ਅਸ਼ਵਨੀ ਕੁਮਾਰ ਆਲੋਕ
ਵੱਡੇ ਭਰਾ ਦਾ ਵਿਆਹ ਉਦੋਂ ਹੋਇਆ ਸੀ, ਜਦੋਂ ਉਹ ਨੌਕਰੀ ਕਰਨ ਲੱਗੇ ਸਨ। ਇਸਲਈ ਉਹਨਾਂ ਦੀ ਪਤਨੀ ਸੁੰਦਰ ਵੀ ਹੈ ਤੇ ਪਡ਼੍ਹੀ ਲਿਖੀ ਵੀ। ਛੋਟੇ ਭਰਾ ਦੀ ਪਤਨੀ ਭਾਵੇਂ ਜ਼ਿਆਦਾ ਪਡ਼੍ਹੀ ਲਿਖੀ ਨਹੀਂ ਹੈ, ਪਰ ਉਹਦੇ ਵਸਤਰ ਤੇ ਗਹਿਣੇ ਉਸ ਨੂੰ ਕਿਸੇ ਤੋਂ ਘੱਟ ਨਹੀਂ ਰਹਿਣ ਦਿੰਦੇ। ਮੇਰੀ ਪਤਨੀ ਬਹੁਤ ਭੋਲੀ ਹੈ, ਅਨਪਡ਼੍ਹ ਹੈ ਤੇ ਜ਼ਿਆਦਾ ਸੋਹਣੀ ਵੀ ਨਹੀਂ ਹੈ। ਪਰ ਮੈਂ ਬਹੁਤ ਡਰਦਾ ਹਾਂ ਉਸ ਤੋਂ, ਸ਼ਾਇਦ ਉਸਤੋਂ ਵੀ ਵੱਧ ਉਹ ਮੈਨੂੰ ਚਾਹੁੰਦੀ ਹੈ।
ਵੱਡਾ ਭਰਾ ਸ਼ਹਿਰ ਵਿਚ ਹੈ, ਛੋਟਾ ਭਰਾ ਆਪਣੀ ਪਤਨੀ ਨਾਲ ਘਰ ਵਿਚ ਹੀ ਰਹਿੰਦਾ ਹੈ। ਪਤਾ ਨਹੀਂ ਇਹਨੀਂ ਦਿਨੀਂ ਦੋਹਾਂ ਭਰਾਵਾਂ ਦੀ ਨਿਗ੍ਹਾ ਵਿਚ ਮੈਂ ਕਿਉਂ ਰਡ਼ਕ ਰਿਹਾ ਹਾਂ। ਪਿਤਾ ਜੀ ਮੇਰੇ ਨਾਲ ਰਹਿੰਦੇ ਹਨ, ਬਜ਼ੁਰਗ ਮਾਂ ਮੇਰੀ ਪਤਨੀ ਦੇ ਕੰਮਾਂ ਵਿਚ ਥੋਡ਼ੀ ਮਦਦ ਕਰ ਦਿੰਦੀ ਹੈ। ਇਸ ਨਾਲ ਦੋਨੋਂ ਭਰਾ ਕੁਡ਼੍ਹਦੇ ਰਹਿੰਦੇ ਹਨ। ਸ਼ਹਿਰ ਤੋਂ ਭਾਬੀ ਆਉਂਦੀ ਹੈ ਤਾਂ ਤਾਹਨੇਂ ਮਾਰਦੀ ਹੈ। ਇੱਧਰ ਛੋਟਾ ਭਰਾ ਵੀ ਗੱਲ ਗੱਲ ਤੇ ਮਖੌਲ ਉਡਾਉਂਦਾ ਹੈ। ਦੋਹਾਂ ਦੀ ਨਿਗ੍ਹਾ ਵਿਚ ਮੈਂ ਪਿਤਾ ਜੀ ਦੀ ਪੈਨਸ਼ਨ ਨਾਲ ਆਪਣੇ ਜਵਾਨ ਹੋ ਰਹੇ ਬੱਚਿਆਂ ਦੀ ਪਡ਼੍ਹਾਈ ਦਾ ਖਰਚ ਚਲਾ ਰਿਹਾ ਹਾਂ।
ਮੇਰਾ ਦਿਮਾਗ ਇਹਨੀਂ ਦਿਨੀਂ ਬਹੁਤ ਪਰੇਸ਼ਾਨ ਰਹਿੰਦਾ ਹੈ। ਮਨ ਕਰਦਾ ਹੈ ਕਿ ਜਾਂ ਤਾਂ ਭਰਾਵਾਂ ਦੇ ਸਿਰ ਪਾਡ਼ ਦਿਆਂ ਜਾਂ ਫਿਰ ਆਤਮਘਾਤ ਕਰ ਲਵਾਂ। ਕਦੇ ਕਦੇ ਸੋਚਦਾ ਹਾਂ ਕਿ ਪਿਤਾ ਜੀ ਨੂੰ ਕਹਿ ਦਿਆਂ ਕਿ ਉਹ ਆਪਣਾ ਅੱਡ ਪ੍ਰਬੰਧ ਕਰ ਲੈਣ। ਪਰ ਦੋਨੋਂ ਭਰਾਵਾਂ ਵਿੱਚੋਂ ਕੋਈ ਉਹਨਾਂ ਨੂੰ ਨਾਲ ਰੱਖਣਾ ਵੀ ਤਾਂ ਚਾਹੇ, ਤਦ ਹੀ ਉਹ ਉਹਨਾਂ ਨਾਲ ਰਹਿਣਗੇ।
ਘਰ ਵਿਚ ਮਨ ਨਹੀਂ ਲਗਦਾ। ਦਿਨ-ਰਾਤ ਦੀ ਚਿਕ ਚਿਕ ਨਾਲ ਮਨ ਦੁਖੀ ਹੋ ਗਿਆ ਹੈ। ਸ਼ਹਿਰੋਂ ਭਾਬੀ ਵੀ ਆਈ ਹੋਈ ਹੈ। ਛੋਟਾ ਵੀ ਉਹਨਾਂ ਵੱਲ ਹੀ ਹੈ।
ਦੇਰ ਰਾਤ ਨੂੰ ਘਰ ਮੁਡ਼ਿਆ ਤਾਂ ਪਤਨੀ ਮੇਰੀ ਉਡੀਕ ਕਰ ਰਹੀ ਸੀ। ਭੋਜਨ ਕਰਨ ਲੱਗਾ ਤਾਂ ਪਤਨੀ ਨੇ ਪੱਖਾ ਝੱਲਦੇ ਹੋਏ ਕਿਹਾ, “ਬਾਊ ਜੀ ਅੱਜਕਲ ਬਹੁਤ ਪਰੇਸ਼ਾਨ ਰਹਿੰਦੇ ਹਨ। ਤੁਸੀਂ ਵੀ ਦੇਰ ਨਾਲ ਘਰ ਆ ਰਹੇ ਓ।”
“ਤਾਂ ਮੈਂ ਕੀ ਕਰਾਂ?” ਮੈਂ ਚੀਕ ਪਿਆ, “ਤੈਨੂੰ ਮੇਰੀ ਤਕਲੀਫ ਦਿਖਾਈ ਨਹੀਂ ਦਿੰਦੀ। ਸਾਰਿਆਂ ਨੂੰ ਮੇਰੇ ’ਚ ਈ ਦੋਸ਼ ਨਜ਼ਰ ਆਉਂਦੈ। ਕਹਿ ਦਿਓ ਬਾਊ ਜੀ ਨੂੰ, ਜਿੱਥੇ ਜੀਅ ਕਰੇ ਚਲੇ ਜਾਣ।” ਮੈਂ ਭੋਜਨ ਛੱਡ, ਸਿਰ ਫਡ਼ ਕੇ ਬਹਿ ਗਿਆ।
ਕਮਰੇ ਵਿਚ ਹੁੰਮਸ ਵੱਧ ਗਈ। ਪਤਨੀ ਨੇ ਪੱਖਾ ਝੱਲਣਾ ਬੰਦ ਕਰ ਦਿੱਤਾ। ਉਹਨੇ ਜਿਉਂ ਹੀ ਮੇਰੇ ਮੱਥੇ ਉੱਤੇ ਹੱਥ ਰੱਖਿਆ, ਜੀਅ ਕੀਤਾ ਕਿ ਉਹਦਾ ਹੱਥ ਝਟਕ ਦਿਆਂ ਤੇ ਭੋਜਨ ਛੱਡ ਕੇ ਚਲਾ ਜਾਵਾਂ। ਪਰੰਤੂ ਜਿਵੇਂ ਹੀ ਮੈਂ ਸਿਰ ਉਠਾ ਕੇ ਦੇਖਿਆ, ਉਹਦੀਆਂ ਅੱਖਾਂ ਵਿਚੋਂ ਹੰਝੂ ਦੀਆਂ ਧਾਰਾਂ ਵਹਿ ਰਹੀਆਂ ਸਨ।
“ਮੈਂ ਤੁਹਾਨੂੰ ਕਿਉਂ ਦੋਸ਼ ਦਿਆਂਗੀ। ਪਤੀ ਦੀ ਤਕਲੀਫ ਨੂੰ ਪਤਨੀ ਸਮਝਦੀ ਹੀ ਨਹੀਂ, ਭੋਗਦੀ ਵੀ ਹੈ। ਮੈਨੂੰ ਬਾਊ ਜੀ ਦੀ ਹਾਲਤ ਦੇਖ ਕੇ ਰੋਣਾ ਆਉਂਦਾ ਹੈ। ਹੁਣ ਇਸ ਉਮਰ ’ਚ ਉਹ ਕਿੱਥੇ ਜਾਣਗੇ?”
ਉਹਦੀ ਰੋਣਹਾਕੀ ਆਵਾਜ਼ ਮੇਰੇ ਕਲੇਜੇ ਨੂੰ ਚੀਰ ਗਈ। ਮੈਂ ਇਕ ਵਾਰ ਉਸ ਨੂੰ ਗੌਰ ਨਾਲ ਦੇਖਿਆ ਤੇ ਫਿਰ ਉਹਦੀ ਗੋਦੀ ਵਿਚ ਚਿਹਰਾ ਛੁਪਾ ਲਿਆ।
-0-
No comments:
Post a Comment