Wednesday, September 2, 2009

ਹਿੰਦੀ/ ਅਚਾਣਕ


ਡਾ. ਸ਼ਕੁੰਤਲਾ ਕਿਰਣ
ਸਿਰ ਦੁਖਣ ਦਾ ਬਹਾਨਾ ਕਰ ਕੇ ਉਹ ਲੇਟ ਗਈ ਤਾਕਿ ਆਪਣੇ ਬਾਰੇ ਮੰਮੀ-ਪਾਪਾ ਦੀ ਗੱਲਬਾਤ ਸੁਣ ਸਕੇ। ਉਹਦੀ ਸਹੇਲੀ ਵਿਆਹ ਦਾ ਕਾਰਡ ਦੇਣ ਸਵੇਰੇ ਆਪ ਆਈ ਸੀ। ਉਹਨੂੰ ਪੂਰੀ ਉਮੀਦ ਸੀ ਕਿ ਮੰਮੀ ਪਾਪਾ ਨੂੰ ਅੱਜ ਜ਼ਰੂਰ ਕਹੇਗੀ, ਸੁਣਦੇ ਓਂ? ਗਲੀ ਵਾਲੇ ਸ਼ਰਮਾ ਜੀ ਦੀ ਬੇਟੀ ਗੈਰ ਜਾਤ ’ਚ ਵਿਆਹ ਰਚਾ ਰਹੀ ਐ! ਰਾਮ-ਰਾਮ!…ਕਿੰਨਾ ਖਰਾਬ ਜ਼ਮਾਨਾ ਆ ਗਿਆ। ਕੁੜੀ ਨੇ ਮਾਂ-ਪਿਓ ਦੀ ਇੱਜਤ ਮਿੱਟੀ ’ਚ ਰੋਲਤੀ!…ਹੋਰ ਭੇਜੋ ਕਾਲਜ ਪੜ੍ਹਨ! ਹੋਰ ਸਿਰ ਚੜ੍ਹਾਓ ਕੁੜੀਆਂ ਨੂੰ! ਉਹਦੀ ਜਗ੍ਹਾ ਮੇਰੀ ਤਨੁ ਹੁੰਦੀ ਤਾਂ ਚੀਰ ਕੇ ਰੱਖ ਦਿੰਦੀ…
ਤੇ ਉਦੋਂ ਸ਼ਾਇਦ ਵਿਚਕਾਰ ਹੀ ਪਾਪਾ ਮਾਣ ਨਾਲ ਘੋਸ਼ਨਾ ਕਰਨਗੇ, ਖਬਰਦਾਰ, ਜੇ ਅਜਿਹੇ ਕੰਮਾਂ ’ਚ ਮੇਰੀ ਤਨੁ ਨੂੰ ਘਸੀਟਿਆ। ਉਹਦੀ ਬਰਾਬਰੀ ਕਰੂਗਾ ਕੋਈ? ਉਹਨੂੰ ਤਾਂ ਬਾਹਰ ਆਉਣਾ-ਜਾਣਾ ਤਕ ਪਸੰਦ ਨਹੀਂ। ਬਸ, ਉਹਨੂੰ ਤਾਂ ਆਪਣੀਆਂ ਕਿਤਾਬਾਂ ਤੇ ਕਮਰਾ ਹੀ ਭਲਾ! ਮਜਾਲ ਐ ਕਿਸੇ ਮੁੰਡੇ ਵੱਲ ਕਦੇ ਅੱਖ ਚੱਕ ਕੇ ਵੇਖਿਆ ਹੋਵੇ! ਓਏ…ਓਏ…ਉਹਨੇ ਤਾਂ…
ਉਹਦੀ ਕਲਪਨਾ ਨੂੰ ਜ਼ਿਆਦਾ ਉਡੀਕ ਨਹੀਂ ਕਰਨੀ ਪਈ। ਉਹਨੇ ਸੁਣਿਆ, ਪਾਪਾ ਕਹਿ ਰਹੇ ਸਨ, ਤਨੁ ਦੀ ਸਹੇਲੀ ਬੜੀ ਲੱਕੀ ਨਿਕਲੀ। ਬਿਨਾਂ ਦਾਜ-ਦਹੇਜ ਤੇ ਖੋਜ਼ਬੀਨ ਦੇ,ਸਰਵਿਸ ਲੱਗਾ, ਏਨਾ ਚੰਗਾ ਮੁੰਡਾ, ਘਰ ਬੈਠੇ ਹੀ ਹੱਥ ਲੱਗ ਗਿਆ ਸ਼ਰਮੇ ਦੇ…
ਤੇ ਇਕ ਲੰਮਾਂ ਸਾਹ ਛੱਡ ਮੰਮੀ ਨੇ ਉੱਤਰ ਦਿੱਤਾ, ਸਾਰਿਆਂ ਦੀ ਤਕਦੀਰ ਇੱਕੋ ਜੀ ਥੋੜਾ ਹੁੰਦੀ ਐ। ਸਾਨੂੰ ਵੀ ਵੇਖੋ, ਵਰ੍ਹਿਆਂ ਤੋਂ ਪਰੇਸ਼ਾਨ ਆਂ, ਹਜ਼ਾਰਾਂ ਰੁਪਏ ਲਾ ਤੇ…ਫਿਰ ਵੀ ਕਿਤੇ ਮੇਲ ਈ ਨਹੀਂ। ਤਨੁ ਦੀ ਕਿਸਮਤ… ਉਹ ਕਿਤੇ ਆਉਂਦੀ ਜਾਂਦੀ ਵੀ ਤਾਂ ਨਹੀਂ।
ਤਨੁ ਤੋਂ ਅੱਗੇ ਨਹੀਂ ਸੁਣਿਆ ਗਿਆ, ਲੱਗਾ ਜਿਵੇਂ ਇਕ ਤਿੱਖੀ ਕਟਾਰ ਹਿਰਦੇ ਨੂੰ ਚੀਰਦੀ ਜਾ ਰਹੀ ਹੈ…ਤੇ ਉਹ ਹੁਣੇ ਚੀਕ ਪਵੇਗੀ। ਬਿਨਾਂ ਮਤਲਬ…ਬਸ ਉਂਜ ਹੀ…।
-0-

No comments: