Saturday, August 27, 2011

ਹਿੰਦੀ/ ਤੀਜਾ ਪੁੱਤਰ


                        
ਸੂਰਯਕਾਂਤ ਨਾਗਰ

ਘਬਰਾਈ ਹੋਈ ਬਿਰਧ ਔਰਤ ਦਿਲ ਦੇ ਦੌਰੇ ਕਾਰਨ ਕਰਾਹ ਰਹੇ ਪਤੀ ਨੂੰ ਰਿਕਸ਼ੇ ਵਿਚ ਪਾ ਕੇ ਪ੍ਰਾਈਵੇਟ ਹਸਪਤਾਲ ਵਿਚ ਲੈ ਆਈ ਸੀ। ਸਟਰੈਚਰ ਉੱਪਰ ਲਿਟਾ ਕੇ ਜਦੋਂ ਪਤੀ ਨੂੰ ਡਾਕਟਰ ਸਾਹਮਣੇ ਲਿਆਂਦਾ ਗਿਆ ਤਾਂ ਨੌਜਵਾਨ ਡਾਕਟਰ ਨੇ ਕਿਹਾ, ਮਾਂ ਜੀ, ਕੀ ਤੁਸੀਂ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰ ਦਿੱਤੀਆਂ ਹਨ?
ਜਿਵੇਂ ਹੀ ਇਨ੍ਹਾਂ ਦੀ ਤਬੀਅਤ ਖਰਾਬ ਹੋਈ, ਇਨ੍ਹਾਂ ਨੂੰ ਲੈ ਕੇ ਮੈਂ ਇੱਥੇ ਚਲੀ ਆਈ। ਸਵੇਰੇ ਬੈਂਕ ਖੁਲ੍ਹਦੇ ਹੀ ਪੈਸੇ ਜਮਾ ਕਰਵਾ ਦਿਆਂਗੀ।ਹਸਪਤਾਲ ਦੇ ਪਿਛਲੇ ਅਨੁਭਵਾਂ ਦੀ ਮਾਰੀ ਬਿਰਧ ਔਰਤ ਨੇ ਕਿਹਾ।
ਕੀ ਤੁਸੀਂ ਇੱਕਲੇ ਹੋ?ਮਰੀਜ ਦੀ ਗੰਭੀਰ ਹਾਲਤ ਦੇਖ ਡਾਕਟਰ ਨੇ ਪੁੱਛਿਆ।
ਦੋ ਬੇਟੇ ਨੇ, ਪਰ ਦੋਨੋਂ ਬਹੁਤ ਦੂਰ ਨੇ। ਫੋਨ ਕਰਵਾਊਂਗੀ ਤਾਂ ਵੀ ਉਨ੍ਹਾਂ ਨੂੰ ਪਹੁੰਚਣ ’ਚ ਪੰਦਰਾਂ-ਵੀਹ ਘੰਟੇ ਲੱਗ ਜਾਣਗੇ। ਪਤਾ ਨਹੀਂ ਤਦ ਤੱਕ ਕੀ ਬਣੇਗਾ।ਬਦਹਵਾਸ ਬੁੱਢੀ ਦੀਆਂ ਅੱਖਾਂ ਵਗਣ ਲੱਗੀਆਂ ਸਨ।
ਘਬਰਾਓ ਨਾ ਮਾਂ ਜੀ, ਤੁਹਾਡਾ ਤੀਜਾ ਪੁੱਤਰ ਇੱਥੇ ਮੌਜੂਦ ਹੈ।ਡਾਕਟਰ ਨੇ ਬਿਰਧ ਔਰਤ ਦੇ ਮੋਢਿਆਂ ਉੱਤੇ ਹੱਥ ਰੱਖਕੇ ਕਿਹਾ ਤਾਂ ਉਹਦੀਆਂ ਅੱਖਾਂ ਫਿਰ ਤੋਂ ਛਲਕ ਪਈਆਂ।
ਰੋਗੀ ਨੂੰ ਲੱਗਾ ਅਪਣੱਤ ਭਰੀ ਛੂਹ ਨੇ ਉਹਦੀ ਪੀਡ਼ ਦੂਰ ਕਰ ਦਿੱਤੀ ਹੈ।
                                               -0-

Saturday, August 13, 2011

ਹਿੰਦੀ/ ਪਹਿਲ


ਡਾ. ਸ਼ੀਲ ਕੌਸ਼ਿਕ

 “ਸਰ, ਅਸੀਂ ਰਾਮਦਿਆਲ ਜੀ ਦੇ ਘਰ ਜਾਣਾ ਹੈ। ਕੱਲ੍ਹ ਉਹਦੇ ਮਾਤਾ ਜੀ ਸੁਰਗਵਾਸ ਹੋ ਗਏ। ਕਿਰਪਾ ਕਰ ਕੇ ਸਾਨੂੰ ਦੋ ਘੰਟੇ ਦੀ ਛੁੱਟੀ ਦੇ ਦਿਓ। ਅਸੀਂ ਛੇਤੀ ਮੁਡ਼ ਆਵਾਂਗੇ।ਦਫਤਰ ਦੇ ਸਾਰੇ ਕਰਮਚਾਰੀ ਅਫਸਰ ਕੋਲ ਬੇਨਤੀ ਕਰਨ ਆਏ।
ਅਫਸਰ ਨੂੰ ਇਹ ਗੱਲ ਸੂਲ ਵਾਂਗ ਚੁਭੀ। ਉਹ ਸੋਚਣ ਲੱਗੇ ਕਿ ਇਹ ਲੋਕ ਡਿਊਟੀ ਤੋਂ ਬਾਦ ਜਾਂ ਛੁੱਟੀ ਵਾਲੇ ਦਿਨ ਕਿਉਂ ਨਹੀਂ ਜਾਂਦੇ। ਜਦੋਂ ਵੀ ਕਿਸੇ ਕਰਮਚਾਰੀ ਦੇ ਰਿਸ਼ਤੇਦਾਰ ਜਾਂ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਸਭ ਦਫ਼ਤਰ ਦੇ ਸਮੇਂ ਹੀ ਉੱਥੇ ਜਾਣ ਲਈ ਛੁੱਟੀ ਚਾਹੁੰਦੇ ਹਨ। ਪਰ ਉਹ ਇਹ ਸੋਚ ਕੇ ਚੁੱਪ ਕਰ ਗਏ ਕਿ ਮੌਤ ਜਿਹਾ ਸੰਵੇਦਨਸ਼ੀਲ ਮਾਮਲਾ ਹੈ।
ਕੁਝ ਦਿਨਾਂ ਬਾਦ ਅਫਸਰ ਦੇ ਪਿਤਾ ਦੀ ਅਚਾਨਕ  ਮੌਤ ਹੋ ਗਈ। ਉਹਨਾਂ ਦਾ ਸਾਰਾ ਪਰਿਵਾਰ ਸੋਗ ਵਿਚ ਡੁੱਬਾ ਸੀ। ਉਹਨਾਂ ਅਧੀਨ ਕੰਮ ਕਰਦੇ ਕਰਮਚਾਰੀ ਡਿਊਟੀ ਸਮੇਂ ਉਹਨਾ ਕੋਲ ਅਫਸੋਸ ਪ੍ਰਗਟ ਕਰਨ ਆਉਣਾ ਚਾਹੁੰਦੇ ਸਨ। ਪਰੰਤੂ ਇਸ ਵਾਰ ਅਫਸਰ ਨੇ ਸਪੱਸ਼ਟ ਕਿਹਾ, ਡਿਊਟੀ ਸਮੇਂ ਕੋਈ ਵੀ ਕਰਮਚਾਰੀ ਅਫਸੋਸ ਪ੍ਰਗਟਾਉਣ ਨਾ ਆਵੇ। ਡਿਊਟੀ ਤੋਂ ਬਾਦ ਜਦੋਂ ਵੀ ਸਮਾਂ ਮਿਲੇ, ਉਦੋਂ ਆ ਸਕਦੇ ਹਨ।
ਕੁਝ ਲੋਕਾਂ ਨੇ ਅਫਸਰ ਨੂੰ ਸੰਵੇਦਨਹੀਣ, ਅਸਮਾਜਿਕ ਤੇ ਪਤਾ ਨਹੀਂ ਕੀ ਕੀ ਕਿਹਾ। ਪਰ ਉਸਤੋਂ ਬਾਦ ਉਹਨਾਂ ਨੇ ਮਾਤਮਪੁਰਸੀ ਲਈ ਡਿਊਟੀ ਸਮੇਂ ਜਾਣਾ ਛੱਡ ਦਿੱਤਾ।
                                           -0-

Friday, August 5, 2011

ਹਿੰਦੀ/ ਦਰੱਖਤ


ਦਿਨੇਸ਼ ਸਿੰਦਲ

ਪਿੰਡ ਦੇ ਮਦਾਨ ਵਿਚ ਇਕ ਦਰੱਖਤ ਸੀ। ਦਰੱਖਤ ਦੀ ਸੰਘਣੀ ਛਾਂ ਸੀ। ਛਾਂ ਵਿਚ ਖੇਡਦੇ ਸਨ ਬੱਚੇ। ਪਿੰਡ ਦਾ ਪੰਡਤ ਲਾਉਂਦਾ ਸੀ ਪਾਠਸ਼ਾਲਾਮੌਲਵੀ ਲਾਹੁੰਦਾ ਸੀ ਪ੍ਰੇਤ। ਗੱਡਦਾ ਸੀ ਦਰੱਖਤ ਵਿੱਚ ਕਿੱਲ, ਕਿੱਲ ਵਿੱਚ ਪ੍ਰੇਤ। ਔਰਤਾਂ ਕਰਦੀਆਂ ਸਨ ਪੂਜਾ ਉਸ ਦਰੱਖਤ ਦੀ। ਬੰਨ੍ਹਦੀਆਂ ਸਨ ਧਾਗਾ ਦਰੱਖਤ ਦੇ, ਆਪਣੇ ਜੀਵਨ ਦਾ ਧਾਗਾ ਮਜਬੂਤ ਕਰਨ ਲਈ। ਮੰਗਦੀਆਂ ਸਨ ਮੰਨਤਾਂ। ਪਿੰਡ ਦੀ ਪੰਚਾਇਤ ਕਰਦੀ ਸੀ ਫ਼ੈਸਲੇ ਉਸ ਦਰੱਖਤ ਹੇਠ। ਵੱਡੇ ਬਜ਼ੁਰਗ ਤੈਅ ਕਰਦੇ ਸਨ ਬੱਚਿਆਂ ਦੇ ਰਿਸ਼ਤੇ। ਸਰਕਾਰ ਦੀ ਗੱਡੀ ਦਿਖਾਉਂਦੀ ਸੀ ਫਿਲਮ। ਕਬੂਤਰ ਪਾਉਂਦੇ ਸਨ ਆਪਣੇ ਆਲ੍ਹਣੇਪ੍ਰੇਮੀ ਜੋੜੇ ਲਿਖਦੇ ਸਨ ਆਪਣੇ ਨਾਂ ਦਰੱਖਤ ਦੇ ਤਣੇ ਉੱਪਰ।
ਸਾਰੇ ਬਦਲਦੇ ਮੌਸਮਾਂ ਦੇ ਬਾਵਜੂਦ ਉਹ ਦਰੱਖਤ ਹਰਾ ਸੀ, ਸਭਨਾਂ ਦੇ ਅੰਦਰ। ਇਕ ਦਿਨ ਪਿੰਡ ਵਿੱਚ ਦੰਗਾ ਹੋ ਗਿਆ। ਪਿੰਡ ਵਿੱਚ ਕੀ, ਨਾਲ ਦੇ ਸ਼ਹਿਰ ਵਿੱਚ ਦੰਗਾ ਹੋ ਗਿਆ ਤੇ ਉਸਦੀ ਖ਼ਬਰ ਪਿੰਡ ਵਿੱਚ ਫੈਲ ਗਈ। ਬੱਚੇ ਲੁਕੇ ਰਹੇ ਆਪਣੇ ਘਰਾਂ ਵਿੱਚ। ਪੰਡਤ ਨੇ ਨਹੀਂ ਲਾਈ ਆਪਣੀ ਪਾਠਸ਼ਾਲਾ। ਮੌਲਵੀ ਨਹੀਂ ਆਇਆ ਪ੍ਰੇਤ ਉਤਾਰਨ। ਔਰਤਾਂ ਭੁੱਲ ਗਈਆਂ ਪੂਜਾ ਦੇ ਸ਼ਲੋਕ। ਗਾਉਂਦੀ ਹੋਈ ਕੋਇਲ ਦਾ ਸੰਘ ਰੁਕ ਗਿਆ। ਕਬੂਤਰ ਦਾ ਆਲ੍ਹਣਾ ਉੱਜਡ਼ ਗਿਆ।  ਕੋਈ ਮੁਸਾਫਰ ਨਹੀਂ ਆਇਆ ਉਸ ਪਾਸੇ। ਨਹੀਂ ਜੁੜੀ ਪੰਚਾਇਤ ਉਸ ਦਰੱਖਤ ਹੇਠ।
ਲੋਕਾਂ ਨੇ ਆਪਣੇ ਘਰਾਂ ਦੀਆਂ ਖਿਡ਼ਕੀਆਂ ਵਿੱਚੋਂ ਝਾਕ ਕੇ ਦੇਖਿਆ, ਉਹ ਦਰੱਖਤ ਹੌਲੇ-ਹੌਲੇ ਸੁੱਕ ਰਿਹਾ ਸੀ।
                         -0-