ਨੀਲਮ ਕੁਲਸ੍ਰੇਸ਼ਠ
ਬੋਨੀ ਦੀ ਅਧਿਆਪਕਾ ਦੀ ਸਕੂਲੋਂ ਆਈ ਸਲਿਪ ਦੇਖਕੇ ਉਹਦੇ ਤਨ-ਬਦਨ ਵਿੱਚ
ਅੱਗ ਲੱਗ ਗਈ। ਉਹ ਹਿਸਟੀਰੀਆ ਦੇ ਮਰੀਜ਼ ਵਾਂਗ ਚੀਕੀ, “ਬੋਨੀ…!”
ਬੋਨੀ ਬਾਲਕਨੀ ਦੇ ਫਰਸ਼ ਉੱਤੇ ਆਪਣੀ ਮਿੰਨੀ ਕਾਰ ਚਲਾ ਰਿਹਾ ਸੀ। ਉਹ ਕਾਰ ਦੇ ਪਹੀਆਂ ਨੂੰ ਇਕ
ਹੱਥ ਨਾਲ ਘੁੰਮਾਉਂਦਾ ਹੋਇਆ ਸਾਹਮਣੇ ਆ ਖੜਾ ਹੋਇਆ। ਮਾਸੂਮ ਸੂਰਤ ਨੂੰ ਸਮਝ ਨਹੀਂ ਆ ਰਹੀ ਸੀ ਕਿ
ਮੰਮੀ ਕਿਉਂ ਚੀਕ ਰਹੀ ਹੈ।
“ਇਹ ਕੀ ਐ?”
ਮੰਮੀ ਦੇ ਹੱਥ ਵਿਚ ਫੜੇ ਕਾਗਜ਼ ਨੂੰ ਦੇਖ ਕੇ ਉਹ ਭੋਲੇਪਣ ਨਾਲ ਬੋਲਿਆ, “ਮੈਡਮ ਦਾ ਲੈਟਰ, ਮੈਂ ਹੀ ਤਾਂ ਤੁਹਾਨੂੰ ਦਿੱਤਾ ਸੀ।”
“ਇਸ ’ਚ ਤੇਰੀ ਸ਼ਿਕਾਇਤ ਐ।” ਕਦੇ ਨਾ ਮਾਰਨ ਵਾਲਾ ਹੱਥ ਅਚਾਨਕ ਬੋਨੀ ਦੀ ਗੱਲ੍ਹ ਉੱਤੇ ਥੱਪੜ
ਮਾਰ ਬੈਠਾ। ਉਸ ਥੱਪੜ ਨੂੰ ਤਾਂ ਬੋਨੀ ਇਕ ਨਾਸਮਝ ਦੀ ਤਰ੍ਹਾਂ ਹਜ਼ਮ ਕਰ ਗਿਆ, ਪਰ ਉਹਦੀਆਂ ਅੱਖਾਂ
ਪੀੜ ਨਾਲ ਬਿਲਬਿਲਾ ਕੇ ਭਿੱਜ ਗਈਆਂ।
“ਤੂੰ ਕਲਾਸ ’ਚ ਨੀਰਵ ਦੇ ਕੋਲ ਬੈਠਦਾ ਹੈਂ? ਤੂੰ ਉਸ ਕੋਲ ਕੋਈ ਖਿਡੌਣਾ ਦੇਖਿਆ ਸੀ?”
“ਹਾਂ।” ਮਾਸੂਮ ਬੋਨੀ ਥੱਪੜ ਦੀ ਮਾਰ ਨੂੰ ਛਿਣ ਭਰ ਲਈ ਭੁੱਲ ਕੇ ਖਿੜ ਗਿਆ। ਉਹਦੀਆਂ ਅੱਖਾਂ ਵਿਚ ਚਮਕ
ਆ ਗਈ, “ਹਾਂ ਮੰਮੀ! ਏਨਾ ਵੱਡਾ ਰੋਬੋਟ ਸੀ। ਉਹਦਾ ਬਟਨ ਦੱਬਦੇ ਈ ਉਹਦੀਆਂ ਅੱਖਾਂ
’ਚੋਂ ਰੈੱਡ ਲਾਈਟ ਨਿਕਲਦੀ ਸੀ। ਉਹ ਖਟ-ਖਟ ਚੱਲਣ ਲਗਦਾ ਸੀ।” ਬੋਨੀ ਮਸ਼ੀਨ ਦੀ ਤਰ੍ਹਾਂ ਤਨ ਕੇ ਠੁਮਕ-ਠੁਮਕ ਚੱਲਣ ਲੱਗਾ।
“ਤੈਨੂੰ ਉਹ ਬਹੁਤ ਚੰਗਾ ਲੱਗਾ?” ਉਹਨੇ ਦੰਦ ਕਰੀਚਦੇ ਹੋਏ ਪੁੱਛਿਆ।
“ਹਾਂ, ਬਹੁਤ ਚੰਗਾ ਲੱਗਾ,” ਬੋਨੀ ਨੇ ਹੱਥ ਫੈਲਾ ਕੇ ਦੱਸਿਆ, “ਮੈਨੂੰ ਵੀ ਦਿਵਾ ਦਿਓ ਉਹੋ ਜਿਹਾ ਰੋਬੋਟ।” ਰੋਬੋਟ ਲਈ ਉਹਦੇ ਚਿਹਰੇ ਉੱਤੇ ਬਹੁਤ ਸਾਰਾ ਲਾਲਚ ਤੇ ਆਕਰਸ਼ਨ ਆ
ਗਿਆ।
“ਹੁਣੇ ਦਿਵਾਉਨੀਂ ਐਂ ਤੈਨੂੰ ਰੋਬੋਟ!” ਕਹਿੰਦੇ ਹੋਏ ਉਹਦਾ ਗੁੱਸਾ ਫੁੱਟ ਪਿਆ, “ਲੈ ਰੋਬੋਟ, ਲੈ ਰੋਬੋਟ!” ਉਹਦੇ ਹੱਥ ਬੋਨੀ ਨੂੰ ਬੁਰੀ ਤਰ੍ਹਾਂ ਮਾਰਨ ਲੱਗੇ।
ਬੋਨੀ ਰੋ ਰਿਹਾ ਸੀ, “ਮੰਮੀ! ਮੈਨੂੰ ਕਿਉਂ ਮਾਰ ਰਹੇ ਓ?”
“ਤੂੰ ਚੋਰੀ ਕਰੇਂਗਾ? ਮੇਰਾ ਪੁੱਤ ਚੋਰ ਬਣੂਗਾ? ਤੂੰ ਨੀਰਵ ਦਾ ਰੋਬੋਟ ਚੋਰੀ
ਕਰੇਂਗਾ?”
“ਮੰਮੀ, ਮੈਂ ਰੋਬੋਟ ਕਿਉਂ ਚੋਰੀ ਕਰੂੰਗਾ! ਮੈਂ ਚੋਰ ਨਹੀਂ ਆਂ… ਮੈਂ ਚੋਰ ਨਹੀਂ ਆਂ।” ਹਟਕੋਰੇ ਲੈਂਦੇ ਬੋਨੀ ਨੇ ਕਿਹਾ।
“ਤੇਰੀ ਟੀਚਰ ਨੇ ਇਹ ਸਲਿੱਪ ਭੇਜੀ ਐ। ਇਸ ’ਤੇ ਲਿਖਿਐ ਕਿ ਤੂੰ
ਨੀਰਵ ਦਾ ਖਿਡੌਣਾ ਚੋਰੀ ਕਰ ਕੇ ਘਰ ਲੈ ਆਇਐਂ।”
ਬੋਨੀ ਆਪਣੇ ਹੰਝੂ ਪੂੰਝਦਾ ਹੋਇਆ ਬੋਲਿਆ ਫਿਰ ਬੋਲਿਆ, “ਮੰਮੀ! ਮੈਂ ਚੋਰ ਨਹੀਂ ਆਂ… ਕੱਲ ਤੁਹਾਡੇ
ਸਾਹਮਣੇ ਈ ਤਾਂ… ਸਕੂਲੋਂ ਆ ਕੇ ਬੈਗ ਖਾਲੀ ਕਰ ਸਾਫ ਕੀਤਾ ਸੀ।”
ਉਹਨੂੰ ਵੀ ਇਹ ਗੱਲ ਯਾਦ ਆ ਗਈ, “ਪਰ ਤੇਰੀ ਟੀਚਰ ਨੇ ਤਾਂ ਇਸ ਸਲਿੱਪ ’ਚ ਲਿਖਿਐ ਕਿ ਤੂੰ ਉਹਦੇ ਸਾਹਮਣੇ ਮੰਨਿਐ ਕਿ ਤੂੰ ਬੋਨੀ
ਦਾ ਖਿਡੌਣਾ ਚੋਰੀ ਕੀਤੈ। ਕੀ ਟੀਚਰ ਨੇ ਤੈਨੂੰ ਕੋਲ ਬੁਲਾ ਕੇ ਕੁਝ ਪੁੱਛਿਆ ਸੀ?”
ਬੋਨੀ ਨੇ ਹਟਕੋਰਿਆਂ ਵਿਚਕਾਰ ਕਿਹਾ, “ਟੀਚਰ ਨੇ ਮੈਨੂੰ ਬੁਲਾ ਕੇ ਕੁਝ ਪੁਛਿਆ ਤਾਂ ਸੀ…ਪਰ ਮੰਮੀ, ਉਹ ਪਤਾ ਨਹੀਂ ਇੰਗਲਿਸ਼ ’ਚ ਕੀ
ਪੁੱਛ ਰਹੀ ਸੀ…ਮੈਂ ਤਾਂ ਬੱਸ…ਯੈਸ-ਯੈਸ ਕਰਦਾ ਰਿਹਾ ਸੀ…।”
-0-
No comments:
Post a Comment