ਜਿਉਤੀ ਜੈਨ
ਜਦੋਂ ਦਾ ਦਾਦੀ ਨੇ ਸੁਣਿਆ ਸੀ ਕਿ ਗਨਗੌਰ(ਚੇਤ ਦੇ ਮਹੀਨੇ ਦੌਰਾਨ ਕੁੜੀਆਂ ਤੇ ਔਰਤਾਂ ਵੱਲੋਂ ਗਣੇਸ਼ ਅਤੇ ਗੌਰੀ ਦੀ ਪੂਜਾ ਦਾ ਉਤਸਵ) ਦੀ ਅੰਤਮ ਰਸਮ ਲਈ ਪੁਰਾਣੀ ਬਾਉੜੀ ਵਾਲੇ ਬਗੀਚੇ ਵਿਚ ਜਾ ਰਹੇ ਹਨ ਤਾਂ ਉਹ ਵਾਰ-ਵਾਰ ਆਪਣੀ ਪੋਤਰੀ ਸ਼੍ਰੀਤੀ ਤਾਈਂ ਉਸਨੂੰ ਵੀ ਨਾਲ ਲੈ ਜਾਣ ਲਈ ਕਹਿ ਰਹੀ ਸੀ।
“ਤੂੰ ਕੀ ਕਰੇਂਗੀ ਦਾਦੀ?” ਸ਼੍ਰੀਤੀ ਨੇ ਕਮਜ਼ੋਰ ਦੇਹ ਵਾਲੀ ਦਾਦੀ ਨੂੰ ਹੈਰਾਨੀ ਨਾਲ ਦੇਖਦੇ ਹੋਏ ਪੁੱਛਿਆ।
“ਬੱਸ ਮੈਨੂੰ ਇਕ ਵਾਰ ਲੈ ਚੱਲ…।”
ਇਸ ਤੋਂ ਪਹਿਲਾਂ ਕਿ ਦਾਦੀ ਦਾ ਪੁਰਾਣਾ ਰਿਕਾਰਡ ਵੱਜਣਾ ਸ਼ੁਰੂ ਹੁੰਦਾ, “ਠੀਕ ਐ, ਸ਼ਾਮ ਨੂੰ ਚਾਰ ਵਜੇ ਚੱਲਾਂਗੇ।” ਕਹਿਕੇ ਸ਼੍ਰੀਤੀ ਨੇ ਜਿਵੇਂ ਆਪਣਾ ਪਿੱਛਾ ਛੁਡਾਇਆ।
ਬਾਉੜੀ ਵਾਲੇ ਬਗੀਚੇ ਵਿਚ ਜਦੋਂ ਸਾਰੀਆਂ ਔਰਤਾਂ ਗਨਗੌਰ ਪੂਜਾ ਵਿਚ ਰੁੱਝੀਆਂ ਸਨ, ਉਦੋਂ ਉਸ ਕੂੜੇ-ਕਰਕਟ ਨਾਲ ਭਰ ਚੁੱਕੀ ਬਾਉੜੀ ਦੀ ਮੌਣ ਉੱਤੇ ਬੈਠੀ ਦਾਦੀ ਨੂੰ ਆਪਣਾ ਅਤੇ ਆਪਣੇ ਬਚਪਣ ਦੇ ਮਿੱਤਰ ਪ੍ਰਤਾਪ ਦੇ ਬਿੰਬ ਸਾਫ ਨਜ਼ਰ ਆ ਰਹੇ ਸਨ। ਪ੍ਰੇਮ ਦੀ ਪਰਿਭਾਸ਼ਾ ਤਾਂ ਸ਼ਾਇਦ ਉਦੋਂ ਉਹ ਨਹੀਂ ਜਾਣਦੀ ਸੀ, ਪਰ ਉਸ ਪਵਿੱਤਰ ਤੇ ਅਗਿਆਤ ਰਿਸ਼ਤੇ ਨੂੰ ਮਹਿਸੂਸ ਕਰ ਸਕਦੀ ਸੀ। ਪਰ ਕਿੱਥੇ ਉਹ ਖੁਦ ਗੌੜ ਬ੍ਰਾਹਮਣਾਂ ਦੀ ਕੁੜੀ ਤੇ ਕਿੱਥੇ ਉਹ ਰਾਜਪੂਤ ਪ੍ਰਤਾਪ। ਅਜਿਹੇ ਰਿਸ਼ਤੇ ਦੀ ਉਸ ਜ਼ਮਾਨੇ ਵਿਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।
“ਚੱਲ ਨਾ ਦਾਦੀ! ਸਾਰੀਆਂ ਔਰਤਾਂ ਜਾ ਰਹੀਆਂ ਹਨ।” ਸ਼੍ਰੀਤੀ ਨੇ ਉਹਦਾ ਮੋਢਾ ਛੂਹਿਆ ਤਾਂ ਉਹ ਤ੍ਰਭਕ ਉੱਠੀ। ਲੱਗਾ, ਜਿਵੇਂ ਪ੍ਰਤਾਪ ਨੇ ਬਾਉੜੀ ਵਿਚ ਕੰਕਰ ਸੁੱਟਿਆ ਹੋਵੇ। ਆਪਣੇ ਅੰਦਰ ਉਸ ਜਲ ਦੀਆਂ ਤਰੰਗਾਂ ਮਹਿਸੂਸ ਕਰਦੀ ਦਾਦੀ ਨੇ ਜਵਾਨ ਪੋਤਰੀ ਦਾ ਮਜਬੂਤ ਹੱਥ ਫੜਿਆ ਤੇ ਬਾਉੜੀ ਨੂੰ ਅੰਤਮ ਪ੍ਰਣਾਮ ਕਰਕੇ ਤੁਰ ਪਈ।
ਹੁਣ ਜਲਤਰੰਗ ਉਹਦੇ ਹਿਰਦੇ ਵਿਚ ਵੱਜ ਰਿਹਾ ਸੀ।
-0-
No comments:
Post a Comment