ਯਾਦਵੇਂਦਰ ਸ਼ਰਮਾ ‘ਚੰਦਰ’
ਉਸ ਦਿਨ ਟੀ.ਵੀ ਉੱਤੇ ‘ਮਹਾਭਾਰਤ’ ਦੇਖਦੇ ਹੋਏ ਮੇਰੇ ਪੋਤਰੇ ਸੋਨੂੰ ਨੇ ਪੁੱਛਿਆ, “ਬਾਬਾ ਜੀ, ਇਸ ਆਦਮੀ ਦੇ ਮੂੰਹ ’ਚੋਂ ਅੱਗ ਕਿਵੇਂ ਨਿਕਲ ਰਹੀ ਐ?”
ਉਹਦਾ ਇਸ਼ਾਰਾ ਕ੍ਰਿਸ਼ਨ ਨੂੰ ਮਾਰਨ ਤੇ ਨੰਦ ਗਾਂਵ ਨੂੰ ਸਾੜਨ ਲਈ ਆਏ ਕੰਸ ਦੇ ਰਾਕਸ਼ਸਾਂ ਵੱਲ ਸੀ।
ਮੈਂ ਸਹਿਜ ਭਾਵ ਨਾਲ ਕਿਹਾ, “ਇਹ ਰਾਕਸ਼ਸ ਹਨ।”
“ਰਾਕਸ਼ਸ? ਬਾਬਾ ਜੀ, ਇਹ ਤਾਂ ਆਦਮੀ ਹਨ। ਦੇਖੋ ਨਾ ਉਹਦੇ ਵੀ ਦੋ ਹੱਥ, ਇਕ ਮੂੰਹ, ਦੋ ਪੈਰ ਹਨ।”
ਮੈਂ ਉਹਨੂੰ ਸਮਝਾਉਂਦੇ ਹੋਏ ਕਿਹਾ, “ਜੋ ਬੁਰਾ ਕੰਮ ਕਰਦੇ ਹਨ, ਉਹ ਰਾਕਸ਼ਸ ਹੁੰਦੇ ਹਨ। ਦੇਖ ਇਹ ਨੰਦ ਗਾਂਵ ਨੂੰ ਸਾੜਨ ਆਏ ਹਨ।”
“ਪਰ ਉਨ੍ਹਾਂ ਦੇ ਮੂੰਹ ’ਚੋਂ ਅੱਗ ਕਿਵੇਂ ਨਿਕਲਦੀ ਐ? ਇਨ੍ਹਾਂ ਦੇ ਪੇਟ ’ਚ ਚੁੱਲ੍ਹਾ ਜਲਦਾ ਐ?”
“ਨਹੀਂ।”
“ਤਾਂ ਫਿਰ ਸਟੋਵ?” ਉਹਨੇ ਤਾੜੀ ਮਾਰਦੇ ਹੋਏ ਕਿਹਾ, “ਜ਼ਰੂਰ ਸਟੋਵ ਈ ਜਲਦਾ ਹੋਣੈ, ਉਸ ਵਰਗੀ ਆਵਾਜ਼ ਆਉਂਦੀ ਐ।”
ਮੈਂ ਕਿਹਾ, “ਨਹੀਂ ਬੇਟੇ, ਇਹ ਸਭ ਪ੍ਰਭੂ ਦੀ ਲੀਲਾ ਐ।”
ਉਹਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ। ਉਹ ਵਾਰ ਵਾਰ ਪ੍ਰਸ਼ਨ ਕਰਦਾ ਜਾ ਰਿਹਾ ਸੀ–“ਇੰਨੇ ਵੱਡੇ ਆਦਮੀਆਂ ਨੂੰ ਇਹ ਬੱਚੇ ਕਿਵੇਂ ਉਛਾਲ ਸਕਦੇ ਹਨ? ਕ੍ਰਿਸ਼ਨ ਜੀ ਨੇ ਅਜਿਹਾ ਕੀ ਛੱਡਿਆ, ਜਿਸ ਨਾਲ ਉਹ ਰਾਕਸ਼ਸ ਭਸਮ ਹੋ ਗਿਆ?”
ਮੈਂ ਆਪ ਦੱਸਣ ਵਿਚ ਅਸਮਰਥ ਸੀ। ਕੀ ਦੱਸਦਾ? ਇਹ ਕਹਿਣ ਦਾ ਹੌਂਸਲਾ ਵੀ ਨਹੀਂ ਸੀ ਕਿ ਇਹ ਸਭ ਕਲਪਨਾ ਹੈ, ਕਥਾਨਕ ਵਿਚ ਰੋਚਕਤਾ ਭਰਨ ਲਈ ਲਿਖਿਆ ਗਿਆ ਹੈ। ਉਸ ਬਾਲਪਨ ਉੱਤੇ ਗੈਰ-ਵਿਗਿਆਨਕ ਯਥਾਰਥ ਦੀ ਧੁੰਦ ਛਾਈ ਜਾ ਰਹੀ ਸੀ। ਮੈਂ ਸੋਚ ਰਿਹਾ ਸੀ ਕਿ ਇਕੀਵੀਂ ਸਦੀ ਵਿਚ ਜਾਣ ਵਾਲਾ ਇਹ ਦੇਸ਼ ਕਿਸ ਅੰਨ੍ਹੇਪਨ ਵੱਲ ਜਾ ਰਿਹਾ ਹੈ।
ਬਲਰਾਮ ਦਾ ਸਿੱਟਿਆ ਦੂਜਾ ਰਾਕਸ਼ਸ ਗੇਂਦ ਦੀ ਤਰ੍ਹਾਂ ਬੁੜ੍ਹਕਿਆ ਤਾਂ ਸੋਨੂੰ ਬੋਲਿਆ, “ਬਾਬਾ ਜੀ, ਦੇਖੋ, ਉਸ ਬੱਚੇ ਨੇ ਇੰਨੇ ਵੱਡੇ ਆਦਮੀ ਨੂੰ ਉਛਾਲ ਦਿੱਤਾ। ਮੈਂ ਵੀ ਆਪਣੀ ਕਾਲੀ ਮੈਡਮ ਨੂੰ ਉਛਾਲ ਦਿਆਂਗਾ। ਉਹ ਮੈਨੂੰ ਡਾਂਟਦੀ ਐ।”
ਮੈਂ ਬੇਬਸ ਹੋ ਕੇ ਆਪਣਾ ਹੱਥ ਉਹਦੇ ਮੂੰਹ ਉੱਤੇ ਰੱਖ ਦਿੱਤਾ।
-0-