Monday, November 7, 2011

ਹਿੰਦੀ/ ਸੰਬੋਧਨ


ਖੁਦੇਜਾ ਖਾਨ
ਬਾਹਰੋਂ ਕਿਸੇ ਬੁੱਢੇ ਭਿਖਾਰੀ ਨੇ ਪੁਕਾਰ ਲਾਈ, ਮਾਂ……ਇਕ ਮੁੱਠੀ ਚੌਲ ਦੇ ਦੇ ਮਾਂ…!
ਇੰਨਾ ਸੁਣਦੇ ਹੀ ਬਜ਼ੁਰਗ ਔਰਤ ਚਾਵਲਾਂ ਦਾ ਕਟੋਰਾ ਭਰ  ਉਸ ਬੁੱਢੇ ਭਿਖਾਰੀ ਦੀ ਝੋਲੀ ਵਿਚ ਪਾਉਣ ਲਈ ਦੌਡ਼ ਪਈ।
ਇਕ ਤਾਂ ਇਸ ਬੁੱਢੇ ਭਿਖਾਰੀ ਨੂੰ ਉੱਚਾ ਸੁਣਦਾ ਹੈ, ਜਦੋਂ ਤੱਕ ਬਾਹਰ ਨਿਕਲਿਆ ਬੰਦਾ ਦਿੱਸ ਨਾ ਜਾਵੇ ਤਦ ਤੱਕ ਪੁਕਾਰਦਾ ਰਹਿੰਦਾ ਹੈ। ਉਹਦੀ ਪੁਕਾਰ ਨਾਲ ਬਜ਼ੁਰਗ ਆਦਮੀ ਖਿਝ ਜਾਂਦਾ ਹੈ, ਤੂੰ ਬਹੁਤ ਚਮ੍ਹਲਾ ਲਿਆ ਐ ਉਸਨੂੰ। ਬੇਵਕਤ ਆ ਕੇ  ਇੰਜ ਚਿੱਲਾਉਂਦੈ ਜਿਵੇਂ ਉਹਦਾ ਕਰਜ਼ਾ ਦੇਣਾ ਹੋਵੇ।  ਇਕੱਠਾ ਰਾਸ਼ਨ ਕਿਉਂ ਨਹੀਂ ਦੇ ਦਿੰਦੀ ਉਸਨੂੰ?
ਬਜ਼ੁਰਗ ਔਰਤ ਬਡ਼ੇ ਸ਼ਾਂਤ ਮਨ ਨਾਲ ਬੋਲੀ, ਇਕੱਠਾ ਰਾਸ਼ਨ ਦੇ ਵੀ ਦਿਆਂ, ਪਰ ਉਹ ਜੋ ‘ਮਾਂ’ ਕਹਿਕੇ ਬੁਲਾਉਂਦਾ ਹੈ, ਉਸ ’ਚ ਬਡ਼ਾ ਆਪਣਾਪਨ ਝਲਕਦਾ ਹੈ। ਹੁਣ ਆਪਣੇ ਬੱਚੇ ਤਾਂ ਨਾਲ ਰਹਿੰਦੇ ਨਹੀਂ, ‘ਮਾਂ’ ਸੁਣਨ ਨੂੰ ਤਰਸਦਾ ਹੈ ਮਨ। ਘੱਟੋ-ਘੱਟ  ਇਹ ਅਭਾਗਾ ਆਕੇ ਮੇਰੀ ਮਮਤਾ ਨੂੰ ਤਾਂ ਛੂਹ ਜਾਂਦਾ ਹੈ।
ਬਜ਼ੁਰਗ ਪਤੀ, ਪਤਨੀ ਦੇ ਦਰਦ ਨੂੰ ਸਮਝ ‘ਸੰਬੋਧਨ’ ਦੀ ਨਮੀ ਵਿਚ ਭਿੱਜ ਗਿਆ।
                                         -0-

No comments: