ਰਤਨਾ ਮਿਸ਼ਰ
ਤਿਉਹਾਰ ਦੇ ਮੌਕੇ, ਖਚਾਖਚ ਭਰੀ ਬੱਸ ਵਿਚ ਇਸਤਰੀਆਂ ਕੇਵਲ ਦੋ ਹੀ ਸਨ। ਇਕ ਜਵਾਨ ਕੁਡ਼ੀ ਇਕ ਅਧੇਡ਼ ਆਦਮੀ ਨਾਲ ਬੈਠੀ ਉਹਦੇ ਅਭੱਦਰ ਵਿਵਹਾਰ ਨਾਲ ਪਰੇਸ਼ਾਨ ਹੋਈ ਖਿੱਝ ਰਹੀ ਸੀ। ਉਹਦੀ ਪਿੱਛੇ ਵਾਲੀ ਸੀਟ ਉੱਪਰ ਇਕ ਔਰਤ ਆਪਣੇ ਪੁੱਤਰ ਨਾਲ ਬੈਠੀ ਸੀ।
ਬੱਸ ਝਟਕੇ ਨਾਲ ਰੁਕੀ ਤਾਂ ਕੁਡ਼ੀ ਨੇ ਔਖੇ ਹੁੰਦਿਆਂ ਤਲਖ ਆਵਾਜ਼ ਵਿਚ ਨਾਲ ਦੇ ਯਾਤਰੀ ਨੂੰ ਕਿਹਾ, “ਤੁਸੀਂ ਠੀਕ ਹੋ ਕੇ ਬੈਠੋ।”
ਅੱਗੇ ਬੈਠੇ ਮੁਸਾਫਿਰ ਪਿੱਛੇ ਮੁਡ਼ ਕੇ ਕੁਡ਼ੀ ਵੱਲ ਦੇਖਣ ਲੱਗੇ। ਸਾਰਿਆਂ ਨੂੰ ਕੁਡ਼ੀ ਉੱਤੇ ਭਰਪੂਰ ਨਿਗ੍ਹਾ ਮਾਰਨ ਦਾ ਮੌਕਾ ਮਿਲ ਗਿਆ। ਕੁਡ਼ੀ ਦੇ ਪਿੱਛੇ ਬੈਠੇ ਮਾਂ-ਪੁੱਤ ਉਹਦੀ ਪਰੇਸ਼ਾਨੀ ਭਾਂਪ ਰਹੇ ਸਨ। ਅਚਾਨਕ ਮੁੰਡਾ ਉੱਠ ਖਡ਼੍ਹਾ ਹੋਇਆ।
“ਤੁਸੀਂ ਇੱਧਰ ਮੇਰੀ ਸੀਟ ਤੇ ਆਕੇ ਬੈਠ ਜਾਓ।” ਉਹਨੇ ਕੁਡ਼ੀ ਕੋਲ ਜਾਕੇ ਕਿਹਾ।
ਕੁਡ਼ੀ ਨੇ ਝੱਟ ਸੀਟ ਬਦਲ ਲਈ।
ਮੁੰਡੇ ਨੇ ਨਾਲ ਦੀ ਸਵਾਰੀ ਨੂੰ ਪੁੱਛਿਆ, “ਤੁਸੀਂ ਕਿੱਥੇ ਜਾ ਰਹੇ ਹੋ?”
“ਆਪਣੀ ਭੈਣ ਕੋਲੋਂ ਰੱਖਡ਼ੀ ਬਨ੍ਹਵਾਉਣ। ਉਹ ਇਲਾਹਾਬਾਦ ’ਚ ਪਡ਼੍ਹਦੀ ਐ। ਇਸ ਵੇਲੇ ਉਹ ਵੀ ਬੱਸ ’ਚ ਹੋਵੇਗੀ।”
ਕੁਡ਼ੀ ਅਚਾਨਕ ਉੱਚੀ ਆਵਾਜ਼ ਵਿਚ ਬੋਲ ਪਈ, “ਤੇ ਉਹਨੇਂ ਵੀ ਹੁਣੇ-ਹੁਣੇ ਸੀਟ ਬਦਲੀ ਹੋਣੀ ਐ।”
-0-
No comments:
Post a Comment