Wednesday, April 20, 2011

ਹਿੰਦੀ/ ਕਮਾਲ


                                                        
ਘਨਸ਼ਿਆਮ ਅਗਰਵਾਲ

ਸਰਕਾਰ ਬਾਲਣ ਦੀ ਕਮੀ ਨਾਲ ਜੂਝ ਰਹੀ ਸੀ। ਬਾਲਣ ਦੇ ਬਦਲ ਲਈ ਉਪਾਅ ਖੋਜੇ ਜਾ ਰਹੇ ਸਨ। ਅਜਿਹੇ ਵਿਚ ਇਕ ਜਾਦੂਗਰ ਵਿਧਾਨ ਸਭਾ ਵਿਚ ਆਇਆ। ਪਹਿਲਾਂ ਉਹਨੇ ਜਾਦੂ ਦੇ ਦੋ-ਚਾਰ ਕਰਤਬ ਵਿਖਾਏ, ਫਿਰ ਕਿਹਾ, ਹੁਣ ਮੈਂ ਤੁਹਾਨੂੰ ਇਕ ਖਾਸ ਕਮਾਲ ਦਿਖਾਉਂਦਾ ਹਾਂ। ਬਿਨਾਂ ਬਾਲਣ ਤੋਂ ਭੋਜਨ ਪਕਾਉਣ ਦਾ ਕਮਾਲ। ਸਾਡੇ ਬਾਬੇ ਦੇ ਬਾਬੇ ਨੇ ਇਕ ਵਾਰ ਭ੍ਰਿਸ਼ਟਾਚਾਰ ਮਿਟਾਉਣ ਲਈ ਰਾਜਾ ਨੂੰ ਸਦਾਚਾਰ ਦਾ ਇਕ ਤਵੀਤ ਬਣਾ ਕੇ ਦਿੱਤਾ ਸੀ। ਅਸੀਂ ਉਨ੍ਹਾਂ ਦੇ ਵੰਸ਼ਜ ਹਾਂ।
ਇਹ ਕਹਿ ਕੇ ਉਸਨੇ ਇਕ ਕਟੋਰਾ ਕੱਢਿਆ। ਕਟੋਰੇ ਵਿਚ ਪਾਣੀ ਅਤੇ ਥੋੜੇ ਜਿਹੇ ਚਾਉਲ ਪਾਏ। ਫਿਰ ਕਟੋਰਾ ਕੋਲ ਹੀ ਖੜੇ ਇਕ ਨੇਤਾ ਦੇ ਸਿਰ ਉੱਤੇ ਰੱਖਿਆ ਤੇ ਮੰਤਰ ਪੜ੍ਹਨ ਲੱਗਾ। ਉਸਦੇ ਮੰਤਰ ਪੜ੍ਹਦੇ ਪੜ੍ਹਦੇ ਪਾਣੀ ਗਰਮ ਹੋ ਕੇ ਉਬਲਣ ਲੱਗ ਪਿਆ। ਦੋ ਮਿੰਟਾਂ ਵਿਚ ਮੰਤਰ ਖਤਮ ਹੋਇਆ ਤਾਂ ਚਾਉਲ ਪੱਕ ਗਏ ਸਨ। ਸਾਰਾ ਭਵਨ ਤਾੜੀਆਂ ਨਾਲ ਗੂੰਜ ਉੱਠਿਆ।
ਜਾਦੂਗਰ ਨੇ ਸਰਕਾਰ ਨੂੰ ਕਿਹਾ, ਇਹ ਹੈ ਤੁਹਾਡੀ ਪਰੇਸ਼ਾਨੀ ਦਾ ਹੱਲ। ਜੇ ਤੁਸੀਂ ਮੈਨੂੰ ਬਹੁਤ ਸਾਰਾ ਅਨੁਦਾਨ ਦਿਓਂ ਤਾਂ ਮੈਂ ਇਹ ਕਮਾਲ ਸਭ ਨੂੰ ਸਿਖਾ ਸਕਦਾ ਹਾਂ।
ਵੇਖੋ ਜਾਦੂਗਰ ਜੀ, ਹੁਣ ਰਾਜਤੰਤਰ ਤਾਂ ਰਿਹਾ ਨਹੀਂ, ਲੋਕਤੰਤਰ ਹੈ। ਅਨੁਦਾਨ ਦਿੰਦੇ ਸਮੇਂ ਸਾਨੂੰ ਵਿਰੋਧੀ ਧਿਰ, ਮੀਡੀਆ ਤੇ ਤਰਕਸ਼ੀਲਾਂ ਆਦਿ ਨੂੰ ਵੀ ਵਿਸ਼ਵਾਸ ਵਿਚ ਲੈਣਾ ਪਵੇਗਾ। ਅਸੀਂ ਛੇਤੀ ਹੀ ਨਿਰਣਾ ਲੈ ਲਵਾਂਗੇ। ਉਦੋਂ ਤਕ ਤੁਸੀਂ ਸਰਕਟ ਹਾਊਸ ਵਿਚ ਆਰਾਮ ਕਰੋ।
ਸਰਕਾਰ ਨੇ ਜਾਸੂਸਾਂ ਤੋਂ ਇਸ ਕਮਾਲ ਦੀ ਜਾਂਚ ਕਰਵਾਈ। ਜਾਸੂਸਾਂ ਨੇ ਆਪਣੀ ਰਿਪੋਰਟ ਵਿਚ ਕਿਹਾ–‘ਇਸ ਵਿਚ ਕੋਈ ਕਮਾਲ ਨਹੀਂ ਹੈ। ਬਿਨਾਂ ਬਾਲਣ ਦੇ ਚਾਉਲ ਨਹੀਂ ਪੱਕ ਸਕਦੇ। ਜਾਦੂਗਰ ਦਾ ਕਟੋਰਾ ਨੇਤਾ ਦੇ ਸਿਰ ਉੱਪਰ ਰੱਖਿਆ ਸੀ। ਸਾਨੂੰ ਲਗਦਾ ਹੈ ਕਿ ਇਹ ਸਭ ਗੋਬਰ-ਗੈਸ ਪਲਾਂਟ ਦਾ ਕਮਾਲ ਹੈ। ਜਾਦੂਗਰ ਨੂੰ ਕਹੋ ਕਿ ਉਹ ਇਕ ਆਮ ਆਦਮੀ ਦੇ ਸਿਰ ਉੱਤੇ ਕਟੋਰਾ ਰੱਖ ਕੇ ਚਾਉਲ ਪਕਾ ਕੇ ਵਿਖਾਵੇ।’
ਇਸ ਰਿਪੋਰਟ ਦੇ ਆਉਂਦੇ ਹੀ ਜਾਦੂਗਰ ਸਰਕਟ ਹਾਊਸ ਵਿੱਚੋਂ ਗਾਇਬ ਹੋ ਗਿਆ।
                                       -0-

No comments: