ਡਾ.
ਸੀਮਾ ਸ਼ਰਮਾ
“ਮੇਮਸਾਬ! ਗੱਡੀ ਧੋ ਤੀ ਐ, ਹੁਣ ਮੈਨੂੰ ਜਾਣ ਦਿਉ। ਘਰ ’ਚ ਇਕ ਬੂੰਦ ਪਾਣੀ ਵੀ ਨਹੀਂ ਐ। ਬਹੁਤ ਦੂਰੋਂ
ਪੀਣ ਦਾ ਪਾਣੀ ਲਿਆਉਣਾ ਪੈਣੈ।”
“ਤੂੰ ਨਿੱਤ ਈ ਕੋਈ ਨਾ ਕੋਈ ਬਹਾਨਾ ਸੋਚ ਕੇ ਆਉਨੈਂ। ਅਜੇ ਤਾਂ
ਛੱਤ ਧੋਣੀ ਐ, ਸ਼ਾਮ ਨੂੰ ਛੋਟੀ ਜਿਹੀ ਪਾਰਟੀ ਐ।”
ਰਾਮ ਸਿੰਘ ਮੂੰਹ ਵਿਚ ਬੁੜਬੁੜਾਉਂਦਾ ਪਾਈਪ ਲੈ ਕੇ ਛੱਤ ਉੱਪਰ ਚਲਾ ਗਿਆ। ਜਾਂਦਾ ਸੋਚ ਰਿਹਾ
ਸੀ ਕਿ ਪਾਣੀ ਬਿਨਾ ਤਾਂ ਬਿਮਲਾ ਦਾਲ ਵੀ ਨਹੀਂ ਉਬਾਲ ਸਕੂਗੀ, ਉਹ ਤੇ ਬੱਚੇ ਕੀ ਖਾਣਗੇ!
ਛੱਤ ਸਾਫ ਕਰਕੇ ਉਹ ਹੇਠਾਂ ਆ ਹੀ ਰਿਹਾ ਸੀ ਕਿ ਮੇਮ ਸਾਹਬ ਤੇਜ਼ੀ ਨਾਲ ਉੱਤੇ ਚੜ੍ਹ ਗਈ। ਛੱਤ ਦੀ ਸਫਾਈ ਦੇਖ ਕੇ ਉਹ ਖੁਸ਼ ਹੋ ਗਈ। ਰਾਮ ਸਿੰਘ
ਨੇ ਹੌਲੇ ਜਿਹੇ ਪੁੱਛਿਆ, “ਮੇਮਸਾਬ! ਆਪਣੇ ਪੀਣ ਦਾ ਪਾਣੀ ਇੱਥੋਂ ਈ ਭਰ ਕੇ ਲੈ ਜਾਂ, ਉੱਥੇ ਨਲਕਾ
ਬੜੀ ਮੁਸ਼ਕਲ ਨਾਲ ਪਾਣੀ ਦਿੰਦੈ।”
“ਤੁਹਾਡੇ ਲੋਕਾਂ ਦੀ ਇਹੀ ਆਦਤ ਖਰਾਬ ਐ, ਉਂਗਲ ਫੜ ਕੇ ਪਹੁੰਚਾ ਫੜਨਾ ਚਾਹੁੰਦੇ ਓ। ਸੁਣ, ਘਰ ਜਾ ਕੇ ਪਾਣੀ ਭਰ ਆ। ਛੇਤੀ ਆ ਜੀਂ, ਸ਼ਾਮ ਲਈ ਬਜ਼ਾਰੋਂ ਸਮਾਨ ਵੀ
ਲਿਆਉਣੈ।”
ਦੋ ਬਾਲਟੀਆਂ ਪਾਣੀ ਲਈ ਰਾਮ ਸਿੰਘ ਨੂੰ ਦੋ ਕਿਲੋਮੀਟਰ ਜਾਣਾ ਪਵੇਗਾ।
ਮੇਮਸਾਹਬ ਨੇ ਪਾਣੀ ਦਾ ਪਾਈਪ ਲਾਨ ਵਿਚ ਲਾ ਦਿੱਤਾ ਸੀ।
-0-
No comments:
Post a Comment