ਰਾਮੇਸ਼ਵਰ
ਕੰਬੋਜ ਹਿਮਾਂਸ਼ੂ
ਬਾਪੂ ਦੇ
ਅਚਾਨਕ ਆ ਜਾਣ ਕਾਰਨ ਘਰਵਾਲੀ ਸੜ-ਭੁਜ ਗਈ, ‘ਲਗਦੈ ਬੁੱਢੇ ਨੂੰ ਪੈਸਿਆਂ ਦੀ ਲੋੜ ਆ ਪਈ ਐ, ਨਹੀਂ ਤਾਂ
ਕਿਹੜਾ ਆਉਣ ਵਾਲਾ ਸੀ । ਆਪਣੇ ਢਿੱਡ ਦਾ ਟੋਆ ਤਾਂ ਭਰਦਾ ਨਹੀਂ, ਘਰਦਿਆਂ ਦਾ ਖੂਹ ਕਿੱਥੋਂ ਭਰਾਂਗੇ
?’
ਮੈਂ ਨਜ਼ਰਾਂ
ਚੁਰਾ ਕੇ ਦੂਜੇ ਪਾਸੇ ਵੇਖਣ ਲੱਗੈ । ਬਾਪੂ ਨਲਕੇ ਤੋਂ ਹੱਥ-ਮੂੰਹ ਧੋ ਕੇ ਰਾਹ ਦੀ ਥਕਾਵਟ ਦੂਰ ਕਰ
ਰਿਹਾ ਸੀ । ਇਸ ਵਾਰ ਮੇਰਾ ਹੱਥ ਕੁਝ ਜ਼ਿਆਦਾ ਹੀ ਤੰਗ ਹੋ ਗਿਆ ਸੀ । ਵੱਡੇ ਮੁੰਡੇ ਨੂੰ ਬੂਟ
ਚਾਹੀਦੇ ਹਨ । ਉਹ ਸਕੂਲ ਜਾਣ ਲੱਗਾ ਰੋਜ਼ ਬੁੜਬੁੜ ਕਰਦਾ ਹੈ । ਘਰਵਾਲੀ ਦੇ ਇਲਾਜ ਲਈ ਪੂਰੀ ਦਵਾਈ
ਨਹੀਂ ਖਰੀਦੀ ਜਾ ਸਕੀ । ਬਾਪੂ ਨੇ ਵੀ ਹੁਣ ਹੀ ਆਉਣਾ ਸੀ ।
ਘਰ ਵਿਚ ਭਾਰੀ
ਚੁੱਪ ਪਸਰੀ ਹੋਈ ਸੀ । ਰੋਟੀ ਖਾਣ ਮਗਰੋਂ ਬਾਪੂ ਨੇ ਮੈਨੂੰ ਕੋਲ ਬੈਠਣ ਦਾ ਇਸ਼ਾਰਾ ਕੀਤਾ । ਮੈਨੂੰ
ਸ਼ੱਕ ਸੀ ਕਿ ਕੋਈ ਪੈਸਿਆਂ ਦਾ ਮਸਲਾ ਲੈ ਕੇ ਆਇਆ ਹੋਵੇਗੈ । ਬਾਪੂ ਕੁਰਸੀ ਤੇ ਢੋਅ ਲਾ ਕੇ ਬੈਠ
ਗਿਆ, ਬਿਲਕੁਲ ਬੇਫ਼ਿਕਰ ।
“ਸੁਣ,” ਕਹਿਕੇ ਉਸਨੇ ਮੇਰਾ ਘਿਆਨ ਆਪਣੇ ਵੱਲ ਖਿੱਚਿਆ । ਮੈਂ ਸਾਹ ਰੋਕ ਕੇ ਉਸ ਵੱਲ ਵੇਖਣ ਲੱਗਾ
। ਨਸ-ਨਸ ਕੰਨ ਬਣ ਕੇ ਅਗਲਾ ਵਾਕ ਸੁਣਨ ਲਈ ਚੌਕਸ ਸੀ ।
ਬਾਪੂ ਬੋਲਿਆ, “ਖੇਤੀ
ਦੇ ਕੰਮ ਵਿਚ ਬਿਲਕੁਲ ਵਿਹਲ ਨਹੀਂ ਮਿਲਦੀ । ਇਸ ਵੇਲੇ ਕੰਮ ਦਾ ਜ਼ੋਰ ਹੈ…ਰਾਤ ਦੀ ਗੱਡੀਓਂ ਈ
ਵਾਪਸ ਜਾਊਂਗਾ । ਤਿੰਨ ਮਹੀਨਿਆਂ ਤੋਂ ਤੇਰੀ ਕੋਈ
ਚਿੱਠੀ ਨਹੀਂ ਆਈ । ਜਦੋਂ ਤੂੰ ਪਰੇਸ਼ਾਨ ਹੁਨੈਂ, ਤਦ ਈ ਇੰਜ ਕਰਦੈਂ ।”
ਬਾਪੂ ਨੇ ਜੇਬ
ਵਿੱਚੋਂ ਸੌ-ਸੌ ਦੇ ਦਸ ਨੋਟ ਕੱਢ ਕੇ ਮੇਰੇ ਵੱਲ
ਕੀਤੇ, “ ਰੱਖ ਲੈ । ਤੇਰੇ ਕੰਮ ਆ ਜਾਣਗੇ । ਝੋਨਾ ਚੰਗਾ ਹੋ ਗਿਆ ਸੀ । ਘਰੇ ਕੋਈ ਦਿੱਕਤ ਨਹੀਂ ਹੈ
। ਤੂੰ ਬੜਾ ਕਮਜ਼ੋਰ ਲੱਗ ਰਿਹੈਂ । ਚੱਜ ਨਾਲ ਖਾਇਆ ਕਰ । ਵਹੁਟੀ ਦਾ ਵੀ ਖਿਆਲ ਰੱਖ ।”
ਮੈਂ ਕੁਝ ਨਾ
ਬੋਲ ਸਕਿਆ । ਸ਼ਬਦ ਜਿਵੇਂ ਸੰਘ ਵਿਚ ਹੀ ਫਸ ਗਏ ਹੋਣ । ਮੈਂ ਕੁਝ ਕਹਿੰਦਾ, ਇਸ ਤੋਂ ਪਹਿਲਾਂ ਹੀ
ਬਾਪੂ ਨੇ ਪਿਆਰ ਨਾਲ ਝਿੜਕਿਆ, “ ਲੈ ਲੈ ! ਬਹੁਤ ਵੱਡਾ ਹੋ ਗਿਐਂ ਕੀ ?”
“ ਨਹੀਂ ਤਾਂ,”
ਮੈਂ ਹੱਥ ਵਧਾਇਆ । ਬਾਪੂ ਨੇ ਰੁਪਏ ਮੇਰੀ ਤਲੀ ਉੱਤੇ ਰੱਖ ਦਿੱਤੇ । ਵਰ੍ਹਿਆਂ ਪਹਿਲਾਂ ਬਾਪੂ
ਮੈਨੂੰ ਸਕੂਲ ਭੇਜਣ ਲਈ ਇਸੇ ਤਰ੍ਹਾਂ ਤਲੀ ਉੱਤੇ
ਧੇਲੀ ਰੱਖ ਦਿਆ ਕਰਦਾ ਸੀ । ਪਰ ਉਸ ਵੇਲੇ ਮੇਰੀਆਂ ਨਜ਼ਰਾਂ ਅੱਜ ਵਾਂਗ ਨੀਵੀਆਂ ਨਹੀਂ ਹੁੰਦੀਆਂ ਸਨ
।
-0-
No comments:
Post a Comment