁੱਢੇ ਨੂੰ ਮਸਵਰਾ ਦਿੱਤਾ। ਸਿਟੀ ਬੱਸ ਮੁਸਾਫਰਾਂ ਨਾਲ ਖਚਾਖਚ ਭਰੀ ਸੀ। ਤਿਲ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ। ਪਰ ਬੁੱਢਾ ਇੱਕ ਪੈਰ ਅਤੇ ਇੱਕ ਹੱਥ ਦੇ ਸਹਾਰੇ ਬੱਸ ਦੇ ਗੇਟ ਨਾਲ ਲਟਕ ਗਿਆ। ਆਖ਼ਰ ਅੰਦਰੋਂ ਇੱਕ ਅਜਿਹਾ ਧੱਕਾ ਲੱਗਾ ਕਿ ਬੁੱਢੇ ਦੀ ਪਕੜ ਕਮਜ਼ੋਰ ਪੈ ਗਈ। ਉਸਦਾ ਹੱਥ ਛੁਟ ਗਿਆ ਤੇ ਪੈਰ ਉੱਖੜ ਗਿਆ। ਦੂਜੇ ਮੁਸਾਫਰਾਂ ਨੇ ਆਵਾਜ਼ ਲਗਾਈ, “ਓਏ-ਓਏ ਬੱਸ ਰੋਕੋ, ਬੁੱਢਾ ਡਿੱਗ ਪਿਆ।
ਬੱਸ ਰੁਕ ਗਈ। ਲੋਕ ਬੁੱਢੇ ਨੂੰ ਦੇਖਣ ਲੱਗੇ। ਇੱਕ ਨੇ ਕਿਹਾ, “ਓਏ, ਇਹ ਤਾਂ ਮਰ ਗਿਆ!”
ਸਭ ਜਣੇ ਇੱਕ ਆਵਾਜ਼ ਵਿੱਚ ਬੋਲ ਪਏ, “ਹਾਏ ਮਰ ਗਿਆ ਵਿਚਾਰਾ!”
ਸਭ ਦਾ ਵਿਚਾਰ ਸੀ ਕਿ ਉਸ ਨੂੰ ਹਸਪਤਾਲ ਲੈ ਜਾਇਆ ਜਾਵੇ। ਤੇ ਫਿਰ ਬੁੱਢੇ ਨੂੰ ਆਰਾਮ ਨਾਲ ਚੁੱਕਿਆ ਗਿਆ। ਬੱਸ ਦੀ ਇੱਕ ਪੂਰੀ ਸੀਟ ਖਾਲੀ ਕਰ ਦਿੱਤੀ ਗਈ। ਖਾਲੀ ਸੀਟ ਉੱਤੇ ਲਾਸ਼ ਨੂੰ ਬਹੁਤ ਸਤਿਕਾਰ ਨਾਲ ਰੱਖਿਆ ਗਿਆ। ਫਿਰ ਬੱਸ ਤੁਰ ਪਈ।
                                       -0-

No comments: