ਰਾਧੇਸ਼ਿਆਮ ਭਾਰਤੀਯ
ਹਨੇਰੀ ਤੇ ਗੜਿਆਂ ਕਾਰਨ
ਬਰਬਾਦ ਹੋਈ ਫਸਲ ਦੇ ਮੁਆਵਜੇ ਦੀ ਰਕਮ ਵੰਡਣ ਲਈ ਅਧਿਕਾਰੀ ਪਿੰਡ ਵਿਚ ਆਇਆ।
ਕਿਸਾਨ ਵਾਰੀ ਸਿਰ ਆ ਰਹੇ ਸਨ
ਤੇ ਮੁਆਵਜੇ ਦੀ ਆਪਣੀ ਰਕਮ ਲੈਕੇ ਜਾ ਰਹੇ ਸਨ।
ਜਦੋਂ ਸਾਰੀ ਰਕਮ ਵੰਡ ਦਿੱਤੀ
ਗਈ ਤਾਂ ਰਾਮਧਨ ਖੜਾ ਹੋਇਆ ਤੇ ਹੱਥ ਜੋੜ ਕੇ ਕਹਿਣ ਲੱਗਾ, “ਸਾਬ੍ਹ ਜੀ, ਮੈਨੂੰ ਵੀ ਥੋੜਾ
ਮੁਆਵਜਾ ਦੇ ਦਿਓ।”
“ਕੀ ਤੇਰੀ ਵੀ ਫਸਲ ਬਰਬਾਦ ਹੋਈ
ਐ?”
“ਨਹੀਂ ਸਾਬ੍ਹ ਜੀ, ਮੇਰੇ ਕੋਲ
ਤਾਂ ਜ਼ਮੀਨ ਈ ਹੈ ਨਹੀਂ।”
“ਤਾਂ ਤੈਨੂੰ ਮੁਆਵਜਾ ਕਿਸ ਗੱਲ
ਦਾ?” ਅਧਿਕਾਰੀ ਨੇ ਸਹਿਜ ਭਾਵ ਨਾਲ ਕਿਹਾ।
“ਸਾਬ੍ਹ ਜੀ, ਕਿਸਾਨ ਦੀ ਫਸਲ
ਹੁੰਦੀ ਸੀ… ਅਸੀਂ ਗਰੀਬ ਲੋਕ ਫਸਲ ਕੱਟਦੇ ਸੀ ਤਾਂ ਸਾਲ ਭਰ ਲਈ ਭੁੱਖੇ ਪੇਟ ਦਾ ਇਲਾਜ ਹੋ ਜਾਂਦਾ
ਸੀ। ਹੁਣ ਫਸਲ ਹੀ ਤਬਾਹ ਹੋ ਗਈ ਐ ਤਾਂ ਦੱਸੋ ਅਸੀਂ ਕੱਟਾਂਗੇ ਕੀ?…ਤੇ ਕੱਟਾਂਗੇ ਨਹੀਂ ਤਾਂ
ਖਾਵਾਂਗੇ ਕੀ?”
“ਤੈਨੂੰ ਕੁਝ ਨਹੀਂ ਮਿਲਣਾ, ਜਾ
ਆਪਣੇ ਘਰ।” ਇਸ ਵਾਰ ਅਧਿਕਾਰੀ ਥੋੜਾ ਗੁੱਸੇ ਨਾਲ ਬੋਲਿਆ।
ਰਾਮਧਨ ਸਿਰ ਫੜ ਕੇ ਉੱਥੇ ਹੀ
ਬੈਠ ਗਿਆ।
-0-