ਨਿਤਿਆਨੰਦ
ਗਾਯੇਨ
ਸ਼ਕੀਲ ਤਿੰਨ ਦਿਨ ਪਹਿਲਾਂ ਦਰਿਆ ਪਾਰ ਗਿਆ ਸੀ। ਉੱਥੇ ਇੱਠਾਂ ਦੇ ਭੱਠੇ ਉੱਤੇ ਮਜ਼ਦੂਰਾਂ ਦੀ
ਲੌੜ ਸੀ। ਸ਼ਕੀਲ ਦੇ ਪਹੁੰਚਣ ਤੋਂ ਪਹਿਲਾਂ ਹੀ ਦੂਜੇ ਪਿੰਡ ਦੇ ਕੁਝ ਆਦਮੀ ਉੱਥੇ ਪਹੁੰਚ ਗਏ ਸਨ।
ਉਹਨੂੰ ਕੰਮ ਨਹੀਂ ਮਿਲਿਆ। ਉਹ ਖਾਲੀ ਹੱਥ ਮੁੜ ਆਇਆ। ਘਰ ਵਿੱਚ ਅੰਨ ਦਾ ਇੱਕ ਦਾਣਾ ਨਹੀਂ। ਦੀਵੇ
ਲਈ ਤੇਲ ਨਹੀਂ। ਪੂਰੀ ਤਰ੍ਹਾਂ ਹਨੇਰੇ ਵਿੱਚ ਡੁੱਬਿਆ ਘਰ।
ਉਹਦੀ ਬੀਵੀ ਫਾਤਿਮਾ ਸਮਝ ਗਈ। ਸ਼ਕੀਲ ਦਾ ਚਿਹਰਾ ਦੇਖ ਕੇ ਇੱਕ ਗਿਲਾਸ ਪਾਣੀ ਲਿਆਈ। ਸ਼ਕੀਲ
ਉਹਦੀ ਗੋਦ ਵਿੱਚ ਸਿਰ ਰੱਖ ਕੇ ਰੋਣ ਲੱਗਾ।
“ਬਹੁਤ ਹੱਥ-ਪੈਰ ਜੋੜੇ, ਪਰ ਕੁਝ ਨਹੀਂ ਹੋਇਆ।”
“ਸਰਪੰਚ ਦੇ ਕੋਲ ਕਿਉਂ ਨਹੀਂ ਗਏॽ”
“ਗਿਆ ਸੀ। ਉਹਨੇ ਵੀ ਕੰਮ ਨਹੀਂ ਦਿੱਤਾ। ਬਾਹਰੋਂ ਮਜ਼ਦੂਰ ਬੁਲਾ
ਲਏ। ਕਹਿੰਦਾ, ਮੈਂ ਪੈਸੇ ਜ਼ਿਆਦਾ ਮੰਗਦਾਂ।”
“ਸੁਣਿਐ ਅੱਜ ਰਾਸ਼ਨ ਦਾ ਮਾਲ ਆਇਐ, ਉਹਨੂੰ ਲਾਹੁਣ ਲਈ ਵੀ ਬੰਦੇ
ਚਾਹੀਦੇ ਨੇ।”
“ਉੱਥੇ ਵੀ ਗਿਆ ਸੀ, ਪਰ ਗੱਲ ਨਹੀਂ ਬਣੀ।”
“ਕੋਈ ਗੱਲ ਨੀਂ, ਹੱਥ-ਮੂੰਹ ਧੋ ਕੇ ਸੌਂ ਜੋ, ਕੱਲ੍ਹ ਦੇਖਾਂਗੇ।”
ਸ਼ਕੀਲ ਹੰਝੂ ਪੂੰਝਦਾ ਹੋਇਆ ਕਮਰੇ ਵਿੱਚ ਗਿਆ ਤੇ ਬੂਹਾ ਅੰਦਰੋਂ ਬੰਦ ਕਰ ਲਿਆ।
ਕੁਝ ਦੇਰ ਮਗਰੋਂ ਉਹ ਬੂਹਾ ਖੋਲ੍ਹ ਕੇ ਬਾਹਰ ਆਇਆ। ਉਹਦੇ ਚਿਹਰੇ ਉੱਤੇ ਕਾਲਾ ਰੰਗ, ਹੱਥ ਵਿੱਚ
ਚਾਕੂ ਤੇ ਕਮਰ ਵਿੱਚ ਰੱਸੀ ਸੀ।
“ਕਿੱਥੇ ਜਾ ਰਹੇ ਓ ਐਨੇ ਹਨੇਰੇ ’ਚॽ” ਫਾਤਿਮਾ ਨੇ ਪੁੱਛਿਆ।
“ਰਾਸ਼ਨ ਦਾ ਮਾਲ ਖਾਲੀ ਕਰਨ।”
“ਪਰ ਤੁਸੀਂ ਤਾਂ ਕਿਹਾ ਸੀ…!”
“ਤੂੰ ਅੰਦਰ ਜਾ।” ਕਹਿਕੇ ਉਹਨੇ ਫਾਤਿਮਾ ਨੂੰ ਕਮਰੇ
ਵਿੱਚ ਧੱਕ ਕੇ ਬੂਹਾ ਬਾਹਰੋਂ ਬੰਦ ਕਰ ਦਿੱਤਾ। ਫਿਰ ਉਹ ਹਨੇਰੇ ਨਾਲ ਇੱਕਮਿਕ ਹੋ ਗਿਆ।
-0-