Thursday, September 10, 2009

ਹਿੰਦੀ/ ਕਾਗਜ਼ ਦੀਆਂ ਕਿਸ਼ਤੀਆਂ

ਡਾ. ਅਸ਼ੋਕ ਭਾਟੀਆ

ਚੋਣਾ ਹੋਣ ਵਿਚ ਦੋ ਸਾਲ ਬਾਕੀ ਸਨ। ਰਾਜ ਵਿਚ ਬਾਲਗ ਸਿੱਖਿਆ ਉੱਤੇ ਪੰਜ ਸੌ ਕਰੋੜ ਰੁਪਏ ਖਰਚ ਕਰਨ ਦੀ ਮਨਜ਼ੂਰੀ ਮਿਲੀ ਸੀ। ਜੀਪਾਂ ਦਾ ਮੂੰਹ ਪਿੰਡਾ ਵੱਲ ਨੂੰ ਹੋ ਗਿਆ। ਤਜ਼ਰਬੇ ਨੇ ਪੇਂਡੂਆਂ ਨੂੰ ਸਿਖਾ ਦਿੱਤਾ ਸੀ ਕਿ ਉੱਥੇ ਮੰਤਰੀ ਤੇ ਅਫਸਰ ਕਿਸ ਲਈ ਆਉਂਦੇ ਹਨ।
ਨਵੇਂ ਸਿਰੇ ਤੋਂ ਅਨਪੜ੍ਹ ਲੋਕਾਂ ਦੀਆਂ ਲਿਸਟਾਂ ਬਣਾਈਆਂ ਜਾਣ ਲੱਗੀਆ। ਇਹਨਾਂ ਵਿਚ ਪਿਛਲੀ ਲਿਸਟ ਦੇ ਨਾਂ ਵੀ ਸ਼ਾਮਲ ਕੀਤੇ ਗਏ।
ਸਾਡੇ ਪਿੰਡ ਬਿੱਜਲਪੁਰ ਵਿਚ ਵੀ ਅਜਿਹਾ ਹੀ ਹੋਇਆ। ਜਿਸ ਦਿਨ ਬਾਲਗਾਂ ਨੂੰ ਪੜ੍ਹਾਉਣ ਦਾ ਸਮਾਨ ਲਿਆਂਦਾ ਗਿਆ, ਉਸ ਦਿਨ ਬੱਚਿਆਂ ਦੀਆਂ ਅੱਖਾਂ ਵਿਚ ਨਵੀਂ ਚਮਕ ਆ ਗਈ। ਅੱਧਨੰਗੇ, ਨੱਕ ਵਹਾਉਂਦੇ ਬੱਚੇ ਜੀਪ ਤੋਂ ਕੁਝ ਦੂਰ ਖੜੇ ਹੋ ਕੇ ਗੱਲਾਂ ਕਰਨ ਲੱਗੇ।
ਸਵੇਰ ਦਾ ਸਮਾਂ ਸੀ। ਮਰਦ ਖੇਤਾਂ ਨੂੰ ਜਾਂ ਸ਼ਹਿਰ ਨੂੰ ਚਲੇ ਗਏ ਸਨ। ਚੌਧਰੀ ਧਰਮ ਸਿੰਘ ਹੀ ਰਹਿ ਗਿਆ ਸੀ। ਅਵਾਜ਼ ਸੁਣਕੇ ਉਹ ਸੋਟੀ ਟੇਕਦਾ, ਉਹਨਾਂ ਦੇ ਚਿਹਰੇ ਪੜ੍ਹਦਾ ਪਹੁੰਚਿਆ। ਜੀਪ ਵਿੱਚੋਂ ਸਮਾਨ ਲਾਹਿਆ ਜਾ ਰਿਹਾ ਸੀ।
ਚੌਧਰੀ ਨੇ ਕਿਹਾ, “ਚੰਗੇ ਭਾਗੀਂ ਰਾਤ ਮੀਂਹ ਪਿਆ ਸੀ। ਬੰਦੇ ਸਾਰੇ ਖੇਤ ਗੁੱਡਣ ਗਏ ਹਨ।” ਫਿਰ ਹੱਥ ਬੰਨ੍ਹ ਕੇ ਬੋਲਿਆ, “ਤੁਸੀਂ ਜੇ ਇਨ੍ਹਾਂ ਬੱਚਿਆਂ ਨੂੰ ਕੁਝ ਪੜ੍ਹਾ-ਲਿਖਾ ਦਿੰਦੇ ਤਾਂ ਇਨ੍ਹਾਂ ਦੀ ਜ਼ਿੰਦਗੀ ਬਣ ਜਾਂਦੀ।”
ਇਕ ਅਧਿਕਾਰੀ ਬੋਲਿਆ, “ਵੇਖ ਤਾਇਆ, ਸਾਨੂੰ ਬੱਚਿਆਂ ਲਈ ਨਹੀਂ ਭੇਜਿਆ ਗਿਆ। ਇਹ ਪੜ੍ਹਨ ਲਿਖਣ ਦਾ ਸਮਾਨ ਐ, ਆਉਣ ਤੇ ਉਨ੍ਹਾਂ ਸਾਰਿਆਂ ਨੂੰ ਦੇ ਦੇਣਾ।”
ਡਿਊਟੀ ਪੂਰੀ ਕਰਨ ਮਗਰੋਂ ਜਿਵੇਂ ਹੀ ਜੀਪ ਸਟਾਰਟ ਹੋਈ, ਬੱਚੇ ਸਮਾਨ ਉੱਤੇ ਟੁੱਟ ਪਏ। ਬੀਰੂ ਨੇ ਕਿਤਾਬਾਂ ਦੇ ਪੰਨੇ ਪਾੜਦੇ ਹੋਏ ਕਿਹਾ, “ਚੱਲ ਓਏ, ਛੱਪੜ ’ਚ ਕਿਸ਼ਤੀਆਂ ਚਲਾਵਾਂਗੇ।”
-0-

No comments: