ਕਮਲੇਸ਼
ਭੱਟ ਕਮਲ
ਇਕ ਉੱਚ ਮੱਧ-ਵਰਗੀ ਜੋੜਾ ਆਪਣੇ ਦੋ ਬੱਚਿਆਂ ਨਾਲ ਟ੍ਰੇਨ ਵਿਚ ਸਫਰ ਕਰ
ਰਿਹਾ ਸੀ। ਪੰਜ ਤੇ ਸੱਤ ਸਾਲ ਦੇ ਦੋ ਬੱਚਿਆਂ ਦੀ ਸੰਭਾਲ ਲਈ ਬਾਰਾਂ-ਤੇਰ੍ਹਾਂ ਸਾਲ ਦੀ ਇਕ
ਨੌਕਰਾਨੀ ਗੁੱਡੀ ਵੀ ਉਹਨਾਂ ਨਾਲ ਸੀ।
ਮਈ ਦੇ ਆਖਰੀ ਹਫਤੇ ਦੀ ਗਰਮੀ ਤੇ ਲੂ ਕਾਰਨ ਪਿਆਸੇ ਬੱਚੇ ‘ਪਾਣੀ-ਪਾਣੀ’
ਦੀ ਰੱਟ ਲਾਉਣ ਲੱਗੇ। ਆਦਮੀ ਨੇ ਥਰਮਸ ਚੁੱਕੀ ਤਾਂ ਉਸ ਵਿਚ ਪਾਣੀ ਖਤਮ ਸੀ। ਤਦੇ ਉਧਰੋਂ ‘ਠੰਡਾ’
ਵੇਚਣ ਵਾਲਾ ਲੰਘਿਆ। ਆਦਮੀ ਨੇ ‘ਲਿਮਕਾ’ ਦੀਆਂ ਦੋ ਬੋਤਲਾਂ ਲੈ ਕੇ ਦੋਨਾਂ ਬੱਚਿਆਂ ਨੂੰ ਦੇ
ਦਿੱਤੀਆਂ। ਬੱਚੇ ਖੁਸ਼ੀ-ਖੁਸ਼ੀ ਲਿਮਕਾ ਪੀਣ ਲੱਗੇ ਤਾਂ ਆਦਮੀ ਨੂੰ ਗੁੱਡੀ ਦਾ ਵੀ ਖਿਆਲ ਆਇਆ, “ਕਿਉਂ ਗੁੱਡੀ, ਤੂੰ ਵੀ ਪੀਵੇਂਗੀ?”
ਪਿਆਸੀ ਗੁੱਡੀ ਕੋਈ ਜਵਾਬ ਦਿੰਦੀ, ਇਸ ਤੋਂ ਪਹਿਲਾਂ ਹੀ ਔਰਤ ਬੋਲ ਪਈ, “ਗੁੱਡੀ ਨੂੰ ਇਹ ਸਭ ਚੰਗਾ ਨਹੀਂ ਲਗਦਾ।”
ਠੰਡੇ ਵਾਲਾ ਅੱਗੇ ਵੱਧ ਗਿਆ ਤੇ ਗੁੱਡੀ ਲਲਚਾਈਆਂ ਨਜ਼ਰਾਂ ਨਾਲ ਉਸ ਨੂੰ ਦੇਖਦੀ ਰਹਿ ਗਈ।
ਔਰਤ ਹੁਣ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਕੇ ਬੈਠ ਗਈ। ਤਦ ਤਕ ਬੱਚਿਆਂ ਨੇ ਬੋਤਲਾਂ ਤਿੰਨ-ਚੌਥਾਈ
ਖਾਲੀ ਕਰ ਲਈਆਂ ਸਨ। ਉਹਨਾਂ ਨੇ ਆਪਣੀਆਂ ਬੋਤਲਾਂ ਚੁੱਪਚਾਪ ਗੁੱਡੀ ਨੂੰ ਫੜਾ ਦਿੱਤੀਆਂ।
ਪਿਆਸੀ ਗੁੱਡੀ ਆਪਣੀ ਮਾਲਕਣ ਦੀਆਂ ਨਜ਼ਰਾਂ ਤੋਂ ਬਚ ਕੇ ਛੇਤੀ-ਛੇਤੀ ਬਾਕੀ ਬਚਿਆ ‘ਠੰਡਾ’ ਪੀਣ
ਲੱਗੀ। ਔਰਤ ਆਪਣੇ ਦੋਹਾਂ ਬੱਚਿਆਂ ਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਘੂਰ ਰਹੀ ਸੀ। ਬੱਚੇ ਜਾਣਬੁਝ
ਕੇ ਮਾਂ ਵੱਲੋਂ ਬੇਖਬਰ ਹੋ ਗੁੱਡੀ ਨਾਲ ਚੁਹਲ ਕਰਨ ਲੱਗ ਗਏ ਸਨ।
-0-
No comments:
Post a Comment