Friday, July 16, 2010

ਹਿੰਦੀ/ ਦਾਵਾ

ਜਿਉਤੀ ਜੈਨ
             ਬਹਿਸ ਚੱਲ ਰਹੀ ਸੀ। ਸਾਰੇ ਆਪਣੇ ਦੇਸ਼ਭਗਤ ਹੋਣ ਦਾ ਦਾਵਾ ਪੇਸ਼ ਕਰ ਰਹੇ ਸਨ।
             ਅਧਿਆਪਕ ਦਾ ਕਹਿਣਾ ਸੀ, “ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਇਸਲਈ ਇਹ ਦੇਸ਼ ਦੀ ਵੱਡੀ ਸੇਵਾ ਹੈ।”
             ਡਾਕਟਰ ਦਾ ਕਹਿਣਾ ਸੀ, “ਅਸੀਂ ਦੇਸ਼ਵਾਸੀਆਂ ਦੀ ਜਾਨ ਬਚਾਉਂਦੇ ਹਾਂ, ਇਸਲਈ ਦੇਸ਼ਭਗਤੀ ਦਾ ਸਰਟੀਫਿਕੇਟ ਸਾਨੂੰ ਮਿਲਣਾ ਚਾਹੀਦਾ ਹੈ।”
             ਵੱਡੀਆਂ ਵੱਡੀਆਂ ਉਸਾਰੀਆਂ ਕਰਨ ਵਾਲੇ ਇੰਜਨੀਅਰਾਂ ਨੇ ਵੀ ਆਪਣਾ ਦਾਵਾ ਪੇਸ਼ ਕੀਤਾ ਤਾਂ ਵਪਾਰੀਆਂ ਅਤੇ ਕਿਸਾਨਾਂ ਨੇ ਦੇਸ਼ ਦੀ ਆਰਥਿਕ ਤਰੱਕੀ ਵਿਚ ਆਪਣਾ ਯੋਗਦਾਨ ਦਰਸਾਉਂਦੇ ਹੋਏ ਆਪਣਾ ਪੱਖ ਪੇਸ਼ ਕੀਤਾ।
             ਤਦ ਖੱਦਰਧਾਰੀ ਲੀਡਰ ਅੱਗੇ ਆਏ, “ਸਾਡੇ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ। ਸਭ ਤੋਂ ਵੱਡੇ ਦੇਸ਼ਭਗਤ ਤਾਂ ਅਸੀਂ ਹਾਂ।”
             ਲੀਡਰ ਦੀ ਗੱਲ ਸੁਣ ਹੌਲੀ-ਹੌਲੀ ਸਾਰੇ ਖਿਸਕਣ ਲੱਗੇ।
             ਤਦ ਕਿਸੇ ਨੇ ਕਿਹਾ, “ਓਏ ਲਾਲ ਸਿੰਘ, ਤੂੰ ਆਪਣਾ ਪੱਖ ਨਹੀਂ ਰੱਖੇਂਗਾ?”
            “ਮੈਂ ਕੀ ਕਹਾਂ?” ਰਿਟਾਇਰਡ ਫੌਜੀ ਬੋਲਿਆ, “ਕਿਸ ਬਿਨਾ ਤੇ ਕੁਝ ਕਹਾਂ, ਮੇਰੇ ਕੋਲ ਤਾਂ ਕੁਝ ਵੀ ਨਹੀਂ। ਮੇਰੇ ਤਿੰਨੋਂ ਪੁੱਤਰ ਤਾਂ ਪਹਿਲਾਂ ਹੀ ਫੌਜ ’ਚ ਸ਼ਹੀਦ ਹੋ ਚੁੱਕੇ ਹਨ।”
                                                                           -0-

No comments: