Wednesday, September 2, 2009

ਹਿੰਦੀ / ਚੱਟੇ-ਬੱਟੇ

ਆਰਤੀ ਝਾ
ਸ਼ਾਮ ਦਾ ਸਮਾਂ ਸੀ। ਹਨੇਰਾ ਵਧਦਾ ਹੀ ਜਾ ਰਿਹਾ ਸੀ। ਸਬਜ਼ੀ ਮੰਡੀ ਵਿਚ ਭੀੜ ਕੁਝ ਘਟਣ ਲੱਗੀ ਸੀ। ਹੁਣ ਜੋ ਲੋਕ ਉੱਥੇ ਘੁੰਮ ਰਹੇ ਸਨ, ਉਹ ਧਰਤੀ ਉੱਤੇ ਭਾਰ ਰੋਮੀਓ ਟਾਈਪ ਮੁੰਡੇ ਸਨ, ਜੋ ਵਕਤ ਕਟੀ ਲਈ ਉੱਥੇ ਪਹੁੰਚੇ ਸਨ।
ਸਬਜ਼ੀ ਵਾਲੀ ਆਪਣਾ ਬੋਰਾ, ਟੋਕਰੀ ਸਭ ਸਾਭਣ ਲੱਗੀ ਸੀ ਕਿ ਉਹਨੇ ਰੋਣ ਦੀ ਅਵਾਜ਼ ਸੁਣੀ, ਜੋ ਕੋਲੋਂ ਹੀ ਆ ਰਹੀ ਸੀ। ਇਕ ਸਤਾਰਾਂ-ਅਠਾਰਾਂ ਸਾਲ ਦੀ ਕੁੜੀ ਰੋਈ ਜਾ ਰਹੀ ਸੀ। ਪੁੱਛਣ ਉੱਤੇ ਕੁੜੀ ਨੇ ਦੱਸਿਆ ਕਿ ਉਹ ਨਾਲ ਦੇ ਪਿੰਡੋਂ ਹੈ ਤੇ ‘ਵੱਡੀ ਪਟਨ ਦੇਵੀ’, ‘ਛੋਟੀ ਪਟਨ ਦੇਵੀ’ ਦੇ ਦਰਸ਼ਨਾ ਲਈ ਸੇਵਾਰਾਮ ਧਰਮਸ਼ਾਲਾ ਵਿਚ ਪਰਿਵਾਰ ਸਹਿਤ ਠਹਿਰੀ ਹੈ। ਪਰਿਵਾਰ ਤੋਂ ਵਿੱਛੜ ਕੇ ਭਟਕਦੇ ਹੋਏ ਇੱਧਰ ਆ ਗਈ। ਵਾਪਸ ਜਾਣ ਦਾ ਰਾਹ ਨਹੀਂ ਪਤਾ।
ਸਬਜ਼ੀ ਵਾਲੀ ਔਰਤ ਉਸ ਨੂੰ ਕੁਝ ਕਹਿੰਦੀ, ਇਸ ਤੋਂ ਪਹਿਲਾਂ ਹੀ ਰੋਮੀਓ ਟਾਈਪ ਮੁੰਡੇ ਬੋਲ ਪਏ, “ਚਿੰਤਾ ਕਿਉਂ ਕਰਦੀ ਐਂ, ਅਸੀਂ ਪੁਚਾ ਦਿੰਨੇਂ ਆਂ।”
ਸਬਜ਼ੀ ਵਾਲੀ ਨੇ ਗਾਲ੍ਹਾਂ ਦਾ ਮੀਂਹ ਵਰ੍ਹਾਉਂਦੇ ਹੋਏ ਉਹਨਾਂ ਨੂੰ ਉੱਥੋਂ ਭਜਾ ਦਿੱਤਾ।
ਔਰਤ ਦਾ ਪਤੀ ਜੋ ਕੋਲ ਹੀ ਰੇੜ੍ਹੀ ਉੱਤੇ ਫਲ ਵੇਚ ਰਿਹਾ ਸੀ, ਆਇਆ ਤੇ ਬੋਲਿਆ, “ਮੈਂ ਪੁਚਾ ਦਿੰਨੈਂ। ਤੈਨੂੰ ਤਸੱਲੀ ਰਹੂ ਕਿ ਮੈਂ ਨਾਲ ਜਾ ਰਿਹਾ ਹਾਂ।”
ਔਰਤ ਇਸ ਵਾਰ ਚੀਕ ਕੇ ਬੋਲੀ, “ਖਬਰਦਾਰ ਜੋ ਅੱਗੇ ਕੁਝ ਕਿਹਾ। ਤੁਸੀਂ ਸਭ ਇਕ ਹੀ ਥੈਲੀ ਦੇ ਚੱਟੇ-ਬੱਟੇ ਓਂ। ਮੈਂ ਜਾਣਦੀ ਨਹੀਂ ਕੀ। ਕੋਈ ਨਹੀਂ ਛੱਡ ਕੇ ਆਊਗਾ। ਮੈਂ ਛੱਡ ਕੇ ਆਊਂਗੀ ਇਸ ਨੂੰ।”
“ਚੱਲ ਕੁੜੀਏ, ਮੇਰੇ ਨਾਲ ਚੱਲ ਤੂੰ!” ਕਹਿਕੇ ਉਹਨੇ ਕੁੜੀ ਦਾ ਹੱਥ ਫੜ ਲਿਆ।
-0-

No comments: