ਘਨਸ਼ਿਆਮ ਅਗਰਵਾਲ
ਛੋਟੇ ਬੱਚਿਆਂ ਦਾ ਪਿਆਰਾ ਖਿਡੌਣਾ ਗੁਬਾਰਾ ਹੁੰਦਾ ਹੈ। ਉਹ ਆਪਣੇ ਵਰਗੇ
ਹੀ ਗੋਲ ਮਟੋਲ ਗੁਬਾਰੇ ਨੂੰ ਛੂਹੰਦਾ ਹੈ ਤਾਂ ਇਓਂ ਖੁਸ਼ ਹੁੰਦਾ ਹੈ, ਜਿਵੇਂ ਦੋਸਤ ਨਾਲ ਹੱਥ
ਮਿਲਾਇਆ ਹੋਵੇ। ਗੁਬਾਰੇ ਦੇ ਨਾਲ ਉਹਦੀਆਂ ਅੱਖਾਂ ਵਿਚ ਹੈਰਾਨੀ, ਚਮਕ, ਚਹਿਕ ਤੇ ਮੁਸਕਾਨ ਫੈਲਣ
ਲਗਦੀ ਹੈ। ਗੁਬਾਰਾ ਮਿਲਦੇ ਹੀ ਉਹਦੇ ਰੋਮ ਰੋਮ ਵਿੱਚੋਂ ‘ਥੈਂਕ ਯੂ!’ ਝਰਨ ਲਗਦਾ ਹੈ। ਤਦ ਉਹ ਬੜਾ
ਪਿਆਰਾ, ਮਿੱਠਾ ਤੇ ਚੰਗਾ ਚੰਗਾ ਲੱਗਣ ਲੱਗਦਾ ਹੈ। ਇਸੇ ਚਾਅ ਨਾਲ ਮੇਰੀ ਜੇਬ ਵਿਚ ਪੰਜ-ਸੱਤ
ਗੁਬਾਰੇ ਪਏ ਹੀ ਰਹਿੰਦੇ ਹਨ। ਘਰ, ਗੁਆਂਢ ਜਾਂ ਜਾਣ-ਪਛਾਣ ਦਾ ਕੋਈ ਬੱਚਾ ਜਦੋਂ ਕੋਲ ਆਉਂਦਾ ਹੈ
ਤਾਂ ਮੈਂ ਉਸਨੂੰ ਗੁਬਾਰਾ ਦਿੰਦਾ ਹਾਂ। ਗੁਬਾਰਾ ਫੁਲਾਉਣ, ਧਾਗਾ ਬੰਨ੍ਹਣ ਤੇ ਉਸਨੂੰ ਦੇਣ ਤੱਕ ਇਕ
ਮਿੰਟ ਦੀ ਇਹ ਬਚਕਾਨੀ ਦੋਸਤੀ ਕੁਝ ਕੁਝ ਮੇਰੀ ਆਦਤ ਵਿਚ ਸ਼ੁਮਾਰ ਹੋ ਗਈ ਹੈ।
ਕਦੇ ਕਦੇ ਮੈਂ ਘਰ ਦੇ ਬੱਚੇ ਨਾਲ ਇਕ ਖੇਡ ਖੇਡਦਾ ਹਾਂ। ਟਾਫੀ ਅਤੇ
ਗੁਬਾਰਾ ਦੋਨੋਂ ਵਿਖਾਉਂਦੇ ਹੋਏ, ਪਹਿਲਾਂ ਉਸਨੂੰ ਲਲਚਾਉਂਦਾ ਹਾਂ। ਉਹ ਹੱਥ ਅੱਗੇ ਵਧਾਉਂਦਾ ਹੈ
ਤਾਂ ਮੈਂ ਆਪਣਾ ਹੱਥ ਪਿੱਛੇ ਖਿੱਚ ਕੇ ਕਹਿੰਦਾ ਹਾਂ, “ਨਹੀਂ, ਕੋਈ ਇਕ। ਗੁਬਾਰਾ ਜਾਂ ਟਾਫੀ!” ਬੱਚਾ ਦੁਚਿੱਤੀ ਵਿਚ
ਪੈ ਜਾਂਦਾ ਹੈ। ਟਾਫੀ ਦੀ ਮਿਠਾਸ ਤੇ ਗੁਬਾਰੇ ਦੀ ਛੂਹ, ਉਹ ਦੋਹਾਂ ਵਿਚ ਉਲਝ ਜਾਂਦਾ ਹੈ। ਕਦੇ
ਇੱਧਰ ਹੱਥ ਵਧਾਉਂਦਾ ਹੈ, ਕਦੇ ਉੱਧਰ। ਰੋਣਹੱਕੇ ਹੋਣ ਦੀ ਹੱਦ ਤੱਕ ਉਸਨੂੰ ਤਰਸਾਉਂਦੇ ਹੋਏ, ਅੰਤ
ਵਿਚ ਟਾਫੀ ਅਤੇ ਗੁਬਾਰਾ ਦੋਨੋਂ ਉਸਨੂੰ ਦੇ ਦਿੰਦਾ ਹਾਂ। ਇਸ ਦੂਹਰੀ ਖੁਸ਼ੀ ਨਾਲ ਉਹ ਚੌਗਣਾ ਚਹਿਕਦਾ
ਹੈ। ਉਹਦੀ ਚਹਿਕ ਓਵਰ-ਫਲੋ ਹੋ ਕੇ ਵਗਣ ਲਗਦੀ ਹੈ। ਆਪਣੇ ਮਜ਼ੇ ਲਈ ਉਹਨੂੰ ਇੰਨੀ ਦੇਰ ਤਰਸਾਇਆ, ਇਸ
ਮਾਸੂਮ-ਜਿਹੇ ਅਪਰਾਧ ਬੋਧ ਨੂੰ ਦੂਰ ਕਰਨ ਲਈ ਮੈਂ ਬੱਚੇ ਨੂੰ ਚੁੰਮ ਲੈਂਦਾ ਹਾਂ।
ਉਸ ਦਿਨ ਦੋ-ਢਾਈ ਸਾਲ ਦਾ ਕਾਲੇ ਗੁਬਾਰੇ ਵਰਗਾ ਭਿਖਾਰੀ ਦਾ ਬੱਚਾ
ਦਰਵਾਜੇ ਅੱਗੇ ਹੱਥ ਫੈਲਾਈ ਖੜਾ ਸੀ। ਭਿਖਾਰੀ ਦਾ ਬੱਚਾ ਤੁਰਨਾ ਸਿੱਖਦੇ ਹੀ ਕਮਾਉਣਾ ਸਿੱਖ ਜਾਂਦਾ
ਹੈ। ਮੈਨੂੰ ਤਰਸ ਆਇਆ। ਉਸਨੂੰ ਇਕ ਰੁਪਿਆ ਦੇਣ ਲਈ ਜੇਬ ਵਿਚ ਹੱਥ ਪਾਇਆ ਤਾਂ ਮੇਰਾ ਹੱਥ ਜੇਬ ਵਿਚ
ਪਏ ਗੁਬਾਰੇ ਉੱਤੇ ਪਿਆ। ਸੋਚਿਆ, ਇਹ ਬੱਚਾ ਕਦੇ ਗੁਬਾਰੇ ਨਾਲ ਨਹੀਂ ਖੇਡਿਆ ਹੋਵੇਗਾ। ਇਹਦੇ ਹੱਥ
ਵਿਚ ਪੈਸੇ ਤੇ ਰੋਟੀ ਕਈ ਵਾਰ ਆਏ ਹੋਣਗੇ, ਪਰ ਗੁਬਾਰਾ ਭਲਾ ਕੌਣ ਭੀਖ ਵਿਚ ਦਿੰਦਾ ਹੈ! ਅੱਜ ਅਚਾਨਕ
ਗੁਬਾਰਾ ਲੈ ਕੇ ਉਹ ਕਿੰਨਾ ਖੁਸ਼ ਹੋਵੇਗਾ! ਦੂਜੇ ਬੱਚਿਆਂ ਦੀ ਤਰ੍ਹਾਂ ਉਹਦੀਆਂ ਅੱਖਾਂ ਵੀ ਹੈਰਾਨੀ,
ਚਮਕ, ਚਹਿਕ ਤੇ ਮੁਸਕਾਨ ਨਾਲ ਫੈਲ ਜਾਣਗੀਆਂ। ਇੱਧਰ ਉੱਧਰ ਵੇਖਿਆ, ਕੋਈ ਨਹੀਂ ਸੀ। ਉਸਨੂੰ ਦੁਗਣੀ ਖੁਸ਼ੀ ਦੇਣ ਦੇ ਖਿਆਲ ਨਾਲ ਮੈਂ
ਇਕ ਹੱਥ ਵਿਚ ਰੁਪਿਆ ਤੇ ਦੂਜੇ ਹੱਥ ਵਿਚ ਗੁਬਾਰਾ ਲਿਆ ਤੇ ਕਿਹਾ, “ਕੋਈ ਵੀ ਇਕ ਲੈ ਲੈ, ਗੁਬਾਰਾ ਜਾਂ ਰੁਪਿਆ।”
ਗੁਬਾਰੇ ਨੂੰ ਇੰਨਾ ਨੇੜਿਓਂ ਵੇਖ ਕੇ ਉਹ ਰੋਮਾਂਚਿਤ ਹੋਈ ਜਾ ਰਿਹਾ ਸੀ,
ਪਰ ਉਸਦੀ ਤਲੀ ਨੂੰ ਰੁਪਏ ਦੀ ਆਦਤ ਸੀ। ਇਕ ਪਾਸੇ ਉਸਦਾ ਜੀਵਨ ਸੀ, ਦੂਜੇ ਪਾਸੇ ਉਸਦਾ ਸੁਫਨਾ। ਉਹ
ਚੋਣ ਨਹੀਂ ਕਰ ਸਕਿਆ। ਕਦੇ ਇਸ ਹੱਥ ਵੱਲ ਤੇ ਕਦੇ ਉਸ ਹੱਥ ਵੱਲ ਵੇਖਦਾ ਰਿਹਾ। ਘਰ ਦੇ ਬੱਚੇ ਦੀ
ਤਰ੍ਹਾਂ ਉਹ ਰੋਣਹੱਕਾ ਤਾਂ ਨਹੀਂ ਹੋ ਸਕਦਾ ਸੀ। ਉਸਦਾ ਹੱਥ ਕਿਸੇ ਪਾਸੇ ਵਧਿਆ ਨਹੀਂ, ਫੈਲਿਆ ਹੀ
ਰਹਿ ਗਿਆ। ਕੁਝ ਦੇਰ ਤਰਸਾਉਣ ਮਗਰੋਂ ਆਖਰ ਮੈਂ ਰੁਪਿਆ ਤੇ ਗੁਬਾਰਾ ਦੋਨੋਂ ਉਸ ਨੂੰ ਦੇ ਦਿੱਤੇ।
ਸੋਚਿਆ, ਉਹ ਵੀ ਚੌਗਣਾ ਚਹਿਕ ਕੇ ਓਵਰ-ਫਲੋ ਹੋ ਕੇ ਵਗਣ ਲੱਗੇਗਾ। ਜਿਵੇਂ ਇਕ ਹੱਥ ਵਿਚ ਰੋਟੀ ਅਤੇ
ਇਕ ਹੱਥ ਵਿਚ ਸੁਫਨਾ ਲੈਕੇ ਉਸਨੇ ਦੁਨੀਆਂ ਮੁੱਠੀ ਵਿਚ ਕਰ ਲਈ ਹੋਵੇ।
ਪਰ ਉਹਦੀਆਂ ਅੱਖਾਂ ਵਿਚ ਕੋਈ ਚਮਕ ਨਹੀਂ ਸੀ। ਉਹ ਚੁਪਚਾਪ ਰੁਪਿਆ ਤੇ
ਗੁਬਾਰਾ ਲੈ ਅਜੀਬ ਜਿਹੀਆਂ ਨਜ਼ਰਾਂ ਨਾਲ ਵੇਖਦਿਆਂ ਮੇਰੇ ਉੱਤੇ ਇਕ ਮਾਸੂਮ ਜਿਹਾ ਇਲਜ਼ਾਮ ਲਾ ਕੇ
ਚਲਾ ਗਿਆ, “ਜੇ ਦੋਨੋਂ ਹੀ ਦੇਣੇ ਸਨ ਤਾਂ ਫੇਰ ਏਨੀ ਦੇਰ ਤਰਸਾਇਆ ਕਿਉਂ? ਤੇ ਜਦੋਂ
ਤਰਸਾਇਆ ਹੀ ਸੀ ਤਾਂ ਫੇਰ ਮੈਨੂੰ ਚੁੰਮਿਆ ਕਿਉਂ ਨਹੀਂ ਆਪਣੇ ਬੱਚੇ ਦੀ ਤਰ੍ਹਾਂ?”
-0-