Sunday, May 26, 2013

ਹਿੰਦੀ/ ਦਰਸ਼ਕ



ਜਯਾ ਨਰਗਿਸ

ਮੈਦਾਨ ਵਿੱਚ ਫੁੱਟਬਾਲ ਦਾ ਮੈਚ ਹੋ ਰਿਹਾ ਸੀ। ਦੋਨੋਂ ਟੀਮਾਂ ਅੱਵਲ ਦਰਜੇ ਦੀਆਂ। ਟੱਕਰ ਬਰਾਬਰੀ ਦੀ। ਦਰਸ਼ਕਾਂ ਦੇ ਸਿਰ ਉੱਪਰ ਜਨੂਨ ਸਵਾਰ। ਆਪਣੀ-ਆਪਣੀ ਟੀਮ ਦੇ ਪੱਖ ਵਿੱਚ ਜ਼ੋਰਦਾਰ ਮੁਹਿੰਮ ਛੇੜੀ ਹੋਈ।
ਹਰ ਗੋਲ ਮਗਰੋਂ ਜਨੂਨ ਦਹਸ਼ਤ ਵਿੱਚ ਬਦਲਦਾ ਹੋਇਆ। ਮਾਰੋਮਾਰ ਵਾਲਾ ਮੁਕਾਬਲਾ ਅਚਾਨਕ ਖੂਨ-ਖਰਾਬੇ ਵਿੱਚ ਤਬਦੀਲ ਹੋ ਗਿਆ। ਖਿਡਾਰੀਆਂ ਨੂੰ ਗੁੱਥਮਗੁੱਥਾ ਹੋਏ ਦੇਖ, ਦਰਸ਼ਕ ਵੀ ਮੈਦਾਨ ਵਿੱਚ ਕੁੱਦ ਪਏ। ਪਾਨੀਪੱਤ ਦੀ ਲੜਾਈ ਸਾਕਾਰ ਹੋ ਉੱਠੀ।
ਖਾਲੀ ਪਈ ਦਰਸ਼ਕ ਗੈਲਰੀਆਂ ਵਿੱਚ ਪੁਲਿਸ ਪੱਸਰ ਗਈ। ਖਿਡਾਰੀ ਮੈਦਾਨ ਛੱਡ ਕੇ ਭੱਜ ਚੁੱਕੇ ਹਨ। ਪਰ ਦਰਸ਼ਕਾਂ ਵਿੱਚ ਘਮਾਸਾਨ ਜਾਰੀ ਹੈ। ਤੇ ਪੁਲਿਸ ਨਵੇਂ ਦਰਸ਼ਕਾਂ ਦੇ ਰੂਪ ਵਿੱਚ ਇਸ ਖੂਨੀ ਖੇਡ ਦਾ ਮਜ਼ਾ ਲੈ ਰਹੀ ਹੈ।
                                              -0-
                                                           






























Monday, May 20, 2013

ਹਿੰਦੀ/ ਟੁੱਟੇ ਖਿਡੌਣੇ



ਸਕੀਨਾ ਅਖਤਰ

ਅਨਾਥ-ਆਸ਼ਰਮ ਦੀਆਂ ਪੌੀਆਂ ਉੱਤੇ ਗੁੰਮਸੁੰਮ ਬੈਠੀ ਆਲੀਆ ਪਤਾ ਨਹੀਂ ਕਿਨ੍ਹਾਂ ਖਿਆਲਾਂ ਵਿਚ ਗੁਆਚੀ ਹੋਈ ਸੀ ਕਿ ਅਚਾਨਕ ਆਪਣਾ ਨਾਂ ਸੁਣਕੇ ਚੌਂਕ ਪਈ।
ਆਲੀਆ, ਤੈਨੂੰ ਅੱਬਾਜੀ ਬੁਲਾ ਰਹੇ ਨੇ।ਆਸ਼ਰਮ ਦੇ ਚਪਾਸੀ ਨੇ ਅਵਾਜ਼ ਦਿੱਤੀ।
ਅੱਬਾ ਜੀ ਦਰਅਸਲ ਇਸ ਆਸ਼ਰਮ ਦੇ ਕਰਤਾ-ਧਰਤਾ ਸਨ। ਨੌਕਰੀ ਤੋਂ ਰਿਟਾਇਰ ਹੋਣ ਮਗਰੋਂ ਉਹਨਾਂ ਨੇ ਇਸ ਆਸ਼ਰਮ ਦਾ ਕਾਰਜਭਾਰ ਸੰਭਾਲ ਲਿਆ ਸੀ। ਉਹ ਬਹੁਤ ਹੀ ਨੇਕ ਇਨਸਾਨ ਸਨ। ਆਸ਼ਰਮ ਦੇ ਬੱਚੇ ਉਹਨਾਂ ਨੂੰ ਅੱਬਾਜੀ ਕਹਿਕੇ ਬੁਲਾਉਂਦੇ ਸਨ। ਆਲੀਆ ਨੇ ਸੋਚਿਆ, ਕੋਈ ਕੰਮ ਹੋਵੇਗਾ। ਉਹ ਤੁਰੰਤ ਪੌੀਆਂ ਤੋਂ ਉਠਕੇ ਉਹਨਾਂ ਕੋਲ ਪਹੁੰਚ ਗਈ, ਅੱਬਾਜੀ ਤੁਸੀਂ ਬੁਲਾਇਆ ਸੀ!
ਹਾਂ ਆਲੀਆ, ਛੇਤੀ ਦੇਣੇ ਤਿਆਰ ਹੋ ਜਾ।
ਕਿੱਥੇ ਜਾਣਾ ਹੈ?
ਤੇਰੇ ਘਰ।
ਆਲੀਆ ਹੁਣ ਉੱਥੇ ਨਹੀਂ ਜਾਣਾ ਚਾਹੁੰਦੀ ਸੀ। ਪਰ ਨਾ ਚਾਹੁੰਦੇ ਹੋਏ ਵੀ ਉਹਨੂੰ ਜਾਣ ਲਈ ਤਿਆਰ ਹੋਣਾ ਪਿਆ। ਜੀਪ ਠੀਕ ਉੱਥੇ ਜਾਕੇ ਰੁਕੀ, ਜਿੱਥੇ ਕਦੇ ਉਹਦਾ ਘਰ ਹੁੰਦਾ ਸੀ। ਘਰਇਕ ਪੂਰਾ ਪਰਿਵਾਰ, ਪਰ ਅੱਜ ਉਹ ਮਲਬੇ ਦੇ  ਢੇਰ ਵਿਚ ਤਬਦੀਲ ਹੋ ਚੁੱਕਾ ਸੀ।
ਆਲੀਆ ਨੂੰ ਦੇਖਕੇ ਆਂਢ ਗੁਆਂਢ ਦੇ ਲੋਕ ਜਮਾ ਹੋ ਗਏ ਤੇ ਉਸਨੂੰ ਢਾਰਸ ਬਨ੍ਹਾਉਣ ਲੱਗੇ। ਆਲੀਆ ਦੀਆਂ ਅੱਖਾਂ ਅੱਗੇ ਉਹ ਦ੍ਰਿਸ਼ ਸਜੀਵ ਹੋ ਗਿਆ ਜਦੋਂ ਉਹ ਆਖਰੀ ਵਾਰ ਆਪਣੇ ਭੈਣ ਭਰਾਵਾਂ ਨਾਲ ਖੇਡ ਰਹੀ ਸੀ। ਤੇ ਅਚਾਨਕ ਇਕ ਧਮਾਕਾ ਹੋਇਆ ਸੀ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਸਪਾਸ ਦੇ ਮਕਾਨ ਵੀ ਤਬਾਹ ਹੋ ਗਏ ਸਨ। ਕੇਵਲ ਉਹੀ ਬਚ ਪਾਈ ਸੀ, ਉਹ ਵੀ ਜ਼ਖ਼ਮੀ ਹਾਲਤ ਵਿਚ। ਜਦੋਂ ਉਹਨੂੰ ਹੋਸ਼ ਆਇਆ ਤਾਂ ਪਤਾ ਲੱਗਾ ਕਿ ਉਹ ਆਪਣੇ ਮਾਂ-ਪਿਓ ਤੇ ਭੈਣ-ਭਰਾ ਸਭ ਗੁਆ ਚੁੱਕੀ ਹੈ। ਕੁਝ ਦਿਨਾਂ ਬਾਦ ਹੀ ਰਿਸ਼ਤੇਦਾਰਾਂ ਨੇ ਉਹਨੂੰ ਅਨਾਥ-ਆਸ਼ਰਮ ਭੇਜ ਦਿੱਤਾ ਸੀ।
ਆਲੀਆ ਪੁਰਾਣੀਆਂ ਯਾਦਾਂ ਵਿਚ ਗੁਆਚੀ ਹੋਈ ਸੀ। ਤਦੇ ਇਕ ਬਜ਼ੁਰਗ ਨੇ ਵਿਹੇ ਵਿਚ ਪਏ ਸਮਾਨ ਵੱਲ ਇਸ਼ਾਰਾ ਕਰਦੇ ਹੋਏ ਉਸਨੂੰ ਕਿਹਾ, ਬੇਟੀ, ਅਸੀਂ ਇਸ ਮਲਬੇ ਦੇ ਢੇਰ ਵਿੱਚੋਂ ਕੁਝ ਸਮਾਨ ਕੱਢਿਆ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਤੂੰ ਲੈ ਜਾਵੇਂ, ਕਿਉਂਕਿ ਹੁਣ ਤੂੰ ਹੀ ਇਨ੍ਹਾਂ ਦੀ ਇੱਕੋ-ਇੱਕ ਵਾਰਸ ਐਂ।
ਆਲੀਆ ਉਸ ਸਮਾਨ ਵੱਲ ਵਧੀ। ਉੱਥੇ ਕਈ ਕੀਮਤੀ ਚੀਜ਼ਾਂ ਪਈਆਂ ਸਨ। ਉਹ ਕਾਫੀ ਦੇਰ ਤਕ ਉਹਨਾਂ ਚੀਜ਼ਾਂ ਨੂੰ ਗੌਰ ਨਾਲ ਦੇਖਦੀ ਰਹੀ। ਉਹਦੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਰਹੇ, ਪਰ ਭੁੱਖ ਸ਼ਾਂਤ ਰਹੀ। ਉਹਨੇ ਕੰਬਦੇ ਹੱਥਾਂ ਨਾਲ ਕੇਵਲ ਉਹ ਟੁੱਟੇ ਹੋਏ ਖਿਡੌਣੇ ਚੁੱਕੇ, ਜਿਨ੍ਹਾਂ ਨਾਲ ਉਹ ਆਪਣੇ ਭੈਣ ਭਰਾਵਾਂ ਨਾਲ ਖੇਡਦੀ ਹੁੰਦੀ ਸੀ।
ਫਿਰ ਉਹ ਹੌਲੇ-ਹੌਲੇ ਜੀਪ ਵੱਲ ਤੁਰ ਪਈ।
                                        -0-

Tuesday, May 14, 2013

ਹਿੰਦੀ/ ਹਾਥੀ ਦਾ ਬੱਚਾ



ਕਾਲੀ ਚਰਨ ਪ੍ਰੇਮੀ


ਕਦੋਂ? ਕਿਵੇਂ? ਉਸ ਬੱਚੇ ਦੀਆਂ ਲੱਤਾਂ ਨੂੰ ਕੁਚਲਦੀ ਹੋਈ ਇਕ ਕਾਰ ਹਵਾ ਹੋ ਗਈ, ਇਹ ਉਸ ਬੱਚੇ ਦੀ ਦਰਦਨਾਕ ਚੀਕ ਤੋਂ ਹੀ ਪਤਾ ਲੱਗਾ। ਇੱਕਦਮ ਉੱਥੇ ਭੀੜ ਜੁਟ ਗਈ। ਦਰੋਗਾ ਜੀ ਵੀ ਆਪਣੇ ਡੰਡੇ ਨਾਲ, ‘ਚਲੋ, ਪਾਸੇ ਹਟੋ’ ਕਹਿਦੇ ਆ ਧਮਕੇ।
ਆਪਣੀਆਂ ਮੁੱਛਾਂ ਨੂੰ ਵੱਟ ਦਿੰਦੇ ਹੋਏ ਬੋਲੇ, “ਇਹ ਕਿਸਦਾ ਬੱਚਾ ਐ?”
ਬੱਚਾ ਬੇਹੋਸ਼ ਸੀ। ਦਰੋਗਾ ਜੀ ਨੇ ਉਸ ਬੱਚੇ ਨੂੰ ਧਿਆਨ ਨਾਲ ਦੇਖਿਆ। ਫਿਰ ਚਾਰੇ ਪਾਸੇ ਟਹਿਲਦੇ ਹੋਏ ਇੱਕ ਚੱਕਰ ਲਾਇਆ। ਬੱਚੇ ਨੇ ਮੈਲੀ ਜਿਹੀ ਕਮੀਜ਼ ਪਾਈ ਹੋਈ ਸੀ। ਸਿਰ ਦੇ ਵਾਲ ਰੁੱਖੇ ਸਨ। ਉਹਨੇ ਮਨ ਹੀ ਮਨ ਅੰਦਾਜ਼ਾ ਲਾਇਆ–‘ਸਾਲਾ ਕਿਸੇ ਨੀਵੀਂ ਜਾਤ ਦਾ ਪਿੱਲਾ ਹੈ। ਹਰਾਮੀ ਦੇਖਕੇ ਨਹੀਂ ਚਲਦੇ। ਮਾਂ-ਪਿਉ ਪੈਦਾ ਕਰਕੇ ਸੜਕ ’ਤੇ ਛੱਡ ਜਾਂਦੇ ਹਨ। ਅਸੀਂ ਲੋਕ ਖਾਮਖਾਹ ਪਰੇਸ਼ਾਨ ਹੁੰਦੇ ਹਾਂ।’
ਤਦੇ ਭੀੜ ਵਿੱਚੋਂ ਬੱਚੇ ਨੂੰ ਪਛਾਣਦਾ ਹੋਇਆ ਕੋਈ ਬੋਲਿਆ, “ਦਰੋਗਾ ਜੀ, ਇਹ ਤਾਂ ਸਾਡੇ ਪਿੰਡ ਦੇ ਸਰਪੰਚ ਦਾ ਮੁੰਡਾ ਹੈ।”
“ਅੱਛਾ!” ਦਰੋਗਾ ਜੀ ਮਨ ਹੀ ਮਨ ਖੁਸ਼ੀ ਨਾਲ ਮੁਸਕਰਾਏ–‘ਜੈ ਹੋਵੇ ਉੱਪਰ ਵਾਲੇ ਦੀ, ਇਹ ਤਾਂ ਹਾਥੀ ਦਾ ਬੱਚਾ ਹੈ।’
ਅਗਲੇ ਹੀ ਛਿਣ ਦਰੋਗਾ ਜੀ ਨੇ ਇੱਕ ਟੈਕਸੀ ਰੁਕਵਾਈ ਤੇ ਮੁੰਡੇ ਨੂੰ ਹਸਪਤਾਲ ਲਈ ਲਦਵਾ ਦਿੱਤਾ।
                                        -0-

Sunday, May 5, 2013

ਹਿੰਦੀ/ ਕੰਗਣ



ਪ੍ਰਤਿਮਾ ਸ਼੍ਰੀਵਾਸਤਵ

ਨੈਂਸੀ ਅਤੇ ਵੀਨਾ ਸਰਕਾਰੀ ਦਫਤਰ ਵਿਚ ਕਈ ਸਾਲਾਂ ਤੋਂ ਕੰਮ ਕਰ ਰਹੀਆਂ ਸਨ। ਪਿਛਲੇ ਕਈ ਸਾਲਾਂ ਤੋਂ ਉਹ ਉਡੀਕ ਰਹੀਆਂ ਸਨ ਕਿ ਬੋਨਸ ਮਿਲੇ ਤਾਂ ਦੋਨੋਂ ਸਹੇਲੀਆਂ ਇਕੱਠੀਆਂ ਜਡ਼ਾਊ ਕੰਗਣ ਲੈਣ। ਪਰ ਹਰ ਸਾਲ ਕੋਈ ਨਾ ਕੋਈ ਜ਼ਰੂਰੀ ਖਰਚ ਆ ਜਾਂਦਾ ਤੇ ਕੰਗਣ ਰਹਿ ਜਾਂਦੇ। ਇਸ ਸਾਲ ਨੀਨਾ ਨੇ ਕਿਹਾ, ਨੈਂਸੀ, ਜੋ ਮਰਜ਼ੀ ਹੋਜੇ ਇਸ ਵਾਰ ਬੋਨਸ ਤੋਂ ਕੰਗਣ ਜ਼ਰੂਰ ਲੈਣੇ ਐ। ਪਿਛਲੇ ਸਾਲ ਤੂੰ ਆਪਣੀ ਭੈਣ ਦੀ ਫੀਸ ਭਰ ਦਿੱਤੀ ਸੀ, ਮੈਂ ਆਪਣੀ ਸੱਸ ਦੇ ਦੰਦਾਂ ਦਾ ਸੈੱਟ ਲਵਾ ਦਿੱਤਾ ਸੀ। ਕਿੰਨੇ ਸਾਲਾਂ ਤੋਂ ਕੰਗਣ ਨਹੀਂ ਲਏ ਜਾ ਰਹੇ ਹਨ।
ਕੰਗਣ ਦੇ ਮੋਹਕ ਡਿਜਾਇਨ ਦੀ ਕਲਪਣਾ ਵਿਚ ਗੁਆਚਦੇ ਹੋਏ ਨੈਂਸੀ ਨੇ ਕਿਹਾ, ਹਾਂ ਵੀਨਾ, ਅਸੀਂ ਕੰਗਣ ਜ਼ਰੂਰ ਲਵਾਂਗੀਆਂ। ਮੈਨੂੰ ਤਾਂ ਖੁਦ ਤੇ ਤਰਸ ਆਉਂਦੈ, ਇੱਛਾਵਾਂ ਨੂੰ ਮਾਰਨ ਦੀ ਵੀ ਕੋਈ ਹੱਦ ਹੁੰਦੀ ਐ।
ਤੈਅ ਹੋਇਆ ਕਿ ਕੰਗਣ ਦੀਵਾਲੀ  ਤੋਂ ਪਹਿਲਾਂ ਹੀ ਲੈ ਲਏ ਜਾਣ।
‘ਕਾਸ਼ੀ ਜਿਊਲਰਜ’ ਦੀ ਦੁਕਾਨ ਉੱਤੇ ਬਹੁਤ ਸਾਰੇ ਕੰਗਣ ਦੇਖੇ ਗਏ। ਪਰੰਤੂ ਜੋ ਪਸੰਦ ਆਉਂਦੇ, ਉਹ ਪਹੁੰਚ ਤੋਂ ਬਾਹਰ ਹੁੰਦੇ। ਜੋ ਬੋਨਸ ਦੇ ਰੁਪਈਆਂ ਵਿਚ ਆ ਸਕਦੇ ਸਨ, ਉਹ ਪਸੰਦ ਨਹੀਂ ਆਏ।
ਖਿੱਝਕੇ ਦੋਨੋਂ ਦੁਕਾਨ ਤੋਂ ਬਾਹਰ ਆ ਗਈਆਂ। ਵੀਨਾ ਨੇ ਭੇਲਪੂਰੀ ਖਰੀਦੀ ਤੇ ਨੈਂਸੀ ਦੇ ਹੱਥ ਉੱਤੇ ਰੱਖਦੀ ਹੋਈ ਬੋਲੀ, ਨੈਂਸੀ, ਤੂੰ ਕਹਿ ਰਹੀ ਸੀ ਕਿ ਕਿਚਨ ’ਚ ਲੈਂਟਰ ਪੁਆਉਣੈ।
ਹਾਂ, ਤੇ ਤੂੰ ਕਹਿ ਰਹੀ ਸੀ ਕਿ ਛੋਟੇ ਭਰਾ ਨੂੰ ਕੋਈ ਪ੍ਰੋਫੈਸ਼ਨਲ ਕੋਰਸ ਕਰਵਾਉਣੈ। ਇੰਜ ਕਰਦੇ ਐਂ ਕਿ ਮੈਂ ਲੈਂਟਰ ਪੁਆ ਲੈਨੀਂ ਆਂ ਤੇ ਤੂੰ ਭਰਾ ਦੀ ਫੀਸ ਭਰ ਦੇ…ਕੰਗਣ ਅਸੀਂ ‘ਆਰਟੀਫਿਸ਼ਲ’ ਲੈ ਲੈਨੇਂ ਆਂ, ਅਸਲੀ ਵਰਗੇ ਈ ਤਾਂ ਲਗਦੇ ਹਨ। ਸੋਨੇ ਦੇ ਲੈ ਕੇ ਲਾਕਰ ’ਚ ਰੱਖਣ ਦਾ ਕੀ ਫਾਇਦਾ?
ਥੱਕੀ-ਹਾਰੀ ਗੁੰਮਸੁੰਮ ਨਿਗ੍ਹਾ ਨਾਲ  ਦੋਨਾਂ ਨੇ ਇਕ-ਦੂਜੀ ਨੂੰ ਦੇਖਿਆ ਤੇ ਫਿਰ ਠਹਾਕਾ ਲਾ ਕੇ ਭੇਲਪੂਰੀ ਖਾਣ ਲੱਗੀਆਂ।
                                    -0-