ਪ੍ਰਤਿਮਾ
ਸ਼੍ਰੀਵਾਸਤਵ
ਨੈਂਸੀ ਅਤੇ ਵੀਨਾ ਸਰਕਾਰੀ ਦਫਤਰ ਵਿਚ ਕਈ ਸਾਲਾਂ ਤੋਂ ਕੰਮ ਕਰ ਰਹੀਆਂ
ਸਨ। ਪਿਛਲੇ ਕਈ ਸਾਲਾਂ ਤੋਂ ਉਹ ਉਡੀਕ ਰਹੀਆਂ ਸਨ ਕਿ ਬੋਨਸ ਮਿਲੇ ਤਾਂ ਦੋਨੋਂ ਸਹੇਲੀਆਂ ਇਕੱਠੀਆਂ
ਜਡ਼ਾਊ ਕੰਗਣ ਲੈਣ। ਪਰ ਹਰ ਸਾਲ ਕੋਈ ਨਾ ਕੋਈ ਜ਼ਰੂਰੀ ਖਰਚ ਆ ਜਾਂਦਾ ਤੇ ਕੰਗਣ ਰਹਿ ਜਾਂਦੇ। ਇਸ
ਸਾਲ ਨੀਨਾ ਨੇ ਕਿਹਾ, “ਨੈਂਸੀ, ਜੋ ਮਰਜ਼ੀ ਹੋਜੇ ਇਸ ਵਾਰ ਬੋਨਸ ਤੋਂ ਕੰਗਣ ਜ਼ਰੂਰ ਲੈਣੇ ਐ। ਪਿਛਲੇ ਸਾਲ ਤੂੰ ਆਪਣੀ
ਭੈਣ ਦੀ ਫੀਸ ਭਰ ਦਿੱਤੀ ਸੀ, ਮੈਂ ਆਪਣੀ ਸੱਸ ਦੇ ਦੰਦਾਂ ਦਾ ਸੈੱਟ ਲਵਾ ਦਿੱਤਾ ਸੀ। ਕਿੰਨੇ ਸਾਲਾਂ
ਤੋਂ ਕੰਗਣ ਨਹੀਂ ਲਏ ਜਾ ਰਹੇ ਹਨ।”
ਕੰਗਣ ਦੇ ਮੋਹਕ ਡਿਜਾਇਨ ਦੀ ਕਲਪਣਾ ਵਿਚ ਗੁਆਚਦੇ ਹੋਏ ਨੈਂਸੀ ਨੇ ਕਿਹਾ, “ਹਾਂ ਵੀਨਾ, ਅਸੀਂ ਕੰਗਣ ਜ਼ਰੂਰ ਲਵਾਂਗੀਆਂ। ਮੈਨੂੰ ਤਾਂ ਖੁਦ
ਤੇ ਤਰਸ ਆਉਂਦੈ, ਇੱਛਾਵਾਂ ਨੂੰ ਮਾਰਨ ਦੀ ਵੀ ਕੋਈ ਹੱਦ ਹੁੰਦੀ ਐ।”
ਤੈਅ ਹੋਇਆ ਕਿ ਕੰਗਣ ਦੀਵਾਲੀ ਤੋਂ ਪਹਿਲਾਂ
ਹੀ ਲੈ ਲਏ ਜਾਣ।
‘ਕਾਸ਼ੀ ਜਿਊਲਰਜ’ ਦੀ ਦੁਕਾਨ ਉੱਤੇ ਬਹੁਤ ਸਾਰੇ ਕੰਗਣ ਦੇਖੇ ਗਏ। ਪਰੰਤੂ ਜੋ ਪਸੰਦ ਆਉਂਦੇ, ਉਹ
ਪਹੁੰਚ ਤੋਂ ਬਾਹਰ ਹੁੰਦੇ। ਜੋ ਬੋਨਸ ਦੇ ਰੁਪਈਆਂ ਵਿਚ ਆ ਸਕਦੇ ਸਨ, ਉਹ ਪਸੰਦ ਨਹੀਂ ਆਏ।
ਖਿੱਝਕੇ ਦੋਨੋਂ ਦੁਕਾਨ ਤੋਂ ਬਾਹਰ ਆ ਗਈਆਂ। ਵੀਨਾ ਨੇ ਭੇਲਪੂਰੀ ਖਰੀਦੀ ਤੇ ਨੈਂਸੀ ਦੇ ਹੱਥ
ਉੱਤੇ ਰੱਖਦੀ ਹੋਈ ਬੋਲੀ, “ਨੈਂਸੀ, ਤੂੰ ਕਹਿ ਰਹੀ ਸੀ ਕਿ ਕਿਚਨ ’ਚ ਲੈਂਟਰ ਪੁਆਉਣੈ।”
“ਹਾਂ, ਤੇ ਤੂੰ ਕਹਿ ਰਹੀ ਸੀ ਕਿ ਛੋਟੇ ਭਰਾ ਨੂੰ ਕੋਈ
ਪ੍ਰੋਫੈਸ਼ਨਲ ਕੋਰਸ ਕਰਵਾਉਣੈ। ਇੰਜ ਕਰਦੇ ਐਂ ਕਿ ਮੈਂ ਲੈਂਟਰ ਪੁਆ ਲੈਨੀਂ ਆਂ ਤੇ ਤੂੰ ਭਰਾ ਦੀ ਫੀਸ
ਭਰ ਦੇ…ਕੰਗਣ ਅਸੀਂ ‘ਆਰਟੀਫਿਸ਼ਲ’ ਲੈ ਲੈਨੇਂ ਆਂ, ਅਸਲੀ ਵਰਗੇ ਈ ਤਾਂ ਲਗਦੇ ਹਨ। ਸੋਨੇ ਦੇ ਲੈ ਕੇ
ਲਾਕਰ ’ਚ ਰੱਖਣ ਦਾ ਕੀ ਫਾਇਦਾ?”
ਥੱਕੀ-ਹਾਰੀ ਗੁੰਮਸੁੰਮ ਨਿਗ੍ਹਾ ਨਾਲ ਦੋਨਾਂ
ਨੇ ਇਕ-ਦੂਜੀ ਨੂੰ ਦੇਖਿਆ ਤੇ ਫਿਰ ਠਹਾਕਾ ਲਾ ਕੇ ਭੇਲਪੂਰੀ ਖਾਣ ਲੱਗੀਆਂ।
-0-
No comments:
Post a Comment