ਵਾਂਗ ਮੰਗਸ਼ੀ(ਚੀਨ)
ਸ਼੍ਰੀਮਾਨ ਈ ਪਿਛਲੇ ਕਈ ਵਰ੍ਹਿਆਂ ਤੋਂ ਸਾਹਿਤ ਦੀ
ਦੁਨੀਆਂ ਵਿੱਚ ਸੰਘਰਸ਼ਸ਼ੀਲ ਸਨ, ਪਰੰਤੂ ਉਹਨਾਂ ਨੂੰ ਅਜੇ ਤਕ ਲੋੜੀਂਦੀ ਪ੍ਰਸਿੱਧੀ ਨਹੀਂ ਮਿਲੀ ਸੀ।
ਉਹਨਾਂ ਨੇ ਆਪਣੇ ਸਾਰੇ ਸੰਪਰਕਾਂ ਦਾ ਇਸਤੇਮਾਲ ਕੀਤਾ, ਪਰ ਫਿਰ ਵੀ ਸ਼ੁਹਰਤ ਨਹੀਂ ਮਿਲੀ। ਇੱਕ ਦਿਨ
ਉਹਨਾਂ ਦੀ ਮੁਲਾਕਾਤ ਪ੍ਰਸਿੱਧ ਆਲੋਚਕ ਸ਼੍ਰੀਮਾਨ ਚਿਆਂਗ ਨਾਲ ਹੋ ਗਈ। ਉਹਨਾਂ ਨੇ ਸ਼੍ਰੀਮਾਨ ਚਿਆਂਗ
ਨੂੰ ਭੋਜਨ ’ਤੇ ਸੱਦਾ ਦਿੱਤਾ।
ਸ਼੍ਰੀਮਾਨ ਈ ਦੀ ਮਹਿਮਾਨ ਨਿਵਾਜ਼ੀ ਤੋਂ ਪ੍ਰਸੰਨ ਹੋ ਕੇ ਸ਼੍ਰੀਮਾਨ ਚਿਆਂਗ ਨੇ ਕਿਹਾ, “ਤੁਹਾਡੀ ਬੇਕਦਰੀ ਠੀਕ ਨਹੀਂ
ਹੈ। ਮੈਂ ਤੁਹਾਡੇ ਬਾਰੇ ਇੱਕ ਪ੍ਰਸ਼ੰਸਾਤਮਕ ਲੇਖ ਲਿਖਾਗਾਂ ਤੇ ਉਸਨੂੰ ਕਿਸੇ ਪ੍ਰਸਿੱਧ ਅਖ਼ਬਾਰ ’ਚ ਪ੍ਰਕਾਸ਼ਿਤ ਕਰਵਾਵਾਂਗਾ।
ਤੁਹਾਡੀਆਂ ਰਚਨਾਵਾਂ ਦੀ ਤੁਲਨਾ…।”
ਸ਼੍ਰੀਮਾਨ ਚਿਆਂਗ ਦੀ ਗੱਲ ਪੂਰੀ
ਹੋਣ ਤੋਂ ਪਹਿਲਾਂ ਹੀ ਸ਼੍ਰੀਮਾਨ ਈ ਨੇ ਕਿਹਾ, “ਕ੍ਰਿਪਾ ਕਰ ਕੇ ਤੁਸੀਂ ਮੇਰੀਆਂ
ਰਚਨਾਵਾਂ ਦੀ ਪ੍ਰਸ਼ੰਸਾ ਨਾ ਕਰਨਾ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੀਆਂ ਰਚਨਾਵਾਂ
ਦੀ ਆਲੋਚਨਾ ਕਰੋ। ਆਪਣੇ ਪਿਛਲੇ ਦਸਾਂ ਵਰ੍ਹਿਆਂ ਦੀ ਜਾਣਕਾਰੀ ਦੇ ਆਧਾਰ ’ਤੇ ਮੈਂ ਕਹਿ ਸਕਦਾ ਹਾਂ ਕਿ ਤੁਸੀਂ
ਜਿਨ੍ਹਾਂ ਕਿਰਤਾਂ ਦੀ ਆਲੋਚਨਾ ਕੀਤੀ ਹੈ, ਉਹ ਦੇਸ਼-ਵਿਦੇਸ਼ ’ਚ ਪ੍ਰਸਿੱਧ ਹੋ ਗਈਆਂ। ਇਸ ਨਾਲ
ਤੁਹਾਡਾ ਮਾਨ ਵੀ ਵਧੇਗਾ ਤੇ ਪੈਸੇ ਵੀ ਮਿਲਣਗੇ। ਇਸੇ ਨੂੰ ਪਰਸਪਰ ਸਹਿਯੋਗ ਕਹਿੰਦੇ ਹਨ।”
-0-