ਊਸ਼ਾ ਮਹੇਸ਼ਵਰੀ (ਡਾ.)
ਕਿੰਨੀ
ਮੁਸ਼ਕਿਲ ਨਾਲ ਰਿਸ਼ਤਾ ਹੱਥ ਆਇਆ ਸੀ। ਪਿਤਾ ਨੇ ਫਟਾਫਟ ਸਾਰੀ ਤਿਆਰੀ ਕੀਤੀ ਅਤੇ ਧੀ ਨੂੰ ਦੁਲਹਨ ਬਣਾ
ਕੇ ਵਿਦਾ ਕਰ ਦਿੱਤਾ।
ਡੋਲੀ
ਤੋਂ ਉਤਰਣ ਮਗਰੋਂ ਦਹਿਲੀਜ਼ ਤਕ ਪੈਰ ਪਹੁੰਚੇ ਵੀ ਨਹੀਂ ਸਨ ਕਿ ਦੁਲਹੇ ਨੂੰ ਅਚਾਣਕ ਉਲਟੀ ਆਈ। ਖੂਨ
ਦੀ ਉਲਟੀ ਤੇ ਫਿਰ ਬੇਹੋਸ਼ੀ ਨੇ ਆ ਘੇਰਿਆ। ਲਾਲ ਸੁਰਖ ਜੋੜੇ ਵਿਚ ਪੱਥਰ ਦੀ ਮੂਰਤੀ ਬਣੀ ਮੰਗਲਾ ਸਭ
ਕੁਝ ਦੇਖਦੀ ਰਹੀ।
ਡਾਕਟਰ
ਆਇਆ। ਲਾੜੇ ਨੂੰ ਆਪਣੇ ਨਾਲ ਹਸਪਤਾਲ ਲੈ ਗਿਆ। ਫਿਰ ਉੱਥੋਂ ਸ਼ਹਿਰ ਦੇ ਵੱਡੇ ਹਸਪਤਾਲ। ਇਸ ਦੌਰਾਨ
ਮੰਗਲਾ ਨੂੰ ਕਿਸੇ ਨੇ ਵੀ ਉਸ ਦੇ ਪਤੀ ਕੋਲ ਨਹੀਂ ਜਾਣ ਦਿੱਤਾ। ਇਕ ਪਲ ਲਈ ਵੀ ਕਿਸੇ ਨੇ ਗੱਲ ਨਹੀਂ
ਕਰਨ ਦਿੱਤੀ।
ਮੰਗਲਾ
ਦੇ ਪਿਤਾ ਨੇ ਧੀ ਦਾ ਸੁਹਾਗ ਬਚਾਉਣ ਲਈ ਆਪਣਾ ਸਭ ਕੁਝ ਦਾਅ ਉੱਤੇ ਲਾ ਦਿੱਤਾ, ਹਾਰੇ ਹੋਏ ਜੁਆਰੀਏ
ਵਾਂਗ। ਪਰ ਉਹ ਧੀ ਦਾ ਸੁਹਾਗ ਨਹੀਂ ਬਚਾ ਸਕਿਆ।
ਮੰਗਲਾ
ਦੇ ਜੀਵਨ ਵਿਚ ਭੁਚਾਲ ਆ ਗਿਆ। ‘ਕੁਲਛਣੀ ਮੰਗਲਾ, ਜਿਹੜੀ ਆਉਂਦੇ ਹੀ ਆਪਣੇ ਪਤੀ ’ਤੇ ਬਿਜਲੀ ਬਣ ਕੇ
ਡਿੱਗ ਪਈ! ਹੁਣ ਰੰਡੇਪਾ ਕੱਟੇ।’
ਇਹ ਸਭ
ਸੁਣ ਕੇ ਮੰਗਲਾ ਸੋਚ ਰਹੀ ਸੀ– ‘ਕੀ ਇਹ ਸੱਚ ਹੈ? ਡਾਕਟਰ
ਦੀ ਰਿਪੋਰਟ ਮੁਤਾਬਿਕ ਤਾਂ ਉਹ ਪਿਛਲੇ ਕਈ ਮਹੀਨਿਆਂ ਤੋਂ ਬਲੱਡ-ਕੈਂਸਰ ਦੇ ਮਰੀਜ਼ ਸਨ। ਇਲਾਜ ਚੱਲ
ਰਿਹਾ ਸੀ ਅਤੇ ਅਜਿਹੇ ਮਰੀਜ਼ ਦਾ ਠੀਕ ਹੋਣਾ ਅਸੰਭਵ ਸੀ।’
ਵਿਧਵਾ
ਮੰਗਲਾ ਧਨ-ਮਨ ਲੁਟਾ ਕੇ ਕੁਆਰੀਆਂ ਸਾਹਾਂ ਅਤੇ ਆਹਾਂ ਲੈ ਕੇ ਪੇਕੇ ਮੁੜ ਆਈ।
-0-