Sunday, May 29, 2011

ਹਿੰਦੀ/ ਬਰਾਬਰੀ


ਰਤਨ ਚੰਦ ਰਤਨੇਸ਼
ਸਵੇਰੇ ਸਵੇਰੇ ਪਿੰਡੋਂ ਤਾਜੀਆਂ ਸਬਜ਼ੀਆਂ ਲਿਆ ਕੇ  ਸੁੱਖਾ ਪਾਸ਼ ਕਾਲੋਨੀ ਦੀਆਂ ਆਲੀਸ਼ਾਨ ਕੋਠੀਆਂ ਅੱਗੇ ਜਾ ਕੇ ਹਾਕ ਦਿੰਦਾ, ਸਾਗ ਲਓ…ਪਾਲਕ ਲਓ…ਮੇਥੀ ਲਓ…ਮੂਲੀ ਲਓ…।
ਉਹਦੇ ਸਾਇਕਲ ਉੱਤੇ ਲੱਦੀਆਂ ਹਰੀਆਂ ਸਬਜ਼ੀਆਂ ਘੰਟੇ ਭਰ ਵਿਚ ਹੀ ਵਿਕ ਜਾਂਦੀਆਂ। ਇਕ ਵੱਡੇ ਅਫਸਰ ਦੀ ਪਤਨੀ ਰਸ਼ਮੀ ਤਾਂ ਰੋਜ਼ ਹੀ ਉਸ ਤੋਂ ਸਬਜ਼ੀ ਲੈਂਦੀ । ਇਸ ਲਈ ਉਹਦੀ ਸੁੱਖੇ ਨਾਲ ਜਾਣ-ਪਛਾਣ ਹੋ ਗਈ। ਸਬਜ਼ੀਆਂ ਖਰੀਦਦੇ ਸਮੇਂ ਉਹ ਕਦੇ-ਕਦੇ ਸੁੱਖੇ ਦੇ ਘਰ ਤੇ ਬੱਚਿਆਂ ਦਾ ਹਾਲ-ਚਾਲ ਵੀ ਪੁੱਛ ਲੈਂਦੀ। ਇਸ ਨਾਲ ਥੱਕੇ ਹੋਏ ਸੁੱਖੇ ਨੂੰ ਰਾਹਤ ਮਿਲਦੀ ਤੇ ਖੁਸ਼ੀ ਵੀ।
ਵੱਡੇ ਮੁੰਡੇ ਦੀ ਪੜ੍ਹਾਈ ਕਿਵੇਂ ਚੱਲ ਰਹੀ ਐ ਸੁੱਖੇ? ਇਸ ਵਾਰ ਤਾਂ ਉਹ ਮੈਟ੍ਰਿਕ ਦੀ ਪ੍ਰੀਖਿਆ ਦੇ ਰਿਹੈ ਨਾ?ਇਕ ਦਿਨ ਉਹਨੇ ਸੁੱਖੇ ਨੂੰ ਪੁੱਛਿਆ।
ਹਾਂ ਬੀਬੀ ਜੀ! ਬੜੀ ਮਿਹਨਤ ਕਰ ਰਿਹੈ। ਸਦਾ ਈ ਚੰਗੇ ਨੰਬਰਾਂ ’ਚ ਪਾਸ ਹੁੰਦਾ ਆਇਐ। ਸਕੂਲ ’ਚ ਮਾਸਟਰ ਉਹਦੀ ਬਹਤ ਵਡਿਆਈ ਕਰਦੇ ਐ।
ਚੰਗੀ ਗੱਲ ਐ। ਪੜ੍ਹ-ਲਿਖ ਕੇ ਨੌਕਰੀ ਲੱਗ ਗਿਆ ਤਾਂ ਅੱਗੇ ਚੱਲ ਕੇ ਤੇਰਾ ਸਹਾਰਾ ਬਣੂਂਗਾ।
ਸੁੱਖੇ ਦਾ ਮੁੰਡਾ ਜ਼ਿਲੇ ਵਿੱਚੋਂ ਫਸਟ ਆਇਆ। ਲੋਕਾਂ ਵੱਲੋਂ ਮਿਲੀਆਂ ਵਧਾਈਆ ਕਾਰਨ ਉਹਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ।
ਮਠਿਆਈ ਦਾ ਡੱਬਾ ਲੈ ਕੇ ਸੁੱਖਾ ਰਸ਼ਮੀ ਮੈਡਮ ਦੀ ਕੋਠੀ ਦੇ ਗੇਟ ਤੇ ਪਹੁੰਚ ਗਿਆ।
ਬੀਬੀ ਜੀ, ਮੁੰਡਾ ਜ਼ਿਲੇ ’ਚੋਂ ਫਸਟ ਆਇਐ। ਅਖਬਾਰ ’ਚ ਉਹਦੀ ਫੋਟੋ ਵੀ ਛਪੀ ਐ।ਮਠਿਆਈ ਦਾ ਡੱਬਾ ਫੜਾਉਂਦੇ ਹੋਏ ਉਸਨੇ ਕਿਹਾ।
ਡੱਬਾ ਫਡ਼ਦੇ ਹੋਏ ਰਸ਼ਮੀ ਮੈਡਮ ਨੇ ਖੁਸ਼ੀ ਪ੍ਰਗਟਾਈ ਤੇ ਉਸਨੂੰ ਵਧਾਈ ਦਿੰਦੇ ਹੋਏ ਕਿਹਾ, ਮੁੰਡੇ ਨੂੰ ਅੱਗੇ ਕੀ ਕਰਾਉਣ ਦਾ ਵਿਚਾਰ ਐ ਸੁੱਖੇ?
ਬੀਬੀ ਜੀ! ਮੈਂ ਤਾਂ ਹੁਣ ਧਾਰ ਲਈ ਐ, ਬਈ ਕੁਝ ਵੀ ਹੋ ਜੇ, ਭਾਵੇਂ ਜੱਦੀ ਜ਼ਮੀਨ ਈ ਕਿਉਂ ਨਾ ਵੇਚਣੀ ਪਵੇ, ਮੈਂ ਮੁੰਡੇ ਨੂੰ ਸਾਬ੍ਹ ਵਰਗਾ ਵੱਡਾ ਅਫਸਰ ਬਣਾਊਂਗਾ।ਸੁੱਖੇ ਨੇ ਉਤਸ਼ਾਹਿਤ ਹੁੰਦਿਆਂ ਕਿਹਾ।
ਇਹ ਸੁਣਦੇ ਹੀ ਰਸ਼ਮੀ ਦੇ ਮੱਥੇ ਉੱਤੇ ਤਿਉੜੀਆਂ ਪੈ ਗਈਆ। ਸੁੱਖੇ ਦੇ ਜਾਂਦੇ ਹੀ ਉਹਨੇ ਮਠਿਆਈ ਦਾ ਡੱਬਾ ਗੇਟ ਦੇ ਬਾਹਰ ਪਏ ਕੂੜੇਦਾਨ ਵਿਚ ਸੁੱਟ ਦਿੱਤਾ।
                                              -0-

No comments: