ਬਲਰਾਮ ਅਗਰਵਾਲ
ਮਿਸੇਜ ਆਹਲੂਵਾਲੀਆ। ਚੁਤਾਲੀ-ਪੰਜਤਾਲੀ ਸਾਲ ਦੀ ਬੇਹੱਦ
ਖੂਬਸੂਰਤ ਔਰਤ। ਲਗਭਗ ਪੱਚੀ ਸਾਲ ਪਹਿਲਾਂ ਇਸੇ ਦਫ਼ਤਰ ਵਿੱਚ ਕੰਮ ਕਰਦੀ ਸੀ। ਵਿਆਹ ਤੋਂ ਬਾਦ
ਅੰਮ੍ਰਿਤਸਰ ਚਲੀ ਗਈ। ਕੁਝ ਮਹੀਨੇ ਪਹਿਲਾਂ ਤਰੱਕੀ ਉਪਰੰਤ ਬਤੌਰ ਸੈਕਸ਼ਨ ਅਫਸਰ ਵਾਪਸ ਆਈ ਹੈ। ਕੁਝ
ਪੁਰਾਣੀ ਜਾਣਪਛਾਣ, ਕੁਝ ਇਹ ਕਿ ਮੈਂ ਵੀ ਸੈਕਸ਼ਨ ਅਫਸਰ ਬਣ ਚੁੱਕਾ ਹਾਂ, ਆਪਣਾ ਕੇਬਿਨ ਛੱਡ ਕੇ ਉਹ
ਕਦੇ-ਕਦਾਈਂ ਸਾਹਮਣੇ ਵਾਲੀ ਕੁਰਸੀ ਉੱਤੇ ਮੇਰੇ ਕੇਬਿਨ ਵਿੱਚ ਆ ਕੇ ਬੈਠਣ ਲੱਗੀ।
“ਹਫ਼ਤੇ ’ਚ ਕਿੰਨੀ ਵਾਰ ਹੱਸ ਲੈਂਦੇ ਓ ਗਿਰੀਸ਼?” ਇੱਕ
ਦਿਨ ਆਈ ਤਾਂ ਕੁਰਸੀ ਉੱਪਰ ਬੈਠਦਿਆਂ ਹੀ ਉਸਨੇ ਪੁੱਛਿਆ। ਸੁਣਕੇ ਥੋੜੀ ਹੈਰਾਨੀ ਹੋਈ। ਲੱਗਾ ਕਿ
ਉਸਦੇ ਆ ਬੈਠਣ ਤੋਂ ਬਾਦ ਵੀ ਫਾਈਲਾਂ ਵਿੱਚ ਉਲਝਿਆ ਰਹਿੰਦਾ ਹਾਂ, ਇਸਲਈ ਤਾਹਨਾ ਮਾਰ ਰਹੀ ਹੈ।
“ਸੌਰੀ!” ਹੱਥਲੀ
ਫਾਈਲ ਨੂੰ ਮੇਜ ਉੱਤੇ ਇੱਕ ਪਾਸੇ ਰੱਖਦਿਆਂ ਮੈਂ ਮੁਸਕਰਾਇਆ, “ਆਫਿਸ ਦਾ ਹਾਲ ਤੁਸੀਂ ਦੇਖ ਹੀ ਰਹੇ
ਓ, ਸਿਰ ਖੁਰਕਣ ਤੱਕ ਦੀ ਵਿਹਲ ਨਹੀਂ ਮਿਲਦੀ। ਹਾਂ ਘਰ ਜਾ ਕੇ ਮੈਂ ਆਫਿਸ ਨੂੰ ਯਾਦ ਨਹੀਂ ਰੱਖਦਾ।
ਬੀਵੀ-ਬੱਚਿਆਂ ਨਾਲ ਘੁਲਮਿਲ ਜਾਂਦਾ ਹਾਂ…ਹੱਸਦਾ ਨਹੀਂ, ਖਿਲਖਿਲਾਉਂਦਾ ਹਾਂ…ਠਹਾਕੇ ਲਾਉਂਦਾ ਹਾਂ.”
“ਬਹੁਤ ਸੁਖੀ ਐ
ਤੁਹਾਡੀ ਮੈਡਮ।” ਡੂੰਘਾ ਸਾਹ ਲੈ ਕੇ ਉਸਨੇ ਕਿਹਾ, “ਸਾਡੇ ਸਾਬ੍ਹ ਤਾਂ ਮਹੀਨੇ-ਦੋ ਮਹੀਨੇ ’ਚ ਕਦੇ
ਈ ਹੱਸਦੇ ਨੇ। ਹੱਸਦੇ ਕੀ, ਛਿਣ ਭਰ ਲਈ ਮੁਸਕਰਾਉਂਦੇ ਭਰ ਨੇ ਤੇ ਸੌਂ ਜਾਂਦੇ ਨੇ, ਕਰਵਟ ਲੈ ਕੇ…।”
ਇੱਕ ਝਟਕੇ ਵਿੱਚ
ਉਗਲ ਦਿੱਤੇ ਗਏ ਇਹਨਾਂ ਸ਼ਬਦਾਂ ਨੂੰ ਸੁਣਦੇ ਹੀ ਅਚੰਭੇ ਨਾਲ ਮੇਰਾ ਮੂੰਹ ਖੁੱਲ੍ਹਾ ਰਹਿ ਗਿਆ ਸੀ।
ਕੁਝ ਵੀ ਨਹੀਂ ਕਹਿ ਸਕਿਆ। ਜਬਾਨ ਨੂੰ ਲਕਵਾ ਮਾਰ ਗਿਆ ਹੋਵੇ ਜਿਵੇਂ । ਉਸਦੇ ਵੱਲ ਦੇਖਦਾ ਰਹਿ
ਗਿਆ।
“ਮਨ ਦੇ ਤਾਰਾਂ
ਵਿੱਚ ਝਣਕਾਰ ਪੈਦਾ ਕਰਨ ਵਾਲੀਆਂ ਮੇਰੀਆਂ ਗੱਲਾਂ ਵਾਹੀਯਾਤ ਲਗਦੀਆਂ ਨੇ ਉਨ੍ਹਾਂ ਨੂੰ। ਇਹ ਸਭ
ਝੱਲਦੇ-ਝੱਲਦੇ ਅੰਦਰ ਦਾ ਸਾਜ ਬੇਆਵਾਜ਼ ਹੋ ਗਿਆ ਹੈ।” ਕਹਿੰਦੇ ਹੋਏ ਮੋਟੇ ਮੋਟੇ ਦੋ ਹੰਝੂ ਉਹਦੀਆਂ
ਅੱਖਾਂ ਵਿੱਚੋਂ ਟਪਕ ਪਏ। ਪਰੰਤੂ ਮੈਨੂੰ ਹੱਕਾ ਬੱਕਾ ਦੇਖ ਉਹ ਸੰਕੋਚ ਨਾਲ ਸਿਮਟ ਜਿਹੀ ਗਈ ਸੀ। ਦੋ
ਪਲ ਬਾਦ ਹੀ ਉਹ ਹੌਲੇ ਜਿਹੇ ਬੋਲੀ, “ਮੇਰੀਆਂ ਗੱਲਾਂ ਦਾ ਗਲਤ ਮਤਲਬ ਨਾ ਲਾ ਲੈਣਾ ਗਿਰੀਸ਼। ਦੁਖੀ
ਮਨ ਪਾਣੀ ਦੀ ਤਰ੍ਹਾਂ ਆਪਣਾ ਤਲ ਤਲਾਸ਼ਣ ਦੀ ਕੋਸ਼ਿਸ਼ ਕਰਦਾ ਹੈ। ਲੰਮੇਂ ਸਮੇਂ ਤੋਂ ਤੁਹਾਡੀ ਗੰਭੀਰਤਾ
ਤੋ ਜਾਣੂੰ ਆਂ, ਇਸਲਈ…ਇਸਲਈ ਕਹਿ ਬੈਠੀ ਅੱਜ।”
ਉਹਦੀ ਪੀੜ ਨੂੰ
ਆਪਣੇ ਤੱਕ ਰੱਖਣ ਦਾ ਢਾਰਸ ਬਨ੍ਹਾਉਣ ਹਿਤ ਮੈਂ ਆਪਣੀ ਸੱਜੀ ਹਥੇਲੀ ਨੂੰ ਮੇਜ ਉੱਤੇ ਰੱਖੇ ਉਸਦੇ
ਹੱਥ ਉੱਪਰ ਰੱਖ ਦਿੱਤਾ। ਉਸੇ ਛਿਣ ਮੇਰੇ ਹੱਥ ਉੱਤੇ ਸਿਰ ਰੱਖ ਕੇ ਉਹ ਬੇਰੋਕ ਡੁਸਕ ਪਈ। ਕਾਫੀ ਦੇਰ
ਤੱਕ ਮੈਂ ਬੁੱਤ ਬਣਿਆ ਉਸਨੂੰ ਡੁਸਕਦਾ-ਸਿਸਕਦਾ ਦੇਖਦਾ ਰਿਹਾ। ਆਪਣਾ ਹੱਥ ਉਸਦੇ ਚਿਹਰੇ ਅਤੇ ਹੱਥ
ਵਿੱਚਕਾਰੋਂ ਖਿੱਚ ਲੈਣ ਦੀ ਹਿੰਮਤ ਨਹੀਂ ਜੁਟਾ ਸਕਿਆ।
-0-
No comments:
Post a Comment