Monday, January 13, 2014

ਹਿੰਦੀ / ਘਟਨਾ



ਰਤਨ ਚੰਦ ਰਤਨੇਸ਼
ਸਕੂਲ ਵਿਚ ਹਿੰਦੀ ਦੇ ਅਧਿਆਪਕ ਤੀਸਰੀ ਕਲਾਸ ਦੇ ਵਿਦਿਆਰਥੀਆਂ ਨੂੰ ਦੇਸ਼ਬੰਧੂ ਚਿਤਰੰਜਨ ਦਾਸ ਦੇ ਬਚਪਣ ਦੀ ਇਕ ਘਟਨਾ ਸੁਣਾ ਰਹੇ ਸਨ:
‘ਇਕ ਦਿਨ ਬਾਲਕ ਚਿਤਰੰਜਨ ਦਾਸ ਨੇ ਆਪਣੇ ਪਿਤਾ ਜੀ ਨੂੰ ਕਿਹਾ, ਮੈਨੂੰ ਸੱਤ ਰੁਪਏ ਚਾਹੀਦੇ ਹਨ।
ਪਿਤਾ ਨੇ ਪੁੱਛਿਆ, ਰੁਪਈਆਂ ਦਾ ਕੀ ਕਰੇਂਗਾ?
ਮੁੰਡਾ ਬੋਲਿਆ, ਬਹੁਤ ਜ਼ਰੂਰੀ ਕੰਮ ਹੈ, ਦਿਓ ਨਾ। ਤੁਹਾਨੂੰ ਬਾਦ ’ਚ ਦੱਸ ਦਿਆਂਗਾ।
ਪਿਤਾ ਚੁੱਪ ਕਰ ਗਏ। ਉਹਨਾਂ ਨੂੰ ਆਪਣੇ ਪੁੱਤਰ ਉੱਤੇ ਪੂਰਾ ਵਿਸ਼ਵਾਸ ਸੀ ਕਿ ਉਹ ਜੋ ਕੁਝ ਕਰਦਾ ਹੈ, ਚੰਗਾ ਹੀ ਕਰਦਾ ਹੈ। ਉਹਨਾਂ ਨੇ ਜੇਬ ਵਿੱਚੋਂ ਸੱਤ ਰੁਪਏ ਕੱਢ ਕੇ ਪੁੱਤਰ ਨੂੰ ਦੇ ਦਿੱਤੇ। ਉਹਨਾਂ ਨੇ ਆਪਣੇ ਨੌਕਰ ਨੂੰ ਉਹਦੇ ਪਿੱਛੇ ਲਾ ਦਿੱਤਾ ਕਿ ਦੇਖ ਕੇ ਆਵੇ ਕਿ ਉਹ ਕੀ ਕਰਦਾ ਹੈ।
ਬਾਲਕ ਚਿਤਰੰਜਨ ਦਾਸ ਇਕ ਗਰੀਬ ਮੁੰਡੇ ਨੂੰ ਨਾਲ ਲੈਕੇ ਇਕ ਕਿਤਾਬਾਂ ਦੀ ਦੁਕਾਨ ਉੱਤੇ ਗਿਆ ਤੇ ਉੱਥੋਂ ਉਸਨੂੰ ਕਿਤਾਬਾਂ ਖਰੀਦ ਕੇ ਦਿੱਤੀਆਂ। ਬਾਕੀ ਬਚੇ ਪੈਸਿਆਂ ਨਾਲ ਉਸ ਮੁੰਡੇ ਨੂੰ ਪੈਰਾਂ ਵਿਚ ਪਾਉਣ ਲਈ ਚੱਪਲਾਂ ਲੈ ਦਿੱਤੀਆਂ।
ਨੌਕਰ ਨੇ ਜੋ ਦੇਖਿਆ, ਉਹ ਮਾਲਕ ਨੂੰ ਦੱਸ ਦਿੱਤਾ। ਪਿਤਾ ਖੁਸ਼ ਹੋਏ ਤੇ ਉਹਨਾਂ ਦੀਆਂ ਅੱਖਾਂ ਭਰ ਆਈਆਂ।’
ਇਹ ਪ੍ਰੇਰਕ-ਪ੍ਰਸੰਗ ਸੁਣਾ ਕੇ ਅਧਿਆਪਕ ਨੇ ਬੱਚਿਆਂ ਨੂੰ ਪੁੱਛਿਆ, ਚੰਗਾ ਤਾਂ ਬੱਚਿਓ, ਦੱਸੋ ਕਿ ਇਸ ਘਟਨਾ ਤੋਂ ਤੁਹਾਨੂੰ ਸਿੱਖਿਆ ਮਿਲੀ?
ਬੱਚਿਆਂ ਨੇ ਇਕ ਆਵਾਜ਼ ਵਿਚ ਕਿਹਾ, ਸਾਨੂੰ ਸਦਾ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ।
ਸਕੂਲ ਤੋਂ ਛੁੱਟੀ ਮਗਰੋਂ ਘਰ ਪਹੁੰਚ ਕੇ ਅਮਿਤ ਨੇ ਆਪਣੇ ਪਿਤਾ ਨੂੰ ਕਿਹਾ, ਪਾਪਾ, ਮੈਨੂੰ ਪੰਜਾਹ ਰੁਪਏ ਦਿਓ।
ਅਮਿਤ ਦੇ ਪਾਪਾ ਇਕ ਅਮੀਰ ਵਪਾਰੀ ਸਨ। ਉਹਨਾਂ ਨੇ ਪੁੱਛਿਆ, ਤੂੰ ਪੰਜਾਹ ਰੁਪਏ ਦਾ ਕੀ ਕਰੇਂਗਾ, ਬੇਟੇ?
ਪਾਪਾ, ਸਾਡੇ ਸਕੂਲ ਦੇ ਬਾਹਰ ਜੋ ਗਰੀਬ ਔਰਤ ਬੈਠੀ ਰਹਿੰਦੀ ਹੈ, ਉਸ ਨੂੰ ਦਿਆਂਗਾ।
ਇਹ ਸੁਣਦੇ ਹੀ ਪਿਤਾ ਉਸਨੂੰ  ਝਿੜਕਣ ਲੱਗੇ, ਓਏ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ। ਗਰੀਬ ਔਰਤ ਨੂੰ ਪੰਜਾਹ ਰੁਪਏ ਦੇਵੇਂਗਾ। ਕੰਬਖਤ, ਪਿਓ ਦਾ ਪੈਸਾ ਮੁਫ਼ਤ ਦਾ ਸਮਝ ਕੇ ਲੁਟਾਉਣਾ ਚਾਹੁੰਦਾ ਹੈਂ! ਮੂਰਖ ਨਾ ਹੋਵੇ ਤਾਂ।
ਬੱਚਾ ਮੂੰਹ ਲਮਕਾਈ ਸੋਚ ਵਿਚ ਪੈ ਗਿਆ‘ਟੀਚਰ ਨੇ ਕਿਤੇ ਕਲਾਸ ’ਚ ਕੋਈ ਝੂਠੀ ਘਟਨਾ ਤਾਂ ਨਹੀਂ ਸੁਣਾ ਦਿੱਤੀ?
                                        -0-



No comments: