ਰਾਮ ਕੁਮਾਰ
ਘੋਟੜ(ਡਾ.)
ਅੱਜ ਉਹ ਆਪਣਾ ਜਨਮ ਦਿਨ ਪਹਿਲੀ ਵਾਰ ਮਣਾ ਰਿਹਾ ਸੀ। ਉਂਜ ਤਾਂ
ਜ਼ਿੰਦਗੀ ਦਾ ਇਕ ਦਹਾਕਾ ਬੀਤ ਗਿਆ ਸੀ, ਪਰ ਜਨਮ ਦਿਨ ਮਣਾਉਣ ਦੀ ਸਮਝ ਤੇ ਪਰਪੱਕਤਾ ਨਹੀਂ ਆਈ ਸੀ।
ਮਾਂ ਦੇ ਨਾਲ ਸਾਹਬ ਲੋਕਾਂ ਦੇ ਘਰ ਕੰਮ ਕਰਨ, ਉਹ ਅਕਸਰ ਜਾਂਦਾ ਰਿਹਾ ਹੈ। ਉਹਨਾਂ ਵੱਡੇ ਘਰਾਂ ਵਿਚ
ਬੱਚਿਆਂ ਦੇ ਜਨਮ ਦਿਨ ਮਣਾਉਣ ਦੇ ਤੌਰ-ਤਰੀਕੇ ਤੇ ਅਨਮੋਲ ਤੋਹਫ਼ਿਆਂ ਨੇ ਉਸ ਦੇ ਮਨ ਵਿਚ ਵੀ ਜਨਮ
ਦਿਨ ਮਣਾਉਣ ਦੀ ਲਾਲਸਾ ਪੈਦਾ ਕਰ ਦਿੱਤੀ। ਮਾਂ ਭੋਜਣ ਬਣਾਉਣ ਦਾ ਕੰਮ ਕਰ ਰਹੀ ਸੀ। ਬਾਪੂ ਅਜੇ
ਸ਼ਹਿਰ ਤੋਂ ਨਹੀਂ ਮੁੜਿਆ ਸੀ। ਉਹ ਆਂਢ ਗੁਆਂਢ ਦੇ ਪੰਜ-ਸੱਤ ਬੱਚਿਆਂ ਨਾਲ ਘਿਰਿਆ, ਮੋਮਬੱਤੀਆਂ
ਜਗਾਉਂਦੇ ਸਮੇਂ ਅਸੀਮ ਖੁਸ਼ੀ ਦਾ ਅਨੁਭਵ ਕਰ ਰਿਹਾ ਸੀ। ਇਹ ਉਹੀ ਬੱਚੇ ਸਨ, ਜਿਹੜੇ ਕੂੜੇ ਕਰਕਟ ਦੇ
ਢੇਰਾਂ ਵਿੱਚੋਂ ਕੁਝ ਲੱਭਣ ਲਈ ਸਾਰਾ ਦਿਨ ਉਹਦੇ ਨਾਲ ਰਹਿੰਦੇ ਸਨ।
ਉਹਨੇ ਕਾਫੀ ਸਮੇਂ ਤਕ ਭੈਭੀਤ ਮਨ ਨਾਲ ਬਾਪੂ ਦੇ ਘਰ ਆਉਣ ਦੀ ਉਡੀਕ
ਕੀਤੀ। ਹਨੇਰਾ ਹੋਣ ਲੱਗਾ ਤਾਂ ਬੱਚੇ ਘਰ ਜਾਣ ਲਈ ਉਤਾਵਲੇ ਹੋਣ ਲੱਗੇ।
ਅੰਤ ਉਹਨੇ ਛੋਟਾ ਜਿਹਾ ਕੇਕ ਕੱਟਕੇ ਮੋਮਬੱਤੀਆਂ ਬੁਝਾਉਣ ਦੀ ਰਸਮ ਅਦਾ
ਕੀਤੀ। ਬੱਚੇ ਤਾੜੀਆਂ ਮਾਰਕੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਨੱਚਣ ਲੱਗੇ। ਤੋਹਫ਼ੇ ਵਿਚ ਕੋਈ
ਗੁਬਾਰਾ, ਕੋਈ ਚਿਉਂਗਮ ਤਾਂ ਕੋਈ ਕੂੜੇ ਕਰਕਟ ਦੇ ਢੇਰ ਵਿਚੋਂ ਸਮਾਨ ਚੁਗਣ ਲਈ ਥੈਲਾ ਲੈ ਕੇ ਆਇਆ
ਸੀ।
ਇੰਨੇ ਵਿਚ ਫਟਾਕ ਦੇਣੇ ਬਾਹਰ ਦਾ ਦਰਵਾਜਾ ਖੁਲ੍ਹਿਆ ਤੇ ਬਦਬੂਦਾਰ ਹਵਾ
ਦੇ ਇਕ ਝੌਂਕੇ ਨਾਲ ਬਾਪੂ ਅੰਦਰ ਆਇਆ।
“ਓਏ ਕਾਲੀਏ!…ਕੀ ਐ ਇਹ ਸਭ?…ਕੀ ਖੁਰਾਫਾਤ ਕਰ ਰਿਹੈਂ ਇਨ੍ਹਾਂ
ਬੱਚਿਆਂ ਨਾਲ…ਹੈਂ?”
“ਬਾਪੂ…!” ਉਹ ਆਪਣੇ ਬਾਪੂ ਦੇ ਪੈਰਾਂ ਨਾਲ
ਚਿੰਬੜ ਜਿਹਾ ਗਿਆ, “ਬਾਪੂ, ਅੱਜ ਮੇਰਾ ਜਨਮ ਦਿਨ ਐ! ਅੱਜ ਮਾਂ ਨੇ ਚੰਗੀ ਖੀਰ ਬਣਾਈ ਐ,
ਨਾਲ ਬਹਿਕੇ ਖਾਵਾਂਗੇ। ਮੈਂ ਤੇਰੇ ਤੋਂ ਕੁਝ ਵੀ ਨਹੀਂ ਮੰਗਦਾ। ਬੱਸ, ਅੱਜ ਦੀ ਰਾਤ ਮੈਨੂੰ ਤੇ ਮਾਂ
ਨੂੰ ਮਾਰੀਂ ਨਾ! ਮੈਂ ਇਸ ਨੂੰ ਹੀ ਜਨਮ ਦਿਨ ਦਾ
ਤੋਹਫਾ ਸਮਝੂੰਗਾ।”
ਸ਼ਰਾਬ ਦੀ ਅੱਧੀ ਬੋਤਲ, ਬਾਪੂ ਦੇ ਹੱਥੋਂ ਛੁੱਟ ਕੇ ਵਿਹੜੇ ਵਿਚ ਡਿੱਗ ਪਈ। ਬਾਪੂ ਨੇ ਬੱਚੇ
ਨੂੰ ਉਠਾ ਕੇ ਗਲ ਨਾਲ ਲਾ ਲਿਆ।
-0-
No comments:
Post a Comment