ਅਨੁਪਮਾ
ਇੱਕ ਮੁਹੱਲੇ ਦੀਆਂ ਕੁਝ ਕੁੜੀਆਂ ਕਾਲਜ ਤੋਂ ਆ ਰਹੀਆਂ ਸਨ। ਉਹਨਾਂ ਨੇ
ਜੀਨਜ, ਟੀ ਸ਼ਰਟਾਂ ਅਤੇ ਸਕਰਟਾਂ ਪਹਿਨੀਆਂ ਹੋਈਆਂ ਸਨ। ਮੋਢੇ ਉੱਤੇ ਕੱਟੇ ਹੋਏ ਖੁੱਲੇ ਵਾਲ, ਹੱਥਾਂ
ਵਿਚ ਫੈਨਸੀ ਪਰਸ, ਪੈਰਾਂ ਵਿਚ ਹਾਈ ਹੀਲ। ਕੁੱਲ ਮਿਲਾ ਕੇ ਉਹ ਅੱਜ ਦੇ ਜ਼ਮਾਨੇ ਦੀਆਂ ਲੜਕੀਆਂ ਸਨ,
ਜਿੰਦਾ ਦਿਲ– ਆਪਣੀ ਜ਼ਿੰਦਗੀ
ਨੂੰ ਇਨਜੁਆਏ ਕਰਨ ਵਾਲੀਆਂ।
ਉਸ ਮੁਹੱਲੇ ਦੀ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਬਾਹਰ ਮੰਜੇ ਉੱਤੇ ਸੋਟੀ
ਲਈ ਬੈਠੀ ਸੀ। ਉਹਨਾਂ ਕੁੜੀਆਂ ਨੂੰ ਦੇਖਕੇ ਉਸ ਦੀਆਂ ਤਿਉੜੀਆਂ ਚੜ੍ਹ ਗਈਆਂ। ਆਪਣੀ ਸੋਟੀ ਨੂੰ ਜ਼ੋਰ
ਨਾਲ ਜ਼ਮੀਨ ਉੱਤੇ ਮਾਰ ਕੇ ਬੋਲੀ, “ਵੇਖੋ ਇਨ੍ਹਾਂ ਕੁੜੀਆਂ ਨੂੰ! ਕੋਈ ਸ਼ਰਮ-ਹਯਾ ਨਹੀਂ ਰਹਿਗੀ
ਇਨ੍ਹਾਂ ’ਚ! ਤੁਰ ਪੈਂਦੀਆਂ ਨੇ ਪੈਂਟਾ ਕੱਸਕੇ…ਸਾਡੇ ਜ਼ਮਾਨੇ ’ਚ ਤਾਂ
ਕੁੜੀਆਂ ਘਰੋਂ ਬਾਹਰ ਨਹੀਂ ਸੀ ਨਿਕਲਦੀਆਂ…ਜੇ ਨਿਕਲਦੀਆਂ ਵੀ ਸੀ, ਤਾਂ ਚੁੰਨੀ ਨਾਲ ਸਿਰ ਢਕ
ਕੇ…ਨੀਂ ਕੋਈ ਰੋਕੋ ਇਨ੍ਹਾਂ ਨੂੰ, ਗੰਦ ਪਾ ਰੱਖਿਆ ਇਨ੍ਹਾਂ ਨੇ…।”
ਉਸ ਬਜ਼ੁਰਗ ਔਰਤ ਦੀਆਂ ਗੱਲਾਂ ਸੁਣ ਕੇ ਇੱਕ ਕੁੜੀ ਨੇ ਦੂਸਰੀ ਨੂੰ ਕਿਹਾ, “ਪਤਾ ਨਹੀਂ ਇਹ ਬੇਬੇ ਸਾਨੂੰ ਹਰ ਰੋਜ਼ ਗਾਲ੍ਹਾਂ ਕਿਓਂ ਕੱਢਦੀ
ਐ? ਕੀ ਵਿਗਾੜਿਐ ਅਸੀਂ ਇਹਦਾ…?”
“ਕੁੱਝ ਨਹੀਂ ਵਿਗਾੜਿਆ ਅਸੀਂ । ਇਹ ਸਾਡੀ ਤਰ੍ਹਾਂ ਕਾਲਜ ਨਹੀਂ
ਜਾ ਸਕੀ, ਕਦੇ ਆਜ਼ਾਦ ਨਹੀਂ ਘੁੰਮ ਸਕੀ। ਸਿੰਪਲ! ਸ਼ੀ ਇਜ ਏ ਫ੍ਰਸਟ੍ਰੇਟਡ ਪਰਸਨੈਲੇਟੀ। ਇਸੇ ਲਈ
ਇਹ ਸਾਰੀ ਭੜਾਸ ਸਾਡੇ ਤੇ ਕੱਢ ਰਹੀ ਐ। ਤੂੰ ਟੈਂਸ਼ਨ ਨਾ ਲੈ।” ਦੂਜੀ ਕੁੜੀ ਨੇ ਬੜੇ ਸਹਿਜ ਢੰਗ ਨਾਲ ਉਸਦਾ ਮਨੋਵਿਗਿਆਨਕ
ਵਿਸ਼ਲੇਸ਼ਣ ਕਰ ਦਿੱਤਾ।
ਸਾਰੀਆਂ ਕੁੜੀਆਂ ਖਿੜਖਿੜਾ ਕੇ ਹੱਸ ਪਈਆਂ। ਉੱਧਰ ਬਜ਼ੁਰਗ ਔਰਤ ਅਜੇ ਵੀ ਬੁੜਬੁੜਾਈ ਜਾ ਰਹੀ
ਸੀ।
-0-
No comments:
Post a Comment