ਪੰਪੋਸ਼
ਕੁਮਾਰ
ਚੁਲਬੁਲੀ ਨੂੰ ਖੇਡਣ ਜਾਣ ਦੀ ਕਾਹਲ ਸੀ। ਸਕੂਲ ਤੋਂ ਛੇਤੀ ਘਰ ਜਾਣ ਦੀ
ਕੋਸ਼ਿਸ਼ ਵਿਚ ਸੀ। ਆਖਰੀ ਪੀਰੀਅਡ ਦੇ ਆਖਰੀ ਪਲ ਸਨ। ਉਹ ਘਾਤ ਲਾਈ ਬੈਠੀ ਸੀ ਕਿ ਕਦੋਂ ਸੁਣਾਈ ਦੇਵੇ ਛੁੱਟੀ
ਦੀ ਘੰਟੀ ਦੀ ਮਧੁਰ ਅਵਾਜ਼, ਜਿਵੇਂ ਕਿ ਉਹਦੀ ਮਾਂ ਲਈ ਮੰਦਰ ਦਾ ਘੰਟਾ। ਤਦੇ ਉਸਦੇ ਸੁਫਨਿਆਂ ਉੱਤੇ
ਬਿਜਲੀ ਡਿੱਗ ਪਈ। ਵੱਡੀ ਮੈਡਮ ਆਈ ਤੇ ਬੋਲੀ, “ਕੱਲ ਬੱਚੇ ਮੰਤਰੀ ਜੀ ਦੇ ਸੁਆਗਤ ਲਈ ਜਾਣਗੇ।”
“ਉੱਥੇ ਕੀ ਹੋਵੇਗਾ?” ਚੁਲਬੁਲੀ ਨੇ ਝੱਟ ਪੁੱਛਿਆ। ਉਹਨੇ ਮਨ ਵਿਚ ਸੋਚਿਆ–ਕੀ ਪਤਾ ਕੱਲ ਕਿੰਨਾ ਜ਼ਿਆਦਾ ਖੇਡਣ ਨੂੰ ਮਿਲੇ।
ਉੱਤਰ ਮਿਲਿਆ, “ਮੰਤਰੀ ਜੀ ਤੁਹਾਨੂੰ ਸਭ ਨੂੰ ਪੁੱਛਣਗੇ ਕਿ ਤੁਸੀਂ ਦੇਸ਼ ਨੂੰ ਦੁਨੀਆਂ ਦੀ ਸੁਪਰ ਪਾਵਰ ਕਿਵੇਂ
ਬਣਾਉਗੇ? ਫਿਰ ਕਹਿਣਗੇ ਕਿ ਸਹੁੰ ਚੁੱਕੋ ਕਿ ਤੁਸੀਂ ਇਸ ਦੇਸ਼ ਨੂੰ
ਸਾਰੇ ਦੁੱਖ-ਤਕਲੀਫਾਂ ਤੋਂ ਮੁਕਤ ਕਰਾਉਣ ਦਾ ਸੰਕਲਪ ਲੈਂਦੇ ਹੋ। ਤੁਸੀਂ ਸਿਰਜਕ ਬਣੋਗੇ। ਤੁਸੀਂ
ਬੱਚੇ ਹੀ ਸਾਡੀ ਆਸ਼ਾ ਹੋ।”
ਚੁਲਬੁਲੀ ਸੋਚ ਵਿਚ ਪੈ ਗਈ– ਕੀ ਸਿਰਫ ਬੱਚੇ ਹੀ ਇਨ੍ਹਾਂ ਭਾਰੀ
ਕੰਮਾਂ ਲਈ ਹਨ? ਜ਼ਰੂਰ ਇਹ ਵੱਡੇ ਆਦਮੀ ਸਾਨੂੰ ਅਜਿਹੇ ਕੰਮਾਂ ਵਿਚ ਫਸਾ ਕੇ
ਆਪ ਖੂਬ ਖੇਡਣਗੇ। ਉਹ ਫਿਰ ਪੁੱਛ ਬੈਠੀ, “ਕੀ ਇਹ ਮੰਤਰੀ ਜੀ ਖੇਡਣ ਨੂੰ ਤਰਸ ਰਹੇ ਹਨ ਜਾਂ ਫਿਰ ਬਚਪਣ ਤੋਂ ਹੁਣ ਤਕ…?”
ਵੱਡੀ ਮੈਡਮ ਦੀਆਂ ਘੂਰਦੀਆਂ ਅੱਖਾਂ ਦੇਖ ਕੇ ਘਬਰਾ ਗਈ ਚੁਲਬੁਲੀ–ਤਾਂ ਕੀ ਵੱਡੀ ਮੈਡਮ ਵੀ ਉਵੇਂ ਹੀ…?
-0-