ਪੁਰਾਣੇ ਦਿਨਾਂ ਦੀ ਗੱਲ ਹੈ। ਇੱਕ ਚੋਰ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਤਦ ਚੋਰ ਨੇ ਜੱਜ ਨੂੰ ਕਿਹਾ, “ ਇਹ ਵੀ ਖੂਬ ਰਹੀ ਸਾਬ੍ਹ! ਅਪਰਾਧ ਕਿਸੇ ਦਾ ਤੇ ਸਜ਼ਾ ਕਿਸੇ ਨੂੰ!”
ਜੱਜ ਨੇ ਬੇਚੈਨ ਹੋ ਕੇ ਕਿਹਾ, “ਚੁੱਪ! ਕੀ ਇਹ ਅਪਰਾਧ ਤੂੰ ਨਹੀਂ ਕੀਤਾ?”
ਚੋਰ ਨੇ ਉੱਤਰ ਦਿੱਤਾ, “ਨਹੀਂ ਜਨਾਬ! ਇਹ ਅਪਰਾਧ ਮੈਂ ਨਹੀਂ, ਮੇਰੇ ਪੇਟ ਨੇ ਕੀਤਾ ਸੀ। ਤੇ ਅਪਰਾਧ ਤੋਂ ਪਹਿਲਾਂ ਉਹਨੂੰ ਮੇਰੇ ਹਿਰਦੇ ਨੇ ਡਰਾਇਆ ਸੀ, ਦਿਮਾਗ ਨੇ ਸਮਝਾਇਆ ਸੀ ਤੇ ਅੰਤਰ-ਆਤਮਾ ਨੇ ਲਾਨ੍ਹਤ ਪਾਈ ਸੀ। ਪਰ ਇਸ ਬੇਗੈਰਤ, ਬੇਸ਼ਰਮ ਤੇ ਦੁਸ਼ਟ ਪੇਟ ਨੇ ਕਿਸੇ ਦੀ ਇੱਕ ਨਾ ਸੁਣੀ ਤੇ ਦਿਲ, ਦਿਮਾਗ ਤੇ ਅੰਤਰ-ਆਤਮਾ ਨੂੰ ਮੌਤ ਦੀ ਧਮਕੀ ਦੇ ਕੇ ਆਪਣਾ ਕੰਮ ਕਰ ਗਿਆ।”
-0-