ਅਸਗਰ ਵਜਾਹਤ
ਇਕ ਸਮਾਂ ਅਜਿਹਾ ਆਇਆ ਕਿ ਤਿਲਾਂ ਵਿੱਚੋਂ ਤੇਲ ਨਿਕਲਣਾ ਬੰਦ ਹੋ ਗਿਆ। ਤੇਲੀ ਬੜਾ ਪਰੇਸ਼ਾਨ ਹੋਇਆ। ਉਹਨੇ ਸੋਚਿਆ ਕਿ ਜੇਕਰ ਅਜਿਹਾ ਰਿਹਾ ਤਾਂ ਉਹਦਾ ਕਾਰੋਬਾਰ ਤਾਂ ਚੱਲਣ ਤੋਂ ਰਿਹਾ। ਉਹ ਕਿਸਾਨ ਕੋਲ ਗਿਆ। ਉਹਨੇ ਕਿਹਾ, “ਕੁਝ ਕਰੋ, ਤਿਲਾਂ ਵਿੱਚੋਂ ਤੇਲ ਨਹੀਂ ਨਿਕਲਦਾ।”
ਕਿਸਾਨ ਨੇ ਕਿਹਾ, “ਕਿੱਥੋਂ ਤਕ ਤੇਲ ਨਿਕਲੂਗਾ? ਕੋਈ ਹੱਦ ਹੁੰਦੀ ਐ! ਸੈਂਕੜੇ ਸਾਲਾਂ ਤੋਂ ਤੇਲ ਕੱਢ ਰਹੇ ਓ।”
ਤੇਲੀ ਨੇ ਕਿਹਾ, “ਇਹ ਤਾਂ ਆਪਣਾ ਧੰਦਾ ਹੈ।”
ਕਿਸਾਨ ਨੇ ਕਿਹਾ, “ਤਿਲ ਹੁਸ਼ਿਆਰ ਹੋ ਗਏ ਹਨ।”
ਤੇਲੀ ਬੋਲਿਆ, “ਹੁਸ਼ਿਆਰ ਨਹੀਂ ਹੋਏ। ਤੁਸੀਂ ਨਾ ਤਾਂ ਖੇਤ ’ਚ ਖਾਦ ਪਾਉਂਦੇ ਹੋ, ਨਾ ਠੀਕ ਢੰਗ ਨਾਲ ਪਾਣੀ ਦਿੰਦੇ ਹੋ। ਮੈਂ ਜਿੰਨਾਂ ਮਰਜੀ ਜ਼ੋਰ ਲਾ ਲਾਂ, ਤੇਲ ਨਿਕਲਦਾ ਹੀ ਨਹੀਂ।”
ਕਿਸਾਨ ਨੇ ਕਿਹਾ, “ਨਾ ਹਲ ਐ, ਨਾ ਬਲਦ ਨੇ, ਨਾ ਖਾਦ, ਨਾ ਪਾਣੀ। ਇਹ ਕੀ ਘੱਟ ਐ ਕਿ ਤਿਲ ਪੈਦਾ ਹੋ ਜਾਂਦੇ ਨੇ।”
ਇਹ ਸੁਣਕੇ ਤੇਲੀ ਨਿਰਾਸ਼ ਨਹੀਂ ਹੋਇਆ। ਉਹ ਘਰ ਆਇਆ। ਤਿਲਾਂ ਦੀ ਬੋਰੀ ਖੋਲ੍ਹੀ ਤੇ ਉਹਨਾਂ ਨੂੰ ਧੁੱਪੇ ਪਾ ਦਿੱਤਾ। ਫਿਰ ਉਹਨਾਂ ਨੂੰ ਕੜਾਹੇ ਵਿਚ ਪਾ ਕੇ ਖੂਬ ਗਰਮ ਕਰਨ ਲੱਗਾ। ਉਹਨੇ ਤਿਲਾਂ ਨੂੰ ਕਿਹਾ, “ਮੈਂ ਤੁਹਾਨੂੰ ਸਾੜ ਕੇ ਕੋਲਾ ਬਣਾ ਦਿਆਂਗਾ।”
ਫਿਰ ਉਹਨੇ ਤੁਰੰਤ ਤਿਲਾਂ ਨੂੰ ਅੱਗ ਤੋਂ ਲਾਹ ਲਿਆ ਤੇ ਉਹਨਾਂ ਉੱਤੇ ਠੰਡੇ ਪਾਣੀ ਦੇ ਛਿੱਟੇ ਮਾਰੇ। ਫਿਰ ਕੋਹਲੂ ਵਿਚ ਪਾ ਕੇ ਪੀੜਨਾ ਸ਼ੁਰੂ ਕੀਤਾ ਤਾਂ ਹੈਰਾਨੀ ਦੀ ਗੱਲ ਕਿ ਤਿਲਾਂ ਵਿੱਚੋਂ ਤੇਲ ਨਿਕਲਣ ਲੱਗਾ।
-0-
No comments:
Post a Comment