ਬਲਰਾਮ
‘ਬਾਲ ਵਿਕਾਸ’ ਉੱਤੇ ਆਯੋਜਿਤ ਉਸ ਸੇਮਿਨਾਰ ਵਿਚ ਵੱਡੇ ਵੱਡੇ ਲੋਕ ਆਏ
ਸਨ– ਸਿੱਖਿਆ ਸ਼ਾਸਤਰੀ,
ਵਿਗਿਆਨੀ, ਮਨੋਵਿਗਿਆਨੀ, ਚਿੰਤਕ, ਲੇਖਕ ਤੇ ਪੱਤਰਕਾਰ। ਨਿਰਮਲ ਅਤੇ ਵੀਣਾ ਨੇ ਵੀ ਉੱਥੇ ਆਪਣੇ
ਆਪਣੇ ਪਰਚੇ ਪੜ੍ਹੇ ਤਾਂ ਬਹਿਸ ਦੋ ਧਾਰਾਵਾਂ ਵਿਚ ਵੰਡੀ ਗਈ।
ਇਕ ਧਾਰਾ ਅਨੁਸਾਰ ਬੱਚਿਆਂ ਨੂੰ ਸ਼ੁਰੂ ਤੋਂ ਹੀ ਕੰਟਰੋਲ ਵਿਚ ਰੱਖਕੇ
ਪੜ੍ਹਾਉਣਾ-ਲਿਖਾਉਣਾ ਚਾਹੀਦਾ ਹੈ। ਇਸ ਧਾਰਾ ਦੀ ਪ੍ਰਤੀਨਿਧਤਾ ਕਰ ਰਹੀ ਸੀ ਸ਼੍ਰੀਮਤੀ ਵੀਣਾ
ਆਚਾਰਿਆ। ਦੂਜੀ ਧਾਰਾ ਅਨੁਸਾਰ ਬੱਚੇ ਨੂੰ ਪੂਰੀ ਤਰ੍ਹਾਂ ਮੁਕਤ ਰੱਖਕੇ ਖੁੱਦ ਸਿੱਖਣ ਦੇਣਾ ਚਾਹੀਦਾ
ਹੈ। ਮਾਤਾ-ਪਿਤਾ ਤਾਂ ਉਹਨਾਂ ਨੂੰ ਸਿਰਫ ਸਾਧਨ ਤੇ ਸੁਵਿਧਾਵਾਂ ਮੁਹਈਆ ਕਰਵਾਉਣ। ਇਸ ਧਾਰਾ ਦੀ
ਪ੍ਰਤੀਨਿਧਤਾ ਕਰ ਰਹੇ ਸਨ ਆਚਾਰੀਆ ਨਿਰਮਲ–ਸ਼ੀਮਤੀ ਵੀਣਾ ਦੇ ਪਤੀ ਤੇ ਉਸ ਚਾਰ ਸਾਲਾ ਬੱਚੇ ਦੇ ਪਿਤਾ, ਜੋ ਜਿੱਦ
ਕਰਕੇ ਉਹਨਾਂ ਦੋਨਾਂ ਨਾਲ ਸੇਮਿਨਾਰ ਵਿੱਚ ਆ ਗਿਆ ਸੀ।
ਸੇਮਿਨਾਰ ਖਤਮ ਹੋਣ ਉਪਰੰਤ ਉਹ ਬੱਸ ਰਾਹੀਂ ਘਰ ਮੁੜ ਰਹੇ ਸਨ। ਉਹਨਾਂ
ਦੀ ਅੱਗੇ ਵਾਲੀ ਸੀਟ ਉੱਤੇ ਬੈਠਾ ਇਕ ਮੁੰਡਾ ਲਿਫਾਫੇ ਵਿਚੋਂ ਆਲੂਬੁਖਾਰੇ ਖਾ ਰਿਹਾ ਸੀ। ਭੁੱਖ ਨਾ
ਹੋਣ ਦੇ ਬਾਵਜੂਦ ਆਲੂਬੁਖਾਰੇ ਦੇਖ ਕੇ ਉਹਨਾਂ ਦੇ ਬੱਚੇ ਦੇ ਮੂੰਹ ਵਿਚ ਪਾਣੀ ਭਰ ਆਇਆ। ਉਹ
ਆਲੂਬੁਖਾਰੇ ਖਾ ਰਹੇ ਮੁੰਡੇ ਨੂੰ ਟਿਕਟਿਕੀ ਲਾ ਕੇ ਦੇਖਣ ਲੱਗਾ।
ਬੱਚੇ ਦੀ ਮਾਸੂਮ ਨਜ਼ਰ ਨੇ ਮੁੰਡੇ ਨੂੰ ਬੇਚੈਨ ਕਰ ਦਿੱਤਾ। ਉਹਨੇ ਇਕ
ਆਲੂਬੁਖਾਰਾ ਬੱਚੇ ਵੱਲ ਵਧਾਇਆ ਤਾਂ ਬੱਚੇ ਦਾ ਹੱਥ ਵੀ ਆਪਣੇ ਆਪ ਅੱਗੇ ਵਧ ਗਿਆ ਤੇ ਆਲੂਬੁਖਾਰਾ
ਉਹਦੇ ਹੱਥ ਵਿਚ ਆ ਗਿਆ। ਆਲੂਬੁਖਾਰੇ ਨੂੰ ਮੂੰਹ ਵਿਚ ਪਾਉਣ ਤੋਂ ਪਹਿਲਾਂ ਬੱਚੇ ਨੇ ਮਾਂ ਵੱਲ
ਦੇਖਿਆ। ਮਾਂ ਦੇ ਚਿਹਰੇ ਉੱਤੇ ਸਹਿਜਤਾ ਨਹੀਂ ਸੀ। ਮਾਂ ਨੇ ਅੱਖਾਂ ਤਰੇਰੀਆਂ ਤਾਂ ਬੱਚਾ ਪਿਤਾ ਨੂੰ
ਮਖਾਤਿਬ ਹੋਇਆ। ਪਿਤਾ ਮੁਸਕਰਾਏ ਤਾਂ ਆਲੂਬੁਖਾਰਾ ਉਹਦੇ ਮੂੰਹ ਵੱਲ ਵਧਿਆ, ਪਰ ਫਿਰ ਪਤਾ ਨਹੀਂ ਕੀ
ਯਾਦ ਆ ਗਿਆ ਕਿ ਉਹਨੇ ਮੁੜ ਮਾਂ ਵੱਲ ਦੇਖਿਆ। ਮਾਂ ਦੇ ਚਿਹਰੇ ਉੱਤੇ ਗੁੱਸੇ ਦੀ ਤੇਜ਼ ਲਹਿਰ ਦੇਖ
ਕੇ ਉਹ ਸਹਿਮ ਗਿਆ।
“ਗੰਦੀ ਗੱਲ, ਕਿਸੇ ਤੋਂ ਅਜਿਹੀ ਚੀਜ ਲੈਂਦੇ ਨੇ?”
ਸੁਣਕੇ ਬੱਚੇ ਦੇ ਹੱਥੋਂ ਆਲੂਬੁਖਾਰਾ ਇੰਜ ਡਿਗ ਪਿਆ, ਜਿਵੇਂ ਦਰੱਖਤ ਤੋਂ ਅੰਬ ਦਿਗਦਾ ਹੈ।
ਪਤੀ ਨੇ ਪਤਨੀ ਵੱਲ ਸਵਾਲੀਆ ਨਿਗ੍ਹਾ ਨਾਲ ਦੇਖਿਆ ਤਾਂ ਉਸਨੇ ਔਖੇ ਹੋ, ਦੂਜੇ ਪਾਸੇ ਮੂੰਹ ਕਰ ਲਿਆ।
ਬੱਚਾ ਮੂੰਹ ਲਮਕਾ ਕੇ ਪਿਤਾ ਦੀ ਗੋਦੀ ਵਿਚ ਚਲਾ ਗਿਆ।
ਬੱਸ ਅੱਗੇ ਵਧਦੀ ਰਹੀ। ਅਗਲੇ ਸਟਾਪ ਉੱਤੇ ਗਿਰੀ ਵਾਲਾ ਆ ਗਿਆ। ਬੱਚੇ ਨੂੰ ਖੁਸ਼ ਕਰਨ ਦੀ ਗਰਜ
ਨਾਲ ਮਾਂ ਨੇ ਗਿਰੀ ਖਰੀਦੀ ਤੇ ਇਕ ਟੁਕੜਾ ਉਸ ਵੱਲ ਕਰ ਦਿੱਤਾ। ਇੱਕ ਵਾਰ ਤਾਂ ਬੱਚੇ ਨੇ ਗਿਰੀ ਦਾ
ਟੁਕੜਾ ਮਾਂ ਦੇ ਹੱਥੋਂ ਲੈ ਲਿਆ, ਪਰ ਅਗਲੇ ਹੀ ਛਿਣ ਕੁਝ ਸੋਚਕੇ ਉਹਨੂਂ ਬੱਸ ਦੀ ਖਿੜਕੀ ਤੋਂ ਬਾਹਰ
ਸਿੱਟ ਦਿੱਤਾ। ਫਿਰ ਪਿਤਾ ਵੱਲ ਦੇਖਦਾ ਹੋਇਆ ਬੋਲਿਆ, “ਛੀ, ਰਾਹ ’ਚ ਖਾਣਾ ਗੰਦੀ ਗੱਲ ਐ।”
ਬੱਚੇ ਦਾ ਜਵਾਬ ਸੁਣਕੇ ਨਿਰਮਲ ਆਚਾਰੀਆ ਮੁਸਕਰਾ ਪਏ।
-0-