Tuesday, April 17, 2012

ਸੰਸਕਾਰ


ਊਸ਼ਾ ਮਹਿਤਾ ਦੀਪਾ

ਰੇਣੂ ਆਪਣੇ ਘਰ ਵਿਚ ਹਲਚਲ ਵੇਖ ਰਹੀ ਸੀ। ਉਹਦਾ ਬੇਟਾ ਵਿਨਾਇਕ ਪਟਾਕਿਆਂ ਅਤੇ ਫੁਲਝੜੀਆਂ ਦੇ ਰੰਗ-ਬਰੰਗੇ ਡੱਬੇ ਲੈ ਕੇ ਆਇਆ ਸੀ। ਬੱਚੇ ਬੜੀ ਬੇਚੈਨੀ ਨਾਲ ਉਹਨਾਂ ਡੱਬਿਆਂ ਦੇ ਖੋਲ੍ਹੇ ਜਾਣ ਦੀ ਉਡੀਕ ਕਰ ਰਹੇ ਸਨ। ਇਹ ਸਭ ਦੇਖ ਰੇਣੂ ਅੰਦਰ ਹੀ ਅੰਦਰ ਉਬਲ ਰਹੀ ਸੀ। ਜਦੋਂ ਉਸ ਤੋਂ ਨਹੀਂ ਰਿਹਾ ਗਿਆ ਤਾਂ ਉਸਨੇ ਵਿਨਾਇਕ ਨੂੰ ਆਪਣੇ ਕੋਲ ਸੱਦਿਆ ਤੇ ਕਿਹਾ, ਬੇਟੇ, ਅਜੇ ਤਾਂ ਤੇਰੇ ਪਿਤਾ ਦੀ ਮੌਤ ਨੂੰ ਇਕ ਮਹੀਨਾ ਹੀ ਹੋਇਆ ਹੈ ਤੇ ਤੁਸੀਂ ਦੀਵਾਲੀ ਮਨਾਉਣ ਦੀ ਤਿਆਰੀ ਕਰ ਰਹੇ ਹੋ। ਸਾਲ ਭਰ ਕੋਈ ਤਿਉਹਾਰ ਨਹੀਂ ਮਨਾਇਆ ਜਾਵੇਗਾ।
ਮਮਾਂ, ਕਨੁ ਤੇ ਮਨੁ ਜਿਦ ਕਰ ਰਹੇ ਸਨ, ਬੱਚੇ ਹਨ। ਉਹ ਭਲਾ ਇਨ੍ਹਾਂ ਰਸਮਾਂ-ਰਿਵਾਜਾਂ ਨੂੰ ਕਿੱਥੇ ਸਮਝਦੇ ਹਨ।
ਵਿਨਾਇਕ!ਉਹ ਲਗਭਗ ਚੀਕ ਹੀ ਪਈ, ਬੱਚਿਆਂ ਨੂੰ ਬਚਪਣ ਤੋਂ ਜੇਕਰ ਚੰਗੇ ਸੰਸਕਾਰ ਨਹੀਂ ਦਿੱਤੇ ਜਾਂਦੇ ਤਾਂ ਉਹ ਸਾਰੀ ਉਮਰ ਸੰਸਕਾਰਹੀਨ ਹੀ ਰਹਿੰਦੇ ਹਨ। ਤੁਹਾਡੇ ਪਿਤਾ ਦਾ ਇਨ੍ਹਾਂ ਨਾਲ ਖੂਨ ਦਾ ਰਿਸ਼ਤਾ ਹੈ। ਖੂਨ ਦੇ ਰਿਸ਼ਤੇ ਵੀ ਜੇਕਰ ਇੰਜ ਕਰਨਗੇ ਤਾਂ…?
ਮਮਾਂ, ਜਦੋਂ ਦਾਦੂ ਮਰੇ ਸਨ ਤਾਂ ਪੰਦਰਾਂ ਦਿਨਾਂ ਬਾਦ ਹੀ ਹੋਲੀ ਦਾ ਤਿਉਹਾਰ ਆ ਗਿਆ ਸੀ। ਤਦ ਤਾਂ ਤੁਸੀਂ ‘ਬੱਚਿਆਂ ਨੂੰ ਸਭ ਮਾਫ ਐ’ ਕਹਿਕੇ ਹੋਲੀ ਖੇਡਣ ਭੇਜਤਾ ਸੀ। ਕੀ ਦਾਦੂ ਨਾਲ ਸਾਡਾ ਖੂਨ ਦਾ ਰਿਸ਼ਤਾ ਨਹੀਂ ਸੀ? ਤੁਸੀਂ ਹੀ ਇਹ ਸੰਸਕਾਰ ਇਨ੍ਹਾਂ ਨੂੰ ਦਿੱਤੇ ਹਨ।ਵਿਨਾਇਕ ਦੀ ਅਵਾਜ਼ ਜਰਾ ਤਲਖ ਸੀ।
ਰੇਣੂ ਅਵਾਕ ਵੇਖਦੀ ਰਹਿ ਗਈ। ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਵਿਨਾਇਕ ਨੇ ਮਾਂ ਨੂੰ ਬਾਹਾਂ ਵਿਚ ਕੱਸ ਲਿਆ ਤੇ ਬੋਲਿਆ, ਮਮਾਂ! ਅਸੀਂ ਦੀਵਾਲੀ ਨਹੀਂ ਮਨਾਵਾਂਗੇ। ਕਨੁ ਤੇ ਮਨੁ ਵੀ ਸਮਝ ਜਾਣਗੇ। ਪਰ ਮਮਾਂ ਬੱਚਿਆਂ ਨੂੰ ਭੇਦਭਾਵ ਵਾਲੇ ਸੰਸਕਾਰ ਨਾ ਦਿਓ।
                                         -0-

No comments: