ਬਲਰਾਮ ਅਗਰਵਾਲ
ਮਾਸਟਰ ਜੀ ਨੇ ਕਲਾਸ ਦੀ ਦੇਹਲੀ ਉੱਤੇ ਕਦਮ ਰੱਖਿਆ।
ਸਾਰੇ ਬੱਚੇ ਚਾਬੀ ਦਿੱਤੇ ਖਿੜੌਣਿਆਂ ਦੀ ਤਰ੍ਹਾਂ ਆਪਣੀ-ਆਪਣੀ ਜਗ੍ਹਾ ਉੱਤੇ ਖੜੇ ਹੋ ਗਏ।
“ਬੈਠ ਜਾਓ।” ਮਾਸਟਰ ਜੀ ਨੇ ਕਿਹਾ।
ਬੱਚੇ ਜਿੱਥੇ ਸਨ, ਉੱਥੇ ਹੀ ਬੈਠ ਗਏ।
“ਕੱਲ੍ਹ ਵਾਲਾ ਪਾਠ ਯਾਦ ਕਰਕੇ ਲਿਆਏ?” ਆਪਣੀ ਕੁਰਸੀ ਉੱਤੇ ਬੈਠਦੇ ਹੋਏ ਮਾਸਟਰ ਜੀ ਨੇ ਪੁੱਛਿਆ।
“ਜੀ, ਮਾਸਟਰ ਜੀ।” ਬੱਚਿਆਂ ਨੇ ਅੱਧੇ-ਅਧੂਰੇ ਉਤਸ਼ਾਹ ਨਾਲ ਜਵਾਬ ਦਿੱਤਾ।
“ਠੀਕ ਐ…” ਪੜ੍ਹਾਈ ਦਾ ਆਪਣਾ ਪੀਰੀਅਡ ਸ਼ੁਰੂ ਕਰਦੇ ਹੋਏ ਮਾਸਟਰ ਜੀ ਕਲਾਸ ਵਿਚ ਪਹਿਲੀ ਪੰਕਤੀ ਵਿਚ ਸੱਜੇ ਹੱਥ ਬੈਠੇ ਪਹਿਲੇ ਬੱਚੇ ਉੱਤੇ ਦਹਾੜੇ, “ਚੱਲ ਖੜਾ ਹੋ ਜਾ।”
ਅਚਾਨਕ ਹੋਇਆ ਆਦੇਸ਼ ਸੁਣ ਕੇ ਬੱਚਾ ਹੱਕਾ-ਬੱਕਾ ਰਹਿ ਗਿਆ। ਉਹ ਤੁਰੰਤ ਆਪਣੇ ਸਥਾਨ ਉੱਤੇ ਖੜਾ ਹੋ ਗਿਆ। ਕੰਬਦਾ ਜਿਹਾ ਉਹ ਮਾਸਟਰ ਜੀ ਦੀ ਅਗਲੀ ਦਹਾੜ ਦੀ ਉਡੀਕ ਕਰਨ ਲੱਗਾ। ਉਹਦਾ ਸੰਘ ਖੁਸ਼ਕ ਹੋਣ ਲੱਗਾ।
“ਦੱਸ, ਪਾਨੀਪਤ ਦੀ ਤੀਜੀ ਲੜਾਈ ਕਿਸ ਤਰੀਕ ਨੂੰ ਹੋਈ ਸੀ?” ਮਾਸਟਰ ਜੀ ਨੇ ਪੁੱਛਿਆ।
ਭਾਵੇਂ ਉਹਨੇ ਪਿਛਲੀ ਰਾਤ ਕਾਫੀ ਉੱਚੀ ਬੋਲ-ਬੋਲ ਕੇ ਇਸ ਪੂਰੇ ਪਾਠ ਨੂੰ ਦੁਹਰਾਇਆ ਸੀ, ਪਰ ਹੁਣ ਉਸਨੂੰ ਇਕ ਸ਼ਬਦ ਵੀ ਯਾਦ ਨਹੀਂ ਆ ਰਿਹਾ ਸੀ। ਹੱਥ ਵਿਚ ਫੜੀ ਮੋਮਬੱਤੀ ਨੂੰ ਜਗਾਉਣ ਲਈ ਹਨੇਰੇ ਕਮਰੇ ਵਿਚ ਕੋਈ ਜਿਵੇਂ ਮਾਚਸ ਦੀ ਡੱਬੀ ਨੂੰ ਟਟੋਲਦਾ ਹੈ, ਉਵੇਂ ਹੀ ਉਹ ਪਿਛਲੀ ਰਾਤ ਪੜ੍ਹੇ ਗਏ ਸ਼ਬਦਾਂ ਨੂੰ ਆਪਣੇ ਦਿਮਾਗ ਵਿੱਚੋਂ ਲੱਭਣ ਲੱਗਾ।
ਉਹਨੂੰ ਚੁੱਪ ਦੇਖ, ਉਹਦੇ ਨਾਲ ਬੈਠੇ ਦੂਜੇ ਵਿਦਿਆਰਥੀ ਨੂੰ ਖੜੇ ਹੋਣ ਲਈ ਇਸ਼ਾਰਾ ਕਰਦਿਆਂ ਮਾਸਟਰ ਜੀ ਉਸ ਉੱਤੇ ਗੁੱਰਰਾਏ, “ਚੱਲ ਤੂੰ ਦੱਸ।”
ਖੜਾ ਤਾਂ ਉਹ ਹੋ ਗਿਆ, ਪਰ ਉੱਤਰ ਨਹੀਂ ਦੇ ਪਾਇਆ। ਮਾਸਟਰ ਜੀ ਨੇ ਤੀਜੇ, ਚੌਥੇ, ਪੰਜਵੇਂ… ਨੂੰ ਖੜਾ ਕੀਤਾ, ਪਰ ਬੇਕਾਰ। ਕਲਾਸ ਦੇ ਸਾਰੇ ਬੱਚੇ ਜਦੋਂ ਗੂੰਗੀ ਫੌਜ ਦੀ ਤਰ੍ਹਾਂ ਖੜੇ ਹੋ ਗਏ, ਤਦ ਖੱਬੇ ਖੂੰਜੇ ਵਿਚ ਸੁੰਗੜ ਕੇ ਬੈਠੇ ਆਖਰੀ ਵਿਦਿਆਰਥੀ ਨੂੰ ਮਾਸਟਰ ਜੀ ਨੇ ਕਿਹਾ, “ਤੁਸੀਂ ਵੀ ਸ਼ਾਮਲ ਹੋ ਜਾਓ ਬਰਾਤ ਵਿਚ…”
ਉਹਨਾਂ ਦੀ ਗੱਲ ਸੁਣਕੇ ਬੱਚਾ ਖੜਾ ਹੋ ਗਿਆ ਤੇ ਤੁਰੰਤ ਬੋਲਿਆ, “ਜੀ, ਚੌਦਾਂ ਜਨਵਰੀ ਸਨ ਸਤਾਰਾਂ ਸੌ ਚੌਂਹਠ ਨੂੰ।”
“ਕੀ!” ਇਸ ਅਚਾਨਕ ਆਏ ਉੱਤਰ ਨੂੰ ਸੁਣ ਕੇ ਮਾਸਟਰ ਜੀ ਕੁਰਸੀ ਤੋਂ ਉੱਛਲ ਜਿਹੇ ਪਏ।
“ਅੱਗੇ ਆਜਾ।” ਉਹਨਾਂ ਨੇ ਉਸਨੂੰ ਆਦੇਸ਼ ਦਿੱਤਾ।
ਬੱਚਾ ਵਿਚਾਰਾ ਕੰਬ ਉੱਠਿਆ। ਹਾਲਾਂਕਿ ਮਿੱਟੀ ਦੇ ਤੇਲ ਵਾਲੀ ਡੱਬੀ ਦੀ ਰੌਸ਼ਨੀ ਵਿਚ ਕਿਤਾਬ ਬੰਦ ਕਰਕੇ ਉਹਨੇ ਇਹ ਤਰੀਕ ਯਾਦ ਕੀਤੀ ਸੀ, ਪਰ ਮਾਸਟਰ ਜੀ ਦੀ ਸਖਤੀ ਨੇ ਆਪਣੇ ਉੱਤਰ ਦੇ ਸਹੀ ਹੋਣ ਬਾਰੇ ਮਨ ਵਿੱਚ ਸ਼ੰਕਾ ਪੈਦਾ ਕਰ ਦਿੱਤੀ। ਚਿਹਰਾ ਲਟਕਾ ਕੇ ਉਹ ਅੱਗੇ ਆ ਕੇ ਖੜਾ ਹੋ ਗਿਆ।
“ਚੱਲ, ਹਰੇਕ ਦੀ ਗੱਲ੍ਹ ’ਤੇ ਇਕ-ਇਕ ਚਪੇਡ਼ ਲਾ।” ਉਹਨਾਂ ਨੇ ਉਸਨੂੰ ਹੁਕਮ ਸੁਣਾਇਆ।
ਆਪਣੇ ਸਾਥੀਆਂ ਨੂੰ ਆਪਣੇ ਹੱਥੀਂ ਸਜ਼ਾ! ਵਿਚਾਰਾ ਬੈਕ-ਬੈਂਚਰ ਸੰਕੋਚ ਹੇਠ ਦਬ ਗਿਆ। ਉਸਨੂੰ ਆਪਣੀ ਥਾਂ ਖੜਾ ਦੇਖ ਜਦੋਂ ਮਾਸਟਰ ਜੀ ਨੇ ਉਸਨੂੰ ਦੁਬਾਰਾ ਘੁਰਕੀ ਦਿੱਤੀ ਤਾਂ ਉਸਨੂੰ ਅੱਗੇ ਵਧਣਾ ਪਿਆ। ਬੜੀ ਮਾਸੂਮੀਅਤ ਨਾਲ ਉਸਨੇ ਪਹਿਲੇ ਸਾਥੀ ਦੀ ਗੱਲ੍ਹ ਉੱਤੇ ਹਲਕੀ ਜਿਹੀ ਚਪੇੜ ਮਾਰੀ।
“ਅਵਾਜ਼ ਨਹੀਂ ਆਈ, ਜ਼ੋਰ ਨਾਲ ਮਾਰ।” ਮਾਸਟਰ ਜੀ ਚਿੱਲਾਏ।
ਉਹਨਾਂ ਦੇ ਚਿੱਲਾਉਣ ਦੀ ਪਰਵਾਹ ਨਾ ਕਰਦਿਆਂ ਉਸਨੇ ਦੂਜੇ ਵਿਦਿਆਰਥੀ ਦੇ ਵੀ ਹਲਕੀ ਜਿਹੀ ਚਪੇੜ ਲਾਈ ਤੇ ਅੱਗੇ ਵੱਧ ਗਿਆ। ਉਹ ਤੀਜੇ ਵਿਦਿਆਰਥੀ ਤੱਕ ਪਹੁੰਚਿਆ ਹੀ ਸੀ ਕਿ ਕੁਰਸੀ ਉੱਤੇ ਬੈਠੇ ਉਸ ਅਹਿਮਦ ਸ਼ਾਹ ਅਬਦਾਲੀ ਨੇ ਕਿਹਾ, “ਇੱਧਰ ਆ।”
ਉਹ ਚੁੱਪਚਾਪ ਉਹਨਾਂ ਦੇ ਨਜ਼ਦੀਕ ਚਲਾ ਗਿਆ।
‘ਤੜਾਕ’–ਅਬਦਾਲੀ ਦਾ ਭਾਰੀ-ਭਰਕਮ ਹੱਥ ਕਦੋਂ ਹਵਾ ਵਿਚ ਲਹਰਾਇਆ ਤੇ ਉਸਦੀ ਨਾਜ਼ਕ ਗੱਲ੍ਹ ਉੱਤੇ ਆ ਪਿਆ, ਉਸਨੂੰ ਪਤਾ ਹੀ ਨਹੀਂ ਲੱਗਾ। ਉਸਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਉਹ ਖੜਾ ਨਹੀਂ ਰਹਿ ਸਕਿਆ। ਜ਼ਮੀਨ ਉੱਤੇ ਡਿੱਗ ਪਿਆ।
“ਦੋਸਤੀ ਨਿਭਾਅ ਰਿਹੈਂ ਮਾਦਰ…”ਮਾਸਟਰ ਜੀ ਅਬਦਾਲੀ ਅੰਦਾਜ਼ ਵਿਚ ਹੀ ਚਿੱਲਾਏ। ਫਿਰ ਯਾਦ ਕਰਕੇ ਆਉਣ ਵਾਲੇ ਉਸ ਇਕੱਲੇ ਵਿਦਿਆਰਥੀ ਵੱਲ ਇਸ਼ਾਰਾ ਕਰਕੇ ਬਾਕੀ ਕਲਾਸ ਨੂੰ ਬੋਲੇ, “ਬੈਠ ਜਾਓ ਸਭ, ਕੱਲ ਯਾਦ ਕਰਕੇ ਨਹੀਂ ਆਏ ਤਾਂ ਇਹੀ ਹਾਲ ਕਰੂੰਗਾ ਇਕ-ਇਕ ਦਾ…ਸਮਝੇ।”
-0-