ਡਾ. ਸ਼ੀਲ ਕੌਸ਼ਿਕ
ਰੇਲ ਗੱਡੀ ਦੇ ਸਧਾਰਨ ਡੱਬੇ ਵਿਚ ਦਿਨੇਸ਼ ਨੂੰ ਅਕਸਰ ਹੀ ਇਕ ਸੱਤ-ਅੱਠ ਸਾਲ ਦੀ ਕੁੜੀ ਤੇ ਚਾਰ-ਪੰਜ ਸਾਲ ਦਾ ਮੁੰਡਾ ਚਿਹਰੇ ਉੱਪਰ ਜੋਕਰ ਦੀ ਤਰ੍ਹਾਂ ਮੇਕਅੱਪ ਕਰੀ ਮਿਲ ਜਾਂਦੇ ਸਨ। ਅੱਜ ਵੀ ਉਹ ਛੋਟਾ ਮੁੰਡਾ ਢੋਲ ਦੀ ਥਾਪ ਨਾਲ ਤਰ੍ਹਾਂ-ਤਰ੍ਹਾਂ ਦੀਆਂ ਸ਼ਕਲਾਂ ਬਣਾ ਕੇ ਸਭ ਨੂੰ ਹੱਸਣ ਲਈ ਮਜਬੂਰ ਕਰ ਰਿਹਾ ਸੀ। ਸਵਾਰੀਆਂ ਖੁਸ਼ ਹੋ ਕੇ ਉਸਦੇ ਕੌਲੇ ਵਿਚ ਇਕ-ਦੋ ਰੁਪਏ ਪਾ ਰਹੀਆਂ ਸਨ। ਉਸ ਮੁੰਡੇ ਦੀ ਨਿਗ੍ਹਾ ਜਦੋਂ ਬ੍ਰੈੱਡ-ਪਕੋੜਾ ਵੇਚਣ ਵਾਲੇ ਉੱਪਰ ਪਈ ਤਾਂ ਉਹਨੇ ਢਿੱਡ ਉੱਤੇ ਹੱਥ ਰੱਖਕੇ ਆਪਣੀ ਭੈਣ ਨੂੰ ‘ਭੁੱਖ ਲੱਗੀ ਹੈ’ ਦਾ ਇਸ਼ਾਰਾ ਕੀਤਾ। ਭੈਣ ਨੇ ਅਗੋਂ ਉਸਨੂੰ ਝਿੜਕ ਦਿੱਤਾ।
ਸਵਾਰੀਆਂ ਉਸਦੇ ਕੌਲੇ ਵਿਚ ਪੈਸੇ ਪਾ ਰਹੀਆਂ ਸਨ। ਪਰੰਤੂ ਉਸ ਨੂੰ ਤਾਂ ਭੁੱਖ ਲੱਗੀ ਸੀ। ਉਸਦੀ ਨਿਗ੍ਹਾ ਬ੍ਰੈੱਡ-ਪਕੌੜੇ ਵਾਲੇ ਵੱਲ ਟਿਕੀ ਹੋਈ ਸੀ। ਦਿਨੇਸ਼ ਨੇ ਕੌਲੇ ਵਿਚ ਪੈਸੇ ਪਾਉਣ ਲਈ ਅੱਗੇ ਵਧਿਆ ਆਪਣਾ ਹੱਥ ਪਿੱਛੇ ਖਿੱਚ ਲਿਆ। ਉਸਨੇ ਪਕੌੜੇ ਵਾਲੇ ਨੂੰ ਮੁੰਡੇ ਤਾਈਂ ਪਕੌੜਾ ਦੇਣ ਨੂੰ ਕਿਹਾ।
ਮੁੰਡਾ ਪੈਸਿਆਂ ਵਾਲਾ ਭਰਿਆ ਕੌਲਾ ਭੈਣ ਦੇ ਪੈਰਾਂ ਕੋਲ ਸੁੱਟ ਕੇ ਪਕੌੜੇ ਉੱਤੇ ਟੁੱਟ ਪਿਆ।
-0-
No comments:
Post a Comment