Sunday, July 28, 2013

ਹਿੰਦੀ/ ਫ੍ਰਸਟ੍ਰੇਸ਼ਨ



ਅਨੁਪਮਾ
                                
ਇੱਕ ਮੁਹੱਲੇ ਦੀਆਂ ਕੁਝ ਕੁੜੀਆਂ ਕਾਲਜ ਤੋਂ ਆ ਰਹੀਆਂ ਸਨ। ਉਹਨਾਂ ਨੇ ਜੀਨਜ, ਟੀ ਸ਼ਰਟਾਂ ਅਤੇ ਸਕਰਟਾਂ ਪਹਿਨੀਆਂ ਹੋਈਆਂ ਸਨ। ਮੋਢੇ ਉੱਤੇ ਕੱਟੇ ਹੋਏ ਖੁੱਲੇ ਵਾਲ, ਹੱਥਾਂ ਵਿਚ ਫੈਨਸੀ ਪਰਸ, ਪੈਰਾਂ ਵਿਚ ਹਾਈ ਹੀਲ। ਕੁੱਲ ਮਿਲਾ ਕੇ ਉਹ ਅੱਜ ਦੇ ਜ਼ਮਾਨੇ ਦੀਆਂ ਲੜਕੀਆਂ ਸਨ, ਜਿੰਦਾ ਦਿਲ ਆਪਣੀ ਜ਼ਿੰਦਗੀ ਨੂੰ  ਇਨਜੁਆਏ ਕਰਨ ਵਾਲੀਆਂ।
ਉਸ ਮੁਹੱਲੇ ਦੀ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਬਾਹਰ ਮੰਜੇ ਉੱਤੇ ਸੋਟੀ ਲਈ ਬੈਠੀ ਸੀ। ਉਹਨਾਂ ਕੁੜੀਆਂ ਨੂੰ ਦੇਖਕੇ ਉਸ ਦੀਆਂ ਤਿਉੜੀਆਂ ਚੜ੍ਹ ਗਈਆਂ। ਆਪਣੀ ਸੋਟੀ ਨੂੰ ਜ਼ੋਰ ਨਾਲ ਜ਼ਮੀਨ ਉੱਤੇ ਮਾਰ ਕੇ ਬੋਲੀ, ਵੇਖੋ ਇਨ੍ਹਾਂ ਕੁੜੀਆਂ ਨੂੰ! ਕੋਈ ਸ਼ਰਮ-ਹਯਾ ਨਹੀਂ ਰਹਿਗੀ ਇਨ੍ਹਾਂ ’ਚ! ਤੁਰ ਪੈਂਦੀਆਂ ਨੇ ਪੈਂਟਾ ਕੱਸਕੇ…ਸਾਡੇ ਜ਼ਮਾਨੇ ’ਚ ਤਾਂ ਕੁੜੀਆਂ ਘਰੋਂ ਬਾਹਰ ਨਹੀਂ ਸੀ ਨਿਕਲਦੀਆਂ…ਜੇ ਨਿਕਲਦੀਆਂ ਵੀ ਸੀ, ਤਾਂ ਚੁੰਨੀ ਨਾਲ ਸਿਰ ਢਕ ਕੇ…ਨੀਂ ਕੋਈ ਰੋਕੋ ਇਨ੍ਹਾਂ ਨੂੰ, ਗੰਦ ਪਾ ਰੱਖਿਆ ਇਨ੍ਹਾਂ ਨੇ…।
ਉਸ ਬਜ਼ੁਰਗ ਔਰਤ ਦੀਆਂ ਗੱਲਾਂ ਸੁਣ ਕੇ ਇੱਕ ਕੁੜੀ ਨੇ ਦੂਸਰੀ ਨੂੰ ਕਿਹਾ, ਪਤਾ ਨਹੀਂ ਇਹ ਬੇਬੇ ਸਾਨੂੰ ਹਰ ਰੋਜ਼ ਗਾਲ੍ਹਾਂ ਕਿਓਂ ਕੱਢਦੀ ਐ? ਕੀ ਵਿਗਾੜਿਐ ਅਸੀਂ ਇਹਦਾ…?
ਕੁੱਝ ਨਹੀਂ ਵਿਗਾੜਿਆ ਅਸੀਂ । ਇਹ ਸਾਡੀ ਤਰ੍ਹਾਂ ਕਾਲਜ ਨਹੀਂ ਜਾ ਸਕੀ, ਕਦੇ ਆਜ਼ਾਦ ਨਹੀਂ ਘੁੰਮ ਸਕੀ। ਸਿੰਪਲ! ਸ਼ੀ ਇਜ ਏ ਫ੍ਰਸਟ੍ਰੇਟਡ  ਪਰਸਨੈਲੇਟੀ। ਇਸੇ ਲਈ ਇਹ ਸਾਰੀ ਭੜਾਸ ਸਾਡੇ ਤੇ ਕੱਢ ਰਹੀ ਐ। ਤੂੰ ਟੈਂਸ਼ਨ ਨਾ ਲੈ। ਦੂਜੀ ਕੁੜੀ ਨੇ ਬੜੇ ਸਹਿਜ ਢੰਗ ਨਾਲ ਉਸਦਾ ਮਨੋਵਿਗਿਆਨਕ ਵਿਸ਼ਲੇਸ਼ਣ ਕਰ ਦਿੱਤਾ।
ਸਾਰੀਆਂ ਕੁੜੀਆਂ ਖਿੜਖਿੜਾ ਕੇ ਹੱਸ ਪਈਆਂ। ਉੱਧਰ ਬਜ਼ੁਰਗ ਔਰਤ ਅਜੇ ਵੀ ਬੁੜਬੁੜਾਈ ਜਾ ਰਹੀ ਸੀ।
                                       -0-

Sunday, July 14, 2013

ਹਿੰਦੀ / ਬੰਦ ਦਰਵਾਜਾ



ਪ੍ਰੇਮ ਚੰਦ

ਸੂਰਜ ਦੁਮੇਲ ਦੀ ਗੋਦ ਵਿੱਚੋਂ ਨਿਕਲਿਆ, ਬੱਚਾ ਪਾਲਣੇ ਵਿੱਚੋਂ ਉਹੀ ਚਮਕ, ਉਹੀ ਲਾਲੀ, ਉਹੀ ਖੁਮਾਰ, ਉਹੀ ਰੋਸ਼ਨੀ।
ਮੈਂ ਬਰਾਂਡੇ ਵਿਚ ਬੈਠਾ ਸੀ। ਦਰਵਾਜੇ ਵਿੱਚੋਂ ਝਾਕਿਆ। ਮੈਂ ਮੁਸਕਰਾ ਕੇ ਬੁਲਾਇਆ। ਉਹ ਮੇਰੀ ਗੋਦੀ ਵਿਚ ਆ ਕੇ ਬੈਠ ਗਿਆ।
ਉਹਦੀਆਂ ਸ਼ਰਾਰਤਾਂ ਸ਼ੁਰੂ ਹੋ ਗਈਆਂ। ਕਦੇ ਕਲਮ ਵੱਲ ਹੱਥ ਵਧਾਇਆ, ਕਦੇ ਕਾਗਜ਼ ਵੱਲ। ਮੈਂ ਗੋਦੀ ਵਿੱਚੋਂ ਉਤਾਰ ਦਿੱਤਾ। ਉਹ ਮੇਜ਼ ਦਾ ਪਾਵਾ ਫੜ ਕੇ ਖੜਾ ਰਿਹਾ। ਘਰ ਅੰਦਰ ਨਹੀਂ ਗਿਆ। ਦਰਵਾਜਾ ਖੁੱਲ੍ਹਾ ਹੋਇਆ ਸੀ।
ਇਕ ਚਿੜੀ ਟੱਪਦੀ ਹੋਈ ਆਈ ਤੇ ਸਾਹਮਣੇ ਵਿਹੜੇ ਵਿੱਚ ਬੈਠ ਗਈ। ਬੱਚੇ ਲਈ ਮਨੋਰੰਜਨ ਦਾ ਇਹ ਨਵਾਂ ਸਮਾਨ ਸੀ। ਉਹ ਉਸ ਵੱਲ ਵਧਿਆ। ਚਿੜੀ ਬਿਲਕੁਲ ਨਹੀਂ ਡਰੀ। ਬੱਚੇ ਨੇ ਸਮਝਿਆ ਕਿ ਹੁਣ ਉਹ ਖੰਭਾ ਵਾਲਾ ਖਿਡੌਣਾ ਹੱਥ ਆ ਗਿਆ। ਉਹ ਬੈਠਕੇ ਚਿੜੀ ਨੂੰ ਦੋਹਾਂ ਹੱਥਾਂ ਨਾਲ ਆਪਣੇ ਕੋਲ ਬੁਲਾਉਂ ਲੱਗਾ। ਚਿੜੀ ਉੱਡ ਗਈ। ਨਿਰਾਸ਼ਾ ਵਿਚ ਬੱਚਾ ਰੋਣ ਲੱਗਾ, ਪਰ ਅੰਦਰ ਦੇ ਦਰਵਾਜੇ ਵੱਲ ਝਾਕਿਆ ਵੀ ਨਹੀਂ। ਦਰਵਾਜਾ ਖੁਲ੍ਹਾ ਹੋਇਆ ਸੀ।
ਗਰਮ ਕੜਾਹ ਦੀ ਮਿੱਠੀ ਪੁਕਾਰ ਆਈ। ਬੱਚੇ ਦਾ ਚਿਹਰਾ ਚਾਅ ਨਾਲ ਖਿੜ ਗਿਆ। ਛਾਬੇ ਵਾਲਾ ਸਾਹਮਣਿਉਂ ਲੰਘਿਆ। ਬੱਚੇ ਨੇ ਮੇਰੇ ਵੱਲ ਬੇਨਤੀ ਭਰੀ ਨਿਗਾਹ ਨਾਲ ਵੇਖਿਆ। ਜਿਉਂ-ਜਿਉਂ ਛਾਬੇ ਵਾਲਾ ਦੂਰ ਗਿਆ, ਬੇਨਤੀ ਵਾਲੀਆਂ ਅੱਖਾਂ ਰੋਸ ਵਿਚ ਬਦਲਦੀਆਂ ਗਈਆਂ। ਇੱਥੋਂ ਤਕ ਕਿ ਜਦੋਂ ਮੋੜ ਆ ਗਿਆ ਤੇ ਛਾਬੇ ਵਾਲਾ ਅੱਖਾਂ ਤੋਂ ਓਹਲੇ ਹੋ ਗਿਆ ਤਾਂ ਰੋਸ ਨੇ ਪੁਰਜ਼ੋਰ ਫਰਿਆਦ ਦੀ ਸੂਰਤ ਅਖਤਿਆਰ ਕਰ ਲਈ। ਪਰ ਮੈਂ ਬਜ਼ਾਰ ਦੀਆਂ ਚੀਜਾਂ ਬੱਚਿਆਂ ਨੂੰ ਖਾਣ ਨਹੀਂ ਦਿੰਦਾ। ਬੱਚੇ ਦੀ ਫਰਿਆਦ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੋਇਆ। ਮੈਂ ਅਗਾਂਹ ਦੀ ਗੱਲ ਸੋਚ ਕੇ ਹੋਰ ਵੀ ਤਣ ਗਿਆ। ਕਹਿ ਨਹੀਂ ਸਕਦਾ ਕਿ ਬੱਚੇ ਨੇ ਆਪਣੀ ਮਾਂ ਦੀ ਅਦਾਲਤ ਵਿਚ ਅਪੀਲ ਕਰਨ ਦੀ ਜ਼ਰੂਰਤ ਸਮਝੀ ਜਾਂ ਨਹੀਂ। ਆਮ ਤੌਰ ਤੇ ਬੱਚੇ ਅਜਿਹੇ ਹਾਲਾਤ ਵਿਚ ਮਾਂ ਕੋਲ ਅਪੀਲ ਕਰਦੇ ਹਨ। ਸ਼ਾਇਦ ਉਹਨੇ ਕੁਝ ਦੇਰ ਲਈ ਅਪੀਲ ਮੁਲਤਵੀ ਕਰ ਦਿੱਤੀ ਹੋਵੇ। ਉਹਨੇ ਦਰਵਾਜੇ ਵੱਲ ਰੁੱਖ ਨਹੀਂ ਕੀਤਾ। ਦਰਵਾਜਾ ਖੁੱਲ੍ਹਾ ਹੋਇਆ ਸੀ।
ਮੈਂ ਹੰਝੂ ਪੂੰਝਣ ਦੇ ਖਿਆਲ ਨਾਲ ਆਪਣਾ ਫਾਊਂਟੇਨਪੈਨ ਉਹਦੇ ਹੱਥ ਵਿਚ ਦੇ ਦਿੱਤਾ। ਬੱਚੇ ਨੂੰ ਜਿਵੇਂ ਸਾਰੇ ਜ਼ਮਾਨੇ ਦੀ ਦੌਲਤ ਮਿਲ ਗਈ। ਉਹਦੀਆਂ ਸਾਰੀਆਂ ਇੰਦਰੀਆਂ ਇਸ ਨਵੀਂ ਸਮੱਸਿਆ ਨੂੰ ਹੱਲ ਕਰਨ ਵਿਚ ਲੱਗ ਗਈਆਂ। ਅਚਾਨਕ ਦਰਵਾਜਾ ਹਵਾ ਨਾਲ ਆਪਣੇ ਆਪ ਬੰਦ ਹੋ ਗਿਆ। ਪਟ ਦੀ ਆਵਾਜ਼ ਬੱਚੇ ਦੇ ਕੰਨਾਂ ਵਿਚ ਪਈ। ਉਹਨੇ ਦਰਵਾਜੇ ਵੱਲ ਵੇਖਿਆ। ਉਹਦਾ ਉਹ ਰੁਝੇਵਾਂ ਤੁਰੰਤ ਖਤਮ ਹੋ ਗਿਆ। ਉਹਨੇ ਫਾਊਂਟੇਨਪੈਨ ਸਿੱਟ ਦਿੱਤਾ ਤੇ ਰੋਂਦਾ ਹੋਇਆ ਦਰਵਾਜੇ ਵੱਲ ਤੁਰ ਪਿਆ, ਕਿਉਂਕਿ ਦਰਵਾਜਾ ਬੰਦ ਹੋ ਗਿਆ ਸੀ।
                                       -0-

Sunday, July 7, 2013

ਹਿੰਦੀ/ ਗੁੜ ਦੀ ਡਲੀ



ਨੀਰੂ ਸ਼ਰਮਾ

ਪਰਸੂਤੀ ਪੀੜ ਦੇ ਸਮੁੰਦਰ ਵਿਚ ਡੁੱਬਦੀ ਮਾਲਤੀ ਦੇ ਕੰਨਾਂ ਵਿਚ ਨਵ-ਜੰਮੇਂ ਬੱਚੇ ਦੀ ਆਵਾਜ਼ ਪੈਂਦਿਆਂ ਹੀ, ਜ਼ੋਰ ਲਾ ਕੇ ਬੰਦ ਕੀਤੇ ਉਸ ਦੇ ਬੁੱਲ੍ਹਾਂ ਉੱਤੇ ਮੁਸਕਰਾਹਟ ਫੈਲ ਗਈ। ਉਹ ਉਸ ਪਲ ਜਨਮ ਦਾਤੀ ਹੋਣ ਦਾ ਮਾਣ ਮਹਿਸੂਸ ਕਰ ਰਹੀ ਸੀ ਕਿ ਉਸ ਨੂੰ ਦਾਈ ਮਾਂ ਦੀ ਆਵਾਜ਼ ਸੁਣਾਈ ਦਿੱਤੀ, ਘਰ ਵਿਚ ਲੱਛਮੀ ਆਈ ਐ!
ਦਾਈ ਮਾਂ ਦੀ ਗੱਲ ਸੁਣਦਿਆਂ ਹੀ ਘਰ ਵਿਚ ਚੁੱਪ ਜਿਹੀ ਛਾ ਗਈ। ਉਸੇ ਸਮੇਂ ਚਾਰ ਸਾਲਾਂ ਦੀ ਬੁਲਬੁਲ ਚਹਿਕਦੀ ਹੋਈ ਕਮਰੇ ਵਿਚ ਆਈ। ਉਸ ਨੇ ਆਪਣੇ ਨਿੱਕੇ ਜਿਹੇ ਹੱਥ ਵਿਚ ਗੁੜ ਦੀ ਡਲੀ ਫੜੀ ਹੋਈ ਸੀ।
ਪਾਪਾ! ਪਾਪਾ! ਦਾਦੀ! ਦਾਦੀ! ਦੇਖੋ ਮੈਨੂੰ ਕੀ ਮਿਲਿਐ।ਕਹਿੰਦੇ ਹੋਏ ਉਸ ਨੇ ਹਥੇਲੀ ਉਹਨਾਂ ਅੱਗੇ ਕਰ ਦਿੱਤੀ।
ਆਹ ਗੁੜ ਕਿੱਥੋਂ ਲਿਆਈ ਐਂ?ਉਸ ਦੇ ਪਾਪਾ ਨੇ ਪੁੱਛਿਆ।
 ਬਹੁਤ ਹੀ ਮਾਸੂਮੀਅਤ ਨਾਲ ਉਹ ਬੋਲੀ, ਪਾਪਾ, ਸੋਨੂੰ ਐ ਨਾ ਸੋਨੂੰ! ਉਨ੍ਹਾਂ ਦੀ ਗਾਂ ਨੇ ਵੱਛੀ ਦਿੱਤੀ ਐ।  ਉਹਦੀ ਦਾਦੀ ਗੁੜ ਵੰਡ ਰਹੀ ਐ, ਤੇ ਕਹਿ ਰਹੀ ਐ…ਬਹੁਤ ਈ ਕਰਮਾਂ ਵਾਲੀ ਗਾਂ ਐ…ਹਰ ਸਾਲ ਵੱਛੀ ਦਿੰਦੀ ਐ। 
ਇਹ ਕਹਿੰਦੇ ਹੋਏ ਉਸਨੇ ਆਪਣੀ ਛੋਟੀ ਜਿਹੀ ਭੈਣ ਦਾ ਮੱਥਾ ਚੁੰਮ ਲਿਆ। ਫਿਰ ਬੋਲੀ, ਦਾਦੀ ਜੀ! ਤੁਸੀਂ ਗੁੜ ਕਦੋਂ ਵੰਡੋਗੇ?
                                         -0-

Monday, July 1, 2013

ਹਿੰਦੀ / ਮਮਤਾ



 ਅਨੂਪ ਸ਼੍ਰੀਵਾਸਤਵ

ਮੈਂ ਰੋਹਿਤ ਨੂੰ ਰੋਜ਼ ਲੰਚ ਆਪਣੇ ਵੱਲੋਂ ਕੁਝ ਜ਼ਿਆਦਾ ਹੀ ਦਿੰਦੀ ਸੀ, ਵਧਦੀ ਉਮਰ ਵਿਚ ਜ਼ਰੂਰੀ ਸਮਝ ਕੇ। ਪਰ ਉਹ ਸਕੂਲੋਂ ਆਉਂਦੇ ਹੀ, ਕੁਝ ਖਾਣ ਲਈ ਇਸ ਤਰ੍ਹਾਂ ਮੰਗਦਾ ਜਿਵੇਂ ਕਿ ਭੁੱਖਾ ਆ ਰਿਹਾ ਹੋਵੇ। ਮੈਂਨੂੰ ਬਹੁਤ ਗੁੱਸਾ ਆਉਂਦਾ, ਪਰ ਕਹਿੰਦੀ ਕੁਝ ਨਾ। ਇਕ ਦਿਨ ਰੋਹਿਤ ਇਕ ਮੁੰਡੇ ਨਾਲ ਘਰ ਮੁੜਿਆ ਤੇ ਬੋਲਿਆ, ਮੰਮੀ, ਇਹ ਆਕਾਸ਼ ਹੈ, ਮੇਰਾ ਬੈਸਟ ਫਰੈਂਡ।
ਜਦੋਂ ਰੋਹਿਤ ਅੰਦਰ ਕਪੜ ਬਦਲ ਰਿਹਾ ਸੀ ਤਦ ਆਕਾਸ਼ ਬੋਲਿਆ, ਆਂਟੀ, ਤੁਸੀਂ ਖਾਣਾ ਬਹੁਤ ਵਧੀਆ ਬਣਾਉਂਦੇ ਓ।
ਚੰਗਾ ਤਾਂ ਇਹ ਗੱਲ ਹੈ, ਹੁਣ ਮੇਰੀ ਸਮਝ ਵਿਚ ਆਇਆ। ਪਤਾ ਨਹੀਂ ਕਿਉਂ ਮੈਂ  ਇਕਦਮ ਗੁੱਸੇ ਨਾਲ ਝੁੰਜਲਾ ਉੱਠੀ ਤੇ ਅੰਦਰ ਜਾ ਕੇ ਰੋਹਿਤ ਉੱਤੇ ਵਰ੍ਹ ਪਈ, ਮੈਂ ਏਨੀ ਮਿਹਨਤ ਨਾਲ ਆਪਣੇ ਹੱਥੀਂ ਭੋਜਨ ਬਣਾ ਕੇ ਤੈਨੂੰ ਦਿੰਦੀ ਆਂ ਤੇ ਤੂੰ ਉਹ ਇਸ ਆਕਾਸ਼ ਨੂੰ ਖੁਆ ਦਿਨੈਂ! ਆਖਰ ਕਿਉਂ?
ਟੀ ਸ਼ਰਟ ਪਾਉਂਦੇ ਰੋਹਿਤ ਦੇ ਹੱਥ ਰੁਕ ਗਏ। ਉਹ ਬੜੀ ਮਾਸੂਮੀਅਤ ਨਾਲ ਬੋਲਿਆ, ਆਕਾਸ਼ ਦੀ ਮੰਮੀ ਨਹੀਂ ਹੈ। ਇਹਦੇ ਘਰ ’ਚ ਖਾਣਾ ਨੌਕਰ ਬਣਾਉਂਦਾ ਹੈ। ਪਰ ਇਹਦਾ ਮਨ ਮੰਮੀ ਦੇ ਹੱਥ ਦਾ ਖਾਣਾ ਖਾਣ ਦਾ ਹੁੰਦਾ ਹੈ, ਇਸਲਈ।
ਮੈਂਨੂੰ ਲੱਗਾ, ਜਿਵੇਂ ਮੇਰੇ ਅੰਦਰ ਕਿਤੇ ਕੁਝ ਭਿੱਜ ਗਿਆ ਹੈ। ਪਤਾ ਨਹੀਂ ਕਿਉਂ ਇੰਜ ਲੱਗਾ ਕਿ ਮੈਂ ਮਾਂ ਤਾਂ ਬਹੁਤ ਪਹਿਲਾਂ ਬਣ ਗਈ ਸੀ, ਪਰ ਸਹੀ ਮਮਤਾ ਅੱਜ ਹੀ ਮਿਲੀ ਹੈ।
                                  -0-