ਸੁਧਾ ਭਾਰਗਵ
ਚਾਰ ਵਰ੍ਹਿਆਂ ਦਾ ਨਿਆਣਾ ਟੋਡੀ, ਮਾਂ ਦਾ ਲਾਡਲਾ, ਪਿਤਾ ਦਾ ਪਿਆਰਾ ਤੇ ਭੈਣ ਦਾ ਨਿਰਾਲਾ ‘ਰਾਜਾ ਵੀਰਾ’ ਸੀ। ਪੰਜਾਂ ਸਾਲਾਂ ਦਾ ਹੁੰਦੇ ਹੀ ਜਦੋਂ ਉਹ ਸਕੂਲ ਜਾਣ ਲੱਗਾ ਤਾ ਇਹ ਸਾਰੇ ਵਿਸ਼ੇਸ਼ਣ ਛੂਮੰਤਰ ਹੋ ਗਏ। ਸਕੂਲ ਜਾਂਦੇ ਸਮੇਂ ਮਾਂ ਹਿਦਾਇਤ ਦਿੰਦੀ ‘ਕਾਇਦੇ ਨਾਲ ਰਹੀਂ’। ਨਿਆਣਾ ਸਮਝ ਨਹੀਂ ਸਕਿਆ ਕਿ ‘ਕਾਇਦਾ’ ਕਿਸ ਨੂੰ ਕਹਿੰਦੇ ਹਨ।ਪਿਤਾ ਬੋਲੇ, “ਜ਼ਿਆਦਾ ਗੱਲਾਂ ਨਹੀਂ ਕਰਨੀਆਂ।” ਨਿਆਣਾ ਭੌਂਚੱਕਾ ਰਹਿ ਗਿਆ–ਪਾਪਾ ਨੂੰ ਕੀ ਹੋ ਗਿਆ? ਮੇਰੀਆਂ ਗੱਲਾਂ ਸੁਣਕੇ ਹੱਸਦੇ ਸਨ, ਗਲ ਨਾਲ ਲਾਉਂਦੇ ਸਨ; ਉਹੀ ਕਹਿ ਰਹੇ ਹਨ–ਚੁੱਪ ਰਹੀਂ!
ਸਕੂਲ ਦਾ ਪਹਿਲਾ ਦਿਨ। ਬੱਚੇ ਹੌਲੀ ਹੌਲੀ ਸਕੂਲ ਦੇ ਮੈਦਾਨ ਵਿਚ ਕਦਮ ਰੱਖ ਰਹੇ ਸਨ। ਕਲਾਸ ਵਿਚ ਉਹ ਥੋੜੀ ਦੇਰ ਖਾਮੋਸ਼ ਰਹੇ, ਫਿਰ ਨਜ਼ਰਾਂ ਉੱਪਰ ਉੱਠੀਆਂ। ਨਜ਼ਰਾਂ ਇਕ ਦੂਜੇ ਨਾਲ ਟਕਰਾਈਆਂ ਤਾਂ ਚਿਹਰਿਆਂ ਉੱਪਰ ਧੁੱਪ ਜਿਹੀ ਫੈਲ ਗਈ। ਕਲਾਸ ਵਿਚ ਮੈਡਮ ਦੇ ਆਉਂਦੇ ਹੀ ਬੱਚੇ ਆਪਣੀ ਜਗ੍ਹਾ ਉੱਤੇ ਬੈਠ ਗਏ। ਚਹਿਲਕਦਮੀ, ਚਹਿਚਹਾਟ ਨਾਲ ਮੈਡਮ ਦੇ ਮੱਥੇ ਉੱਤੇ ਵੱਟ ਪੈ ਗਏ। ਟੋਡੀ ਮਨ ਹੀ ਮਨ ਦੁਹਰਾਉਣ ਲੱਗਾ–ਗੱਲਾਂ ਨਹੀਂ ਕਰਨੀਆਂ, ਕਾਇਦੇ ਨਾਲ ਰਹਿਣਾ ਹੈ।
ਦੋ ਬੱਚਿਆਂ ਨੇ ਇਕ ਦੂਜੇ ਵੱਲ ਦੇਖਿਆ। ਉਹ ਨਾਲ ਨਾਲ ਮੁਸਕਰਾਉਣ ਲੱਗੇ। ਮੈਡਮ ਨੂੰ ਉਹਨਾਂ ਦੀ ਭੋਲੀ ਮੁਸਕਾਣ ਕੰਡੇ ਵਾਂਗ ਚੁਭ ਗਈ। ਮੈਡਮ ਨੇ ਉਹਨਾਂ ਵੱਚੋਂ ਇਕ ਦਾ ਕੰਨ ਮਰੋੜ ਦਿੱਤਾ, ਦੂਜੇ ਨੂੰ ਮੁਰਗਾ ਬਣਾ ਦਿੱਤਾ–“ਹੁਣ ਭੁੱਲ ਜਾਉਂਗੇ ਸਾਰੀ ਸ਼ੈਤਾਨੀ।”
ਟੋਡੀ ਦੇ ਦਿਮਾਗ ਨੇ ਫਿਰ ਢੂੰਡਣਾ ਸ਼ੁਰੂ ਕਰ ਦਿੱਤਾ–ਇਹ ਸ਼ੈਤਾਨੀ ਕੀ ਹੁੰਦੀ ਹੈ? ਕੀ ਹੱਸਣ ਨੂੰ ਸ਼ੈਤਾਨੀ ਕਹਿੰਦੇ ਹਨ? ਉਹ ਗੁੰਮਸੁੰਮ ਹੋ ਗਿਆ।
ਘਰ ਪਹੁੰਚ ਕੇ ਉਹਨੇ ਸੁੱਖ ਦਾ ਸਾਹ ਲਿਆ।? ਉਹਦਾ ਸਰੀਰ ਘੱਟ ਤੇ ਮਨ ਜ਼ਿਆਦਾ ਥੱਕ ਚੁੱਕਾ ਸੀ।
“ਬੇਟੇ, ਥੱਕ ਗਿਆ ਹੋਏਂਗਾ, ਖਾਣਾ ਖਾ ਕੇ ਸੌਂ ਜਾ।” ਮਾਂ ਨੇ ਕਿਹਾ।
“ਮੰਮੀ, ਮੈਂ ਅੱਜ ਨਹੀਂ ਸੌਣਾ, ਤੁਸੀਂ ਸੌਂ ਜੋ।” ਕਹਿਕੇ ਉਹ ਆਪਣੇ ਖਿਡੌਣਿਆਂ ਵਿਚ ਉਲਝ ਕੇ ਮਨ ਦੀ ਥਕਾਵਟ ਦੂਰ ਕਰਨ ਲੱਗਾ।
“ਉਫ! ਕੀ ਖਟਪਟ ਲਾਈ ਐ? ਮੈਨੂੰ ਸੌਣ ਦੇ ਤੇ ਆਪ ਵੀ ਸੌਂ ਜਾ, ਨਹੀਂ ਤਾਂ ਤੇਰੀ ਮੈਡਮ ਨੂੰ ਕਹਿ ਦੂੰਗੀ।”
ਇਹ ਮੈਡਮ ਮੰਮੀ ਤੇ ਮੇਰੇ ਵਿਚਕਾਰ ਕਿੱਥੋਂ ਆ ਟਪਕੀ? ਉਹਨੂੰ ਉਹ ਮੁੰਡਾ ਦਿਖਾਈ ਦੇਣ ਲੱਗਾ ਜਿਸਦਾ ਮੈਡਮ ਨੇ ਕੰਨ ਮਰੋੜਿਆ ਸੀ। ਉਹ ਡਰ ਗਿਆ।
ਟੋਡੀ ਸਕੂਲ ਗਿਆ, ਪਰ ਸਹਿਮਿਆ ਸਹਿਮਿਆ ਜਿਹਾ। ਉਹ ਕਲਾਸ ਵਿਚ ਇਕਦਮ ਚੁੱਪ ਰਹਿਣ ਲੱਗਾ। ਮੈਡਮ ਨੇ ਪੁੱਛਿਆ, “ਪੰਜ ਫਲਾਂ ਦੇ ਨਾਂ ਦੱਸੋ?” ਤੇ ਟੋਡੀ ਵੱਲ ਇਸ਼ਾਰਾ ਕਰ ਦਿੱਤਾ–“ਤੂੰ ਹਮੇਸ਼ਾਂ ਚੁੱਪ ਬੈਠਾ ਰਹਿਨੈਂ। ਚੱਲ ਖੜਾ ਹੋ ਕੇ ਦੱਸ।”
ਨਿਆਣਾ ਟੋਡੀ ਜਾਣਦਾ ਸੀ, ਪਰ ਮੈਡਮ ਦੀ ਘੁੜਕੀ ਨਾਲ ਹਕਲਾਉਣ ਲੱਗਾ।
ਮੈਡਮ ਨੇ ਤੁਰੰਤ ਉਹਦੀ ਡਾਇਰੀ ਚੁੱਕੀ ਤੇ ਉਸ ਵਿਚ ਲਿਖਿਆ–‘ਤੁਹਾਡਾ ਬੱਚਾ ਬਹੁਤ ਸੁਸਤ ਹੈ, ਬਹੁਤ ਗੁੰਮਸੁੰਮ ਰਹਿੰਦਾ ਹੈ। ਹਕਲਾਉਂਦਾ ਵੀ ਹੈ। ਤੁਰੰਤ ਕਿਸੇ ਚੰਗੇ ਡਾਕਟਰ ਨੂੰ ਦਿਖਾਓ।’
-0-
No comments:
Post a Comment