ਮਧੁਦੀਪ
ਸਟੇਸ਼ਨ ਦੇ ਸਾਹਮਣੇ ਉਸਦਾ ਟੀ ਸਟਾਲ ਸੀ। ਸ਼ੁਰੂ ਵਿੱਚ
ਉਸਦੀ ਤੀਹ-ਚਾਲੀ ਕੱਪ ਚਾਹ ਹੀ ਵਿਕਦੀ ਸੀ। ਉਹ ਕੱਪ-ਪਲੇਟ ਆਪਣੇ ਹੱਥੀਂ ਸਾਫ਼ ਕਰਦਾ ਹੁੰਦਾ ਸੀ । ਸਾਰੀਆਂ ਜਾਤਾਂ ਦੇ ਅਮੀਰ-ਗਰੀਬ ਉਸ ਤੋਂ ਚਾਹ ਪੀਂਦੇ ਸਨ।
ਹੁਣ ਉਹਦੀ ਦੁਕਾਨ ਚੱਲ ਪਈ ਹੈ। ਦਿਨ ਵਿੱਚ ਸੈਂਕੜੇ ਕੱਪ ਚਾਹ ਵਿਕਦੀ
ਹੈ। ਉਸਨੇ ਇੱਕ ਮੁੰਡਾ ਕੱਪ-ਪਲੇਟ ਧੋਣ ਤੇ ਚਾਹ ਫੜਾਉਣ ਲਈ ਰੱਖ ਲਿਆ ਹੈ।
ਅੱਜ ਪਿੰਡ ਵਿੱਚ ਪਸ਼ੂਆਂ ਦਾ ਮੇਲਾ ਸੀ। ਚਾਹ ਲਈ ਲੋਕਾਂ ਦੀ ਭੀੜ ਲੱਗੀ
ਸੀ। ਦੁਪਹਿਰ ਬਾਦ ਕੰਮ ਕੁਝ ਘਟਿਆ ਤਾਂ ਉਹ ਸਮਾਨ ਲੈਣ ਲਈ ਘਰ ਆਇਆ। ਉਸਦੇ ਚਿਹਰੇ ਉੱਤੇ ਚੰਗੀ
ਵਿਕਰੀ ਹੋਣ ਦਾ ਉਤਸ਼ਾਹ ਸੀ।
“ਹੁਣ ਕੀ ਹਾਲ ਐॽ” ਛਿਣ ਭਰ ਲਈ ਉਹ
ਬੀਮਾਰ ਪਤਨੀ ਕੋਲ ਬੈਠਾ।
“ਦਰਦ ਨਾਲ ਮਰੀ ਜਾ ਰਹੀ ਆਂ। ਉੱਠਦੀ ਆਂ ਤਾਂ ਚੱਕਰ ਆਉਂਦੇ ਨੇ। ਸਰੀਰ
ਬਹੁਤ ਦਰਦ ਕਰ ਰਿਹੈ…ਜਰਾ…ਜਰਾ ਇੱਕ ਕੱਪ ਚਾਹ ਬਣਾ ਦਿਓ।” ਪਤਨੀ ਦਰਦ ਨਾਲ ‘ਹਾਇ-ਹਾਇ’ ਕਰਨ ਲੱਗੀ ਸੀ।
“ਹੂੰ! ਪਟਰਾਣੀ ਐਂ ਜੋ
ਤੇਰੇ ਲਈ ਚਾਹ ਬਣਾਵਾਂ।”
ਪਤਨੀ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ।
“ਘੂਰਦੀ ਕਾਹਤੋਂ ਐਂ, ਜੋਰੂ ਦਾ ਗੁਲਾਮ ਨਹੀਂ, ਜੋ ਪੈਰ ਦਬਾਵਾਂ…ਹੂੰਹ…।” ਹੰਕਾਰ ਨਾਲ ਧੌਣ ਅਕੜਾਈ ਉਹ ਦੁਕਾਨ ਉੱਤੇ ਜਾ ਪਹੁੰਚਿਆ।
“ਓ ਲਾਲਾ! ਇੱਕ ਬਟਾ ਦੋ…।” ਇੱਕ ਗ੍ਰਾਹਕ ਦੀ ਕਠੋਰ ਆਵਾਜ਼ ਉੱਭਰੀ ਤੇ ਉਹ ਗਰਦਨ ਝੁਕਾ ਕੇ ਚਾਹ ਬਣਾਉਣ ਲੱਗਾ।
-0-
No comments:
Post a Comment