ਰਾਮੇਸ਼ਵਰ ਕੰਬੋਜ ਹਿਮਾਂਸ਼ੂ
ਦੋ ਜਵਾਨ
ਪੁੱਤਰ ਮਰ ਗਏ । ਦਸ ਸਾਲ ਪਹਿਲਾਂ ਪਤੀ ਵੀ ਚਲਾ ਗਿਆ । ਦੌਲਤ ਦੇ ਨਾਂ ਉੱਤੇ ਬਚੀ ਸੀ ਇਕ ਸਿਲਾਈ ਮਸ਼ੀਨ । ਸੱਤਰ ਸਾਲਾ ਬੁੱਢੀ
ਪਾਰੋ, ਪਿੰਡ ਵਾਲਿਆਂ ਦੇ ਕਪੜੇ ਸਿਉਂਦੀ ਰਹਿੰਦੀ । ਬਦਲੇ ਵਿਚ ਕੋਈ ਚੌਲ ਦੇ ਜਾਂਦਾ, ਕੋਈ ਕਣਕ
ਜਾਂ ਬਾਜਰਾ । ਸਿਲਾਈ ਕਰਦੇ ਸਮੇਂ ਉਹਦੀ ਕਮਜ਼ੋਰ ਗਰਦਨ ਡਮਰੂ ਦੀ ਤਰ੍ਹਾਂ ਹਿਲਦੀ ਰਹਿੰਦੀ ।
ਦਰਵਾਜੇ ਅੱਗੋਂ ਜੋ ਵੀ ਲੰਘਦਾ, ਉਹ ਉਸ ਨੂੰ ‘ਰਾਮ ਰਾਮ’ ਕਹਿਣਾ ਨਾ ਭੁੱਲਦੀ ।
ਰਹਿਮ
ਦਿਖਾਉਣ ਵਾਲਿਆਂ ਨਾਲ ਉਹਨੂੰ ਚਿੜ ਸੀ । ਬੱਚੇ ਦਰਵਾਜੇ ਉੱਤੇ ਆ ਕੇ ਊਧਮ ਮਚਾਉਂਦੇ, ਪਰ ਪਾਰੋ
ਉਹਨਾਂ ਨੂੰ ਕਦੇ ਬੁਰਾ-ਭਲਾ ਨਾ ਕਹਿੰਦੀ । ਉਹ ਤਾਂ ਸਗੋਂ ਖੁਸ਼ ਹੁੰਦੀ । ਪ੍ਰਧਾਨ ਜੀ ਕੁੜੀਆਂ ਦੇ
ਸਕੂਲ ਲਈ ਚੰਦਾ ਇਕੱਠਾ ਕਰਨ ਲਈ ਨਿਕਲੇ ਤਾਂ ਪਾਰੋ ਦੇ ਘਰ ਦੀ ਹਾਲਤ ਵੇਖ ਕੇ ਪਿਘਲ ਗਏ, “ ਦਾਦੀ, ਤੂੰ ਕਹੇਂ
ਤਾਂ ਤੈਨੂੰ ਬੁਢਾਪਾ ਪੈਨਸ਼ਨ ਦਿਵਾਉਣ
ਦੀ ਕੋਸ਼ਿਸ਼ ਕਰਾਂ ?”
ਪਾਰੋ ਜ਼ਖ਼ਮੀ ਜਿਹੀ ਹੋ ਕੇ ਬੋਲੀ, “ ਪ੍ਰਮਾਤਮਾ ਨੇ ਦੋ
ਹੱਥ ਦਿੱਤੇ ਹਨ । ਮੇਰੀ ਮਸ਼ੀਨ ਅੱਧਾ ਪੇਟ ਰੋਟੀ ਤਾਂ ਦੇ ਹੀ ਦਿੰਦੀ ਹੈ । ਮੈਂ ਕਿਸੇ ਅੱਗੇ ਹੱਥ
ਨਹੀਂ ਅੱਡਾਂਗੀ । ਕੀ ਤੂੰ ਇਹੀ ਕਹਿਣ ਆਇਆ ਸੀ ?”
“ ਮੈਂ ਤਾਂ ਕੁੜੀਆਂ
ਦੇ ਸਕੂਲ ਲਈ ਚੰਦਾ ਲੈਣ ਆਇਆ ਸੀ । ਪਰ ਤੇਰੇ ਘਰ ਦੀ ਹਾਲਤ ਵੇਖ ਕੇ…।”
“ ਤੂੰ ਕੁੜੀਆਂ ਦਾ
ਸਕੂਲ ਬਣਵਾਏਂਗਾ ?” ਪਾਰੋ ਦੇ ਝੁਰੜੀਆਂ ਭਰੇ ਚਿਹਰੇ ਉੱਤੇ ਸਵੇਰ ਦੀ ਧੁੱਪ ਖਿੜ ਗਈ ।
“ ਹਾਂ, ਇਕ ਦਿਨ
ਜ਼ਰੂਰ ਬਣਵਾਊਂਗਾ ਦਾਦੀ । ਬਸ ਤੇਰਾ ਅਸ਼ੀਰਵਾਦ ਚਾਹੀਦੈ ।”
ਪਾਰੋ ਗੋਡੇ ਉੱਤੇ ਹੱਥ ਰੱਖਕੇ ਉੱਠੀ ਅਤੇ ਆਲੇ
ਵਿਚ ਰੱਖੀ ਜੰਗ-ਖਾਧੀ ਸੰਦੂਕੜੀ ਚੁੱਕ ਲਿਆਈ । ਕਾਫੀ ਦੇਰ ਉਲਟ-ਪੁਲਟ ਕਰਨ ਤੇ ਇਕ ਬਟੂਆ ਨਿਕਲਿਆ ।
ਬਟੂਏ ਵਿੱਚੋਂ ਤਿੰਨ ਸੌ ਰੁਪਏ ਕੱਢ ਕੇ, ਪਾਰੋ ਨੇ ਪ੍ਰਧਾਨ ਜੀ ਦੀ ਹਥੇਲੀ ਉੱਤੇ ਰੱਖ ਦਿੱਤੇ, “ ਪੁੱਤਰ! ਸੋਚਿਆ ਸੀ,
ਮਰਨ ਤੋਂ ਪਹਿਲਾਂ ਗੰਗਾ-ਇਸ਼ਨਾਨ ਲਈ ਜਾਵਾਂਗੀ । ਉਸੇ ਲਈ ਜੋੜ ਕੇ ਇਹ ਪੈਸੇ ਰੱਖੇ ਸਨ ।”
“ ਤਾਂ ਇਹ ਪੈਸੇ
ਮੈਨੂੰ ਕਿਉਂ ਦੇ ਰਹੀ ਐਂ ? ਗੰਗਾ ਇਸ਼ਨਾਨ ਨੂੰ ਨਹੀਂ ਜਾਣਾ ?”
“ ਪੁੱਤਰ, ਤੂੰ ਸਕੂਲ
ਬਣਵਾਏਂ ! ਇਸ ਤੋਂ ਵੱਡਾ ਗੰਗਾ-ਇਸ਼ਨਾਨ ਹੋਰ ਕੀ ਹੋਵੇਗਾ !” ਕਹਿਕੇ ਪਾਰੋ ਫਿਰ ਕਪੜੇ ਸਿਉਣ ਲੱਗ ਪਈ ।
-0-
No comments:
Post a Comment