Tuesday, January 10, 2012

ਹਿੰਦੀ/ਨਜ਼ਰੀਆ


ਨੀਲਮ ਰਾਕੇਸ਼
ਡਾਕਟਰ ਸਾਬ, ਮੇਰੇ ਬੇਟੇ ਨੂੰ ਬਚਾ ਲਓ। ਇਹ ਮੇਰਾ ਇਕਲੌਤਾ ਬੇਟਾ ਐ। ਇਹਨੂੰ ਕੁਝ ਹੋ ਗਿਆ ਤਾਂ ਮੈਂ ਜਿਉਂਦੇ ਜੀ ਮਰ ਜੂੰਗਾ…। ਮੈਂ ਰੋਂਦੇ ਹੋਏ ਡਾਕਟਰ ਦੇ ਪੈਰ ਫਡ਼ ਲਏ।
ਹੌਂਸਲਾ ਰੱਖ ਮੂਰਤੀ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਜਲਦੀ ‘ਓ ਨੈਗੇਟਿਵ’ ਗਰੁੱਪ ਦੇ ਖੂਨ ਦਾ ਪ੍ਰਬੰਧ ਕਰ। ਨਹੀਂ ਤਾਂ ਅਸੀਂ ਕੁਝ ਨਹੀਂ ਕਰ ਸਕਾਂਗੇ।ਕਹਿਦੇ ਹੋਏ ਡਾਕਟਰ ਮੁਡ਼ ਆਪਰੇਸ਼ਨ ਥਿਏਟਰ ਵਿਚ ਚਲਾ ਗਿਆ।
ਰੋਂਦੀ ਹੋਈ ਪਤਨੀ ਉੱਤੇ ਇਕ ਨਿਗ੍ਹਾ ਮਾਰ ਮੈਂ ਬਾਹਰ ਆ ਗਿਆ। ਜੇਬ ਵਿਚ ਰੁਪਏ ਲਈ ਮੈਂ ਇੱਧਰ-ਉੱਧਰ ਭਟਕਦਾ ਰਿਹਾ, ਪਰ ਖੂਨ ਕਿਤੇ ਨਹੀਂ ਮਿਲਿਆ। ਦੋਸਤ ਵੀ ਕੰਮ ਨਹੀਂ ਆਏ। ਅਣਹੋਣੀ ਦਾ ਭੈ ਲਈ ਮੈਂ ਡਗਮਗਾਉਂਦੇ ਕਦਮਾਂ ਨਾਲ ਹਸਪਤਾਲ ਵਾਪਸ ਆ ਗਿਆ। ਮੇਰੇ ਹੰਝੂ ਰੁਕ ਨਹੀਂ ਰਹੇ ਸਨ।
ਬਰਾਮਦੇ ਵਿਚ ਹੀ ਥੱਕੀ, ਪਰ ਮੁਸਕਰਾਉਂਦੀ ਹੋਈ ਪਤਨੀ ਕੁਝ ਦਵਾਈਆ ਲਈ ਨਰਸ ਸਰਿਤਾ ਨਾਲ ਵਾਰਡ ਵਿਚ ਜਾਂਦੀ ਦਿਖਾਈ ਦਿੱਤੀ। ਮੈਂ ਉਹਨਾਂ ਦੇ ਪਿੱਛੇ ਹੋ ਲਿਆ।
ਸਰਿਤਾ ਭੈਣ ਨੇ ਆਪਣਾ ਖੂਨ ਦੇ ਕੇ ਸਾਡੇ ਬੇਟੇ ਦੀ ਜਾਨ ਬਚਾਲੀ! ਨਰਸ ਦਾ ਹੱਥ ਫਡ਼ ਪਤਨੀ ਬੋਲੀ। ਮੈਂ ਅਵਾਕ ਖਡ਼ਾ ਰਹਿ ਗਿਆ। ਮੇਰਾ ਨਜ਼ਰੀਆ ਹੀ ਬਦਲ ਗਿਆ ਸੀ। ਇਹ ਉਹੀ ਸਰਿਤਾ ਨਰਸ ਸੀ, ਜਿਸਦੀ ਭਲਮਾਨਸੀ ਦਾ ਮੈਂ ਸਦਾ ਹੀ ਮਜ਼ਾਕ ਉਡਾਇਆ ਕਰਦਾ ਸੀ।
ਪਿਛਲੇ ਦਸਾਂ ਵਰ੍ਹਿਆਂ ਤੋਂ ਮੈ ਇਸ ਹਸਪਤਾਲ ਵਿਚ  ਵਾਰਡ-ਬੁਆਏ ਦਾ ਕੰਮ ਕਰ ਰਿਹਾਂ ਹਾਂ। ਮਰੀਜ ਦੇ ਰਿਸ਼ਤੇਦਾਰਾਂ ਤੋਂ ਪੈਸੇ ਲਏ ਬਿਨਾਂ ਮੈਂ ਉਹਨਾਂ ਦੀ ਕਦੇ ਕੋਈ ਮਦਦ ਨਹੀਂ ਕੀਤੀ। ਸਰਿਤਾ ਸਦਾ ਹੀ ਸਭਨਾਂ ਦੀ ਮਦਦ ਲਈ ਤਿਆਰ ਰਹਿੰਦੀ ਸੀ। ਜਿਵੇਂ ਸਭਨਾਂ ਦਾ ਦਰਦ, ਉਹਦਾ ਦਰਦ ਹੋਵੇ। ਇਸੇ ਗੱਲ ਲਈ ਮੇਰਾ ਉਸ ਨਾਲ ਝਗਡ਼ਾ ਰਹਿੰਦਾ ਸੀ। ਉਹ ਸਾਡੇ ‘ਸਿਸਟਮ’ ਨੂੰ ਤੋਡ਼ ਰਹੀ ਸੀ। ਪਰੰਤੂ ਅੱਜ ਆਪਣੀ ਇਸੇ ਸੁਹਿਰਦਤਾ ਕਾਰਨ ਉਹ ਮੈਨੂੰ ਦੇਵੀ ਜਾਪ ਰਹੀ ਸੀ। ਦਿਲ ਵਿਚ ਲਹਿਰ ਉੱਠੀ ਕਿ ਉਹਦੇ ਪੈਰਾਂ ਵਿਚ ਡਿੱਗ ਕੇ ਮਾਫੀ ਮੰਗ ਲਵਾਂ। ਪਰ ਮੈਂ ਇੰਨਾ ਹੀ ਕਹਿ ਸਕਿਆ, ਸਰਿਤਾ ਭੈਣ! ਮੈਂ ਜਿਨ੍ਹਾਂ ਰੁਪਈਆਂ ਮਗਰ ਭੱਜਦਾ ਰਿਹਾ, ਉਹੀ ਮੇਰੇ ਕੰਮ ਨਹੀਂ ਆਏ। ਕੰਮ ਆਈ ਤਾਂ ਤੇਰੀ ਨੇਕੀ, ਤੇਰੀ ਰਹਿਮਦਿਲੀ। ਹੁਣ ਮੈਂ ਵੀ ਤੇਰੇ ਰਾਹ ਤੇ ਹੀ ਚੱਲਾਂਗਾ। ਪਰਾਏ ਦਰਦ ਨੂੰ ਰੁਪਈਆਂ ’ਚ ਬਦਲ ਕੇ ਜੇਬ ’ਚ ਨਹੀਂ ਪਾਊਂਗਾ।
                                   -0-

No comments: