ਡਾ. ਪੂਨਮ ਗੁਪਤ
ਦੌਰੇ ਤੋਂ ਮੁਡ਼ਿਆ ਤਾਂ ਵੱਡੇ ਭਰਾ ਦਾ ਫੋਨ ਮਿਲਿਆ, “ਤਿੰਨ ਦਿਨ ਹੋ ਗਏ, ਨੀਰਜਾ ਆਈ ਹੋਈ ਐ।”
ਅੱਠ ਮਹੀਨੇ ਪਹਿਲਾਂ ਹੀ ਨੀਰਜਾ ਦਾ ਵਿਆਹ ਹੋਇਆ ਸੀ। ਨੀਰਜਾ–ਵੀਰ ਜੀ ਦੀ ਇਕਲੌਤੀ ਧੀ ਸੀ, ਸੁੰਦਰ ਤੇ ਸਮਝਦਾਰ। ਪਤਾ ਨਹੀਂ ਕਿਉਂ ਉਹ ਸਹੁਰੇ ਘਰ ਖੁਸ਼ ਨਹੀਂ ਸੀ। ਜਦੋਂ ਵੀ ਉਸ ਨਾਲ ਫੋਨ ਉੱਤੇ ਗੱਲ ਕਰਦਾ, ਉਹ ਰੋ ਪੈਂਦੀ।
ਵੀਰ ਜੀ ਦੇ ਘਰ ਪਹੁੰਚਿਆ ਤਾਂ ਨੀਰਜਾ ਮੇਰੇ ਗਲ ਨਾਲ ਲੱਗ ਕੇ ਰੋ ਪਈ। ਕਾਫੀ ਕਮਜ਼ੋਰ ਲੱਗ ਰਹੀ ਸੀ ਉਹ। ‘ਮੈਂ ਵਾਪਸ ਨਹੀਂ ਜਾਣਾ,’ ਇਕ ਹੀ ਰੱਟ ਸੀ ਉਸਦੀ। ਮੈਂ ਸਮਝਾਉਣਾ ਚਾਹਿਆ ਤਾਂ ਬੋਲੀ, “ਸੱਸ ਗੱਲ-ਗੱਲ ਤੇ ਤਾਹਨੇ ਮਾਰਦੀ ਰਹਿੰਦੀ ਐ। ਹਰ ਗੱਲ ’ਚ ਟੋਕਦੀ ਐ। ਹੁਣ ਮੇਰੇ ਤੋਂ ਨਹੀਂ ਸਹਿਆ ਜਾਂਦਾ।”
ਮੈਂ ਸਮਝਾਇਆ ਕਿ ਇਕ-ਦੂਜੇ ਨੂੰ ਸਮਝਣ ਵਿਚ ਵਕਤ ਲਗਦਾ ਹੈ, ਫਿਰ ਹੌਲੇ-ਹੌਲੇ ਸਭ ਠੀਕ ਹੋ ਜਾਂਦਾ ਹੈ।
“ਉੱਥੇ ਕੁਝ ਨਹੀਂ ਸੁਧਰੇਗਾ ਚਾਚਾ ਜੀ! ਮੈਂ ਈ ਭਾਵੇਂ…” ਉਹ ਫਿਰ ਰੋ ਪਈ।
ਉਹਦਾ ਮਨ ਬਹਿਲਾਉਣ ਲਈ ਮੈਂ ਉਸਨੂੰ ਬਾਹਰ ਲਾਨ ਵਿਚ ਲੈ ਗਿਆ। ਟਹਿਲਦੇ ਹੋਏ ਉਸ ਨਾਲ ਇੱਧਰ-ਉੱਧਰ ਦੀਆਂ ਗੱਲਾਂ ਕਰਨ ਲੱਗਾ। ਤਦ ਹੀ ਨੀਰਜਾ ਦਾ ਧਿਆਨ ਕੁਝ ਮੁਰਝਾਏ ਹੋਏ ਪੌਦਿਆਂ ਵੱਲ ਗਿਆ। ਉਹ ਬੋਲੀ, “ਮਾਲੀ ਅੰਕਲ, ਇਹ ਜਿਹਡ਼ੇ ਪੌਦੇ ਤੁਸੀਂ ਪਰਸੋਂ ਲਾ ਕੇ ਗਏ ਸੀ, ਇਹ ਤਾਂ ਮੁਰਝਾਈ ਜਾ ਰਹੇ ਹਨ। ਸੁੱਕ ਜਾਣਗੇ ਤਾਂ ਬੁਰੇ ਲੱਗਣਗੇ। ਇਨ੍ਹਾਂ ਨੂੰ ਪੁੱਟ ਕੇ ਸੁੱਟ ਦਿਓ।”
“ਨਹੀਂ ਬਿਟੀਆ, ਯੇ ਸੂਖੇਂਗੇ ਨਹੀਂ। ਯੇ ਨਰਸਰੀ ਮੇਂ ਪੈਦਾ ਹੁਏ ਥੇ, ਵਹਾਂ ਸੇ ਉਖਾਡ਼ ਕਰ ਯਹਾਂ ਲਗਾਇਆ ਹੈ। ਨਈ ਜਗਹ ਹੈ, ਜਡ਼ੇਂ ਪਕਡ਼ਨੇ ਮੇਂ ਥੋਡ਼ਾ ਵਕਤ ਤੋ ਲਗੇਗਾ।”
ਮਾਲੀ ਦੀ ਗੱਲ ਸੁਣ ਨੀਰਜਾ ਕਿਸੇ ਸੋਚ ਵਿਚ ਡੁੱਬ ਗਈ। ਛੇਤੀ ਹੀ ਉਹ ਸਹੁਰੇ–ਘਰ ਜਾਣ ਦੀ ਤਿਆਰੀ ਕਰਨ ਲੱਗੀ।
-0-