Monday, May 20, 2013

ਹਿੰਦੀ/ ਟੁੱਟੇ ਖਿਡੌਣੇ



ਸਕੀਨਾ ਅਖਤਰ

ਅਨਾਥ-ਆਸ਼ਰਮ ਦੀਆਂ ਪੌੀਆਂ ਉੱਤੇ ਗੁੰਮਸੁੰਮ ਬੈਠੀ ਆਲੀਆ ਪਤਾ ਨਹੀਂ ਕਿਨ੍ਹਾਂ ਖਿਆਲਾਂ ਵਿਚ ਗੁਆਚੀ ਹੋਈ ਸੀ ਕਿ ਅਚਾਨਕ ਆਪਣਾ ਨਾਂ ਸੁਣਕੇ ਚੌਂਕ ਪਈ।
ਆਲੀਆ, ਤੈਨੂੰ ਅੱਬਾਜੀ ਬੁਲਾ ਰਹੇ ਨੇ।ਆਸ਼ਰਮ ਦੇ ਚਪਾਸੀ ਨੇ ਅਵਾਜ਼ ਦਿੱਤੀ।
ਅੱਬਾ ਜੀ ਦਰਅਸਲ ਇਸ ਆਸ਼ਰਮ ਦੇ ਕਰਤਾ-ਧਰਤਾ ਸਨ। ਨੌਕਰੀ ਤੋਂ ਰਿਟਾਇਰ ਹੋਣ ਮਗਰੋਂ ਉਹਨਾਂ ਨੇ ਇਸ ਆਸ਼ਰਮ ਦਾ ਕਾਰਜਭਾਰ ਸੰਭਾਲ ਲਿਆ ਸੀ। ਉਹ ਬਹੁਤ ਹੀ ਨੇਕ ਇਨਸਾਨ ਸਨ। ਆਸ਼ਰਮ ਦੇ ਬੱਚੇ ਉਹਨਾਂ ਨੂੰ ਅੱਬਾਜੀ ਕਹਿਕੇ ਬੁਲਾਉਂਦੇ ਸਨ। ਆਲੀਆ ਨੇ ਸੋਚਿਆ, ਕੋਈ ਕੰਮ ਹੋਵੇਗਾ। ਉਹ ਤੁਰੰਤ ਪੌੀਆਂ ਤੋਂ ਉਠਕੇ ਉਹਨਾਂ ਕੋਲ ਪਹੁੰਚ ਗਈ, ਅੱਬਾਜੀ ਤੁਸੀਂ ਬੁਲਾਇਆ ਸੀ!
ਹਾਂ ਆਲੀਆ, ਛੇਤੀ ਦੇਣੇ ਤਿਆਰ ਹੋ ਜਾ।
ਕਿੱਥੇ ਜਾਣਾ ਹੈ?
ਤੇਰੇ ਘਰ।
ਆਲੀਆ ਹੁਣ ਉੱਥੇ ਨਹੀਂ ਜਾਣਾ ਚਾਹੁੰਦੀ ਸੀ। ਪਰ ਨਾ ਚਾਹੁੰਦੇ ਹੋਏ ਵੀ ਉਹਨੂੰ ਜਾਣ ਲਈ ਤਿਆਰ ਹੋਣਾ ਪਿਆ। ਜੀਪ ਠੀਕ ਉੱਥੇ ਜਾਕੇ ਰੁਕੀ, ਜਿੱਥੇ ਕਦੇ ਉਹਦਾ ਘਰ ਹੁੰਦਾ ਸੀ। ਘਰਇਕ ਪੂਰਾ ਪਰਿਵਾਰ, ਪਰ ਅੱਜ ਉਹ ਮਲਬੇ ਦੇ  ਢੇਰ ਵਿਚ ਤਬਦੀਲ ਹੋ ਚੁੱਕਾ ਸੀ।
ਆਲੀਆ ਨੂੰ ਦੇਖਕੇ ਆਂਢ ਗੁਆਂਢ ਦੇ ਲੋਕ ਜਮਾ ਹੋ ਗਏ ਤੇ ਉਸਨੂੰ ਢਾਰਸ ਬਨ੍ਹਾਉਣ ਲੱਗੇ। ਆਲੀਆ ਦੀਆਂ ਅੱਖਾਂ ਅੱਗੇ ਉਹ ਦ੍ਰਿਸ਼ ਸਜੀਵ ਹੋ ਗਿਆ ਜਦੋਂ ਉਹ ਆਖਰੀ ਵਾਰ ਆਪਣੇ ਭੈਣ ਭਰਾਵਾਂ ਨਾਲ ਖੇਡ ਰਹੀ ਸੀ। ਤੇ ਅਚਾਨਕ ਇਕ ਧਮਾਕਾ ਹੋਇਆ ਸੀ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਸਪਾਸ ਦੇ ਮਕਾਨ ਵੀ ਤਬਾਹ ਹੋ ਗਏ ਸਨ। ਕੇਵਲ ਉਹੀ ਬਚ ਪਾਈ ਸੀ, ਉਹ ਵੀ ਜ਼ਖ਼ਮੀ ਹਾਲਤ ਵਿਚ। ਜਦੋਂ ਉਹਨੂੰ ਹੋਸ਼ ਆਇਆ ਤਾਂ ਪਤਾ ਲੱਗਾ ਕਿ ਉਹ ਆਪਣੇ ਮਾਂ-ਪਿਓ ਤੇ ਭੈਣ-ਭਰਾ ਸਭ ਗੁਆ ਚੁੱਕੀ ਹੈ। ਕੁਝ ਦਿਨਾਂ ਬਾਦ ਹੀ ਰਿਸ਼ਤੇਦਾਰਾਂ ਨੇ ਉਹਨੂੰ ਅਨਾਥ-ਆਸ਼ਰਮ ਭੇਜ ਦਿੱਤਾ ਸੀ।
ਆਲੀਆ ਪੁਰਾਣੀਆਂ ਯਾਦਾਂ ਵਿਚ ਗੁਆਚੀ ਹੋਈ ਸੀ। ਤਦੇ ਇਕ ਬਜ਼ੁਰਗ ਨੇ ਵਿਹੇ ਵਿਚ ਪਏ ਸਮਾਨ ਵੱਲ ਇਸ਼ਾਰਾ ਕਰਦੇ ਹੋਏ ਉਸਨੂੰ ਕਿਹਾ, ਬੇਟੀ, ਅਸੀਂ ਇਸ ਮਲਬੇ ਦੇ ਢੇਰ ਵਿੱਚੋਂ ਕੁਝ ਸਮਾਨ ਕੱਢਿਆ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਤੂੰ ਲੈ ਜਾਵੇਂ, ਕਿਉਂਕਿ ਹੁਣ ਤੂੰ ਹੀ ਇਨ੍ਹਾਂ ਦੀ ਇੱਕੋ-ਇੱਕ ਵਾਰਸ ਐਂ।
ਆਲੀਆ ਉਸ ਸਮਾਨ ਵੱਲ ਵਧੀ। ਉੱਥੇ ਕਈ ਕੀਮਤੀ ਚੀਜ਼ਾਂ ਪਈਆਂ ਸਨ। ਉਹ ਕਾਫੀ ਦੇਰ ਤਕ ਉਹਨਾਂ ਚੀਜ਼ਾਂ ਨੂੰ ਗੌਰ ਨਾਲ ਦੇਖਦੀ ਰਹੀ। ਉਹਦੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਰਹੇ, ਪਰ ਭੁੱਖ ਸ਼ਾਂਤ ਰਹੀ। ਉਹਨੇ ਕੰਬਦੇ ਹੱਥਾਂ ਨਾਲ ਕੇਵਲ ਉਹ ਟੁੱਟੇ ਹੋਏ ਖਿਡੌਣੇ ਚੁੱਕੇ, ਜਿਨ੍ਹਾਂ ਨਾਲ ਉਹ ਆਪਣੇ ਭੈਣ ਭਰਾਵਾਂ ਨਾਲ ਖੇਡਦੀ ਹੁੰਦੀ ਸੀ।
ਫਿਰ ਉਹ ਹੌਲੇ-ਹੌਲੇ ਜੀਪ ਵੱਲ ਤੁਰ ਪਈ।
                                        -0-

No comments: