ਜਗਦੀਸ਼
ਕਸ਼ਿਅਪ
ਚੁਆਨੀ ਲੈਕੇ ਫੀਤੇ ਵਰਗੀ ਸਫ਼ੇਦ ਦੇਸੀ ਚੁਇੰਗਮ, ਤਿਰੰਗੀ ਝੰਡੀ ਵਾਲੇ
ਤੀਲੀ ਉੱਤੇ ਲਪੇਟ ਕੇ ਫੇਰੀ ਵਾਲੇ ਨੇ ਬੱਚੇ ਦੇ ਹੱਥ ਵਿਚ ਫੜਾਉਂਦੇ ਹੋਏ ਕਿਹਾ, “ ਲੈ ਬੇਟੇ, ਅੱਜ ਦੋ-ਦੋ ਮਜੇ ਲੈ। ਅੱਜ ਆਜ਼ਾਦੀ ਦਾ ਦਿਨ ਐ,
ਮਠਿਆਈ ਖਾ ਤੇ ਤਿਰੰਗਾ ਲਹਿਰਾ।”
ਮਠਿਆਈ ਦਾ ਫੀਤਾ ਮੂੰਹ ਵਿਚ ਚਬਾਉਂਦੇ ਹੋਏ ਮੁੰਨੇ ਦੀ ਨਿਗ੍ਹਾ ਵਿਚ ਸਵੇਰ ਵਾਲਾ ਦ੍ਰਿਸ਼ ਘੁੰਮ
ਗਿਆ। ਸਕੂਲ ਵਿਚ ਤਿਰੰਗਾ ਲਹਿਰਾਉਂਦੇ ਹੋਏ ਹੈੱਡ ਮਾਸਟਰ ਜੀ ਨੂੰ ਉਸਨੇ ਵੇਖਿਆ ਸੀ ਤੇ ਸਭ ਨੇ
ਜਨ-ਗਣ-ਮਨ ਗਾਇਆ ਸੀ।
ਮੁੰਨੇ ਨੇ ਕੁਝ ਸੋਚਿਆ ਤੇ ਆਸਪਾਸ ਖੇਡ ਰਹੇ ਮੁਹੱਲੇ ਦੇ ਚਾਰ-ਪੰਜ ਬੱਚਿਆਂ ਨੂੰ ਸੱਦਿਆ। ਫਿਰ
ਉਹ ਛੱਤ ਉੱਤੇ ਚੜ੍ਹ ਗਿਆ ਤੇ ਬਨੇਰੇ ਉੱਪਰ ਬਣੇ ਇਕ ਛੇਕ ਵਿਚ ਤਿਰੰਗੀ ਝੰਡੀ ਵਾਲੀ ਤੀਲੀ ਨੂੰ ਫਸਾ
ਕੇ ਹੇਠਾਂ ਉਤਰ ਆਇਆ।
“ਆਓ ਅਸੀਂ ਵੀ ਝੰਡਾ ਲਹਿਰਾਵਾਂਗੇ ਤੇ ਜਨ-ਗਣ-ਮਨ ਗਾਵਾਂਗੇ।”
ਇਸ ਉੱਤੇ ਪਿੰਟੂ ਨੇ ਮੁੰਨੇ ਵੱਲ ਨਫ਼ਰਤ ਭਰੀ ਨਿਗ੍ਹਾ ਨਾਲ ਦੇਖਿਆ ਤੇ ਬੋਲਿਆ, “ਤੂੰ ਇਸ ਝੰਡੀ ਦੀ ਮਠਿਆਈ ਸਾਨੂੰ ਨਹੀਂ ਖੁਆਈ, ਅਸੀਂ ਨਹੀਂ
ਗਾਉਂਦੇ ਜਨ-ਗਣ-ਮਨ।” ਤੇ ਸਾਰੇ ਉਸ ਨੂੰ ਚਿੜਾਉਂਦੇ ਹੋਏ ਭੱਜ ਗਏ। ਮੁੰਨਾ ਰੋਣਹੱਕੇ ਅੰਦਾਜ਼ ਵਿਚ ਮਾਂ ਕੋਲ ਗਿਆ ਤੇ
ਬੱਚਿਆਂ ਦੀ ਸ਼ਿਕਾਇਤ ਕਰਦੇ ਹੋਏ ਆਪਣੇ ਨਾਲ ਜਨ-ਗਣ-ਮਨ ਗਾਉਣ ਦੀ ਜ਼ਿੱਦ ਕਰਨ ਲੱਗਾ। ਮਾਂ ਨੇ ਘਰ
ਦੇ ਕੰਮਾਂ ਵਿਚ ਰੁੱਝੇ ਹੋਣ ਦਾ ਬਹਾਨਾ ਬਣਾਉਂਦੇ ਹੋਏ ਉਸਨੂੰ ਝਿੜਕ ਦਿੱਤਾ। ਉਹ ਫਿਰ ਉਦਾਸ ਹੋ
ਗਿਆ।
ਕੁਝ ਸੋਚਦਾ ਹੋਇਆ ਮੁੰਨਾ ਬਾਹਰ ਆਇਆ। ਖੁਦ ਨੂੰ ਹੀ ਆਦੇਸ਼ ਦਿੰਦਾ ਹੋਇਆ ਉਹ
‘ਸਾਵਧਾਨ-ਵਿਸ਼ਰਾਮ’ ਦੀ ਕਵਾਇਦ ਕਰਨ ਲੱਗਾ। ਫਿਰ ਸਲੂਟ ਮਾਰਦੇ ਹੋਏ ਮਗਨ ਹੋ ਗਾਉਣ ਲੱਗਾ–‘ਜਨ-ਗਣ-ਮਨ ਅਧਿਨਾਇਕ ਜਯ ਹੋ…!’ ਝੰਡੀ ਹਵਾ ਵਿਚ ਫੜਫੜਾ ਰਹੀ ਸੀ। ਮੁੰਨੇ ਨੇ ਦੇਖਿਆ ਕਿ ਕੀੜੀਆਂ ਦੀ ਇਕ ਕਤਾਰ ਉਸ ਮਿੱਠੀ
ਤੀਲੀ ਉੱਤੇ ਚੜ੍ਹ-ਉਤਰ ਰਹੀ ਸੀ।
-0-
No comments:
Post a Comment