ਰਾਮਨਿਵਾਸ ਸੁਰੇਹਲੀ
ਗਲੀ ਵਿਚ ਕੁਰਸੀ ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਗਰਮੀ ਦੀਆਂ ਛੁੱਟੀਆਂ ਵਿਚ
ਨਾਨਕੇ ਆਏ ਆਂਢ-ਗੁਆਂਢ ਦੇ ਬੱਚਿਆਂ
ਨੇ ਉੱਥੋਂ ਲੰਘਦੇ ਹੋਏ ਆਪਣੇ-ਆਪਣੇ
ਸਲੀਕੇ ਨਾਲ ਹੱਥ ਜੋੜੇ। ਕਿਸੇ ਨੇ ਝੁਕ ਕੇ ਤੇ ਕਿਸੇ ਨੇ ਪੈਰੀਂ ਹੱਥ ਲਾ ਕੇ ਸਤਿਕਾਰ ਪ੍ਰਗਟਾਇਆ। ਉਹਨਾਂ ਦੇ ਸਿਰ
ਪਲੋਸਣ ਮਗਰੋਂ ਉਹਨਾਂ ਦੀ ਪੜ੍ਹਾਈ-ਲਿਖਾਈ, ਸਕੂਲ, ਹੋਸਟਲ ਬਾਰੇ ਗੱਲਾਂ ਹੋਈਆਂ। ਫਿਰ ਘਰ-ਪਰਿਵਾਰ ਦੀ ਗੱਲਬਾਤ ਦੌਰਾਨ ਬਾਬਾ-ਦਾਦੀ ਦਾ ਜਿਕਰ ਵੀ ਚੱਲ ਪਿਆ।
“ਤੁਹਾਡੇ ਬਾਬਾ-ਦਾਦੀ ਕਿਸ ਕੋਲ ਰਹਿੰਦੇ ਹਨ?” ਮੈਂ ਪੁੱਛ ਲਿਆ।
ਕਿਸੇ ਨੇ ਕਿਹਾ–ਚਾਚਾ-ਚਾਚੀ ਕੋਲ, ਕਿਸੇ ਨੇ ਕਿਹਾ– ਤਾਏ-ਤਾਈ ਕੋਲ ਤੇ ਕਿਸੇ
ਨੇ ਕਿਹਾ– ਉਹ ਸਾਡੇ ਕੋਲ ਹੀ ਰਹਿੰਦੇ ਹਨ।
ਅੰਤ ਵਿਚ ਰਹਿ ਗਏ ਬੱਚੇ ਵੱਲ ਜਿਵੇਂ ਹੀ ਮੈਂ ਸਵਾਲੀਆ ਨਜ਼ਰਾਂ ਨਾਲ ਦੇਖਿਆ, ਉਹ ਬੋਲ ਪਿਆ, “ਨਾਨਾ ਜੀ! ਮੇਰੇ ਬਾਬਾ-ਦਾਦੀ
ਸਾਡੇ ਕੋਲ ਨਹੀਂ, ਸਗੋਂ ਅਸੀਂ ਉਹਨਾਂ
ਕੋਲ ਰਹਿੰਦੇ ਹਾਂ।”
ਉਸ ਛੋਟੇ ਬੱਚੇ ਦੀ ਅਭਿਵਿਅਕਤੀ ਨੇ ਇਕ ਝਟਕੇ ਵਿਚ ਹੀ ਰਿਸ਼ਤਿਆਂ ਵਿਚ ਨਿੱਘ ਪੈਦਾ
ਕਰ ਦਿੱਤਾ ਸੀ।
-0-
No comments:
Post a Comment