Sunday, July 7, 2013

ਹਿੰਦੀ/ ਗੁੜ ਦੀ ਡਲੀ



ਨੀਰੂ ਸ਼ਰਮਾ

ਪਰਸੂਤੀ ਪੀੜ ਦੇ ਸਮੁੰਦਰ ਵਿਚ ਡੁੱਬਦੀ ਮਾਲਤੀ ਦੇ ਕੰਨਾਂ ਵਿਚ ਨਵ-ਜੰਮੇਂ ਬੱਚੇ ਦੀ ਆਵਾਜ਼ ਪੈਂਦਿਆਂ ਹੀ, ਜ਼ੋਰ ਲਾ ਕੇ ਬੰਦ ਕੀਤੇ ਉਸ ਦੇ ਬੁੱਲ੍ਹਾਂ ਉੱਤੇ ਮੁਸਕਰਾਹਟ ਫੈਲ ਗਈ। ਉਹ ਉਸ ਪਲ ਜਨਮ ਦਾਤੀ ਹੋਣ ਦਾ ਮਾਣ ਮਹਿਸੂਸ ਕਰ ਰਹੀ ਸੀ ਕਿ ਉਸ ਨੂੰ ਦਾਈ ਮਾਂ ਦੀ ਆਵਾਜ਼ ਸੁਣਾਈ ਦਿੱਤੀ, ਘਰ ਵਿਚ ਲੱਛਮੀ ਆਈ ਐ!
ਦਾਈ ਮਾਂ ਦੀ ਗੱਲ ਸੁਣਦਿਆਂ ਹੀ ਘਰ ਵਿਚ ਚੁੱਪ ਜਿਹੀ ਛਾ ਗਈ। ਉਸੇ ਸਮੇਂ ਚਾਰ ਸਾਲਾਂ ਦੀ ਬੁਲਬੁਲ ਚਹਿਕਦੀ ਹੋਈ ਕਮਰੇ ਵਿਚ ਆਈ। ਉਸ ਨੇ ਆਪਣੇ ਨਿੱਕੇ ਜਿਹੇ ਹੱਥ ਵਿਚ ਗੁੜ ਦੀ ਡਲੀ ਫੜੀ ਹੋਈ ਸੀ।
ਪਾਪਾ! ਪਾਪਾ! ਦਾਦੀ! ਦਾਦੀ! ਦੇਖੋ ਮੈਨੂੰ ਕੀ ਮਿਲਿਐ।ਕਹਿੰਦੇ ਹੋਏ ਉਸ ਨੇ ਹਥੇਲੀ ਉਹਨਾਂ ਅੱਗੇ ਕਰ ਦਿੱਤੀ।
ਆਹ ਗੁੜ ਕਿੱਥੋਂ ਲਿਆਈ ਐਂ?ਉਸ ਦੇ ਪਾਪਾ ਨੇ ਪੁੱਛਿਆ।
 ਬਹੁਤ ਹੀ ਮਾਸੂਮੀਅਤ ਨਾਲ ਉਹ ਬੋਲੀ, ਪਾਪਾ, ਸੋਨੂੰ ਐ ਨਾ ਸੋਨੂੰ! ਉਨ੍ਹਾਂ ਦੀ ਗਾਂ ਨੇ ਵੱਛੀ ਦਿੱਤੀ ਐ।  ਉਹਦੀ ਦਾਦੀ ਗੁੜ ਵੰਡ ਰਹੀ ਐ, ਤੇ ਕਹਿ ਰਹੀ ਐ…ਬਹੁਤ ਈ ਕਰਮਾਂ ਵਾਲੀ ਗਾਂ ਐ…ਹਰ ਸਾਲ ਵੱਛੀ ਦਿੰਦੀ ਐ। 
ਇਹ ਕਹਿੰਦੇ ਹੋਏ ਉਸਨੇ ਆਪਣੀ ਛੋਟੀ ਜਿਹੀ ਭੈਣ ਦਾ ਮੱਥਾ ਚੁੰਮ ਲਿਆ। ਫਿਰ ਬੋਲੀ, ਦਾਦੀ ਜੀ! ਤੁਸੀਂ ਗੁੜ ਕਦੋਂ ਵੰਡੋਗੇ?
                                         -0-

No comments: