Thursday, January 20, 2011

ਹਿੰਦੀ / ਸਕੂਲ


 ਚੰਦਰਧਰ ਸ਼ਰਮਾ ਗੁਲੇਰੀ
ਇਕ ਸਕੂਲ ਦਾ ਸਾਲਾਨਾ ਸਮਾਗਮ ਸੀ। ਮੈਨੂੰ ਵੀ ਉੱਥੇ ਸੱਦਿਆ ਗਿਆ ਸੀ। ਉੱਥੋਂ ਦੇ ਮੁੱਖ ਅਧਿਆਪਕ ਦੇ ਇਕ ਹੀ ਪੁੱਤਰ ਸੀ, ਜਿਸਦੀ ਅੱਠ ਸਾਲ ਦੀ ਉਮਰ ਸੀ। ਉਹਨੂੰ ਬੜੇ ਹੀ ਲਾਡ ਨਾਲ ਨੁਮਾਇਸ਼ ਵਿਚ ਮਿਸਟਰ ਹਾਦੀ ਦੇ ਕੋਹਲੂ ਦੀ ਤਰ੍ਹਾਂ ਦਿਖਾਇਆ ਜਾ ਰਿਹਾ ਸੀ। ਉਹਦਾ ਮੂੰਹ ਪੀਲਾ ਸੀ, ਅੱਖਾਂ ਸਫੈਦ ਸਨ ਅਤੇ ਨਿਗਾਹ ਜ਼ਮੀਨ ਤੋਂ ਉੱਠਦੀ ਹੀ ਨਹੀਂ ਸੀ। ਉਸ ਤੋਂ ਸਵਾਲ ਪੁੱਛੇ ਜਾ ਰਹੇ ਸਨ, ਜਿਨ੍ਹਾਂ ਦਾ ਉਹ ਉੱਤਰ ਦੇ ਰਿਹਾ ਸੀ। ਧਰਮ ਦੇ ਦਸ ਲੱਛਣ ਸੁਣਾ ਗਿਆ। ਨੌਂ ਰਸਾਂ ਦੀਆਂ ਉਦਾਹਰਣਾਂ ਦੇ ਗਿਆ। ਪਾਣੀ ਦੇ ਚਾਰ ਡਿਗਰੀ ਤੋਂ ਹੇਠਾਂ ਠੰਡਕ ਵਿਚ ਫੈਲ ਜਾਣ ਦੇ ਕਾਰਨ ਅਤੇ ਉਸ ਨਾਲ ਮੱਛੀਆਂ ਦੀ ਪ੍ਰਾਣ-ਰੱਖਿਆ ਨੂੰ ਸਮਝਾ ਗਿਆ। ਚੰਦਰ ਗ੍ਰਹਿਣ ਦਾ ਵਿਧਾਨਕ ਹੱਲ ਦੱਸ ਦਿੱਤਾ। ਕਮੀ ਨੂੰ ਪਦਾਰਥਕ ਮੰਨਣ, ਨਾ ਮੰਨਣ ਦਾ ਸ਼ਾਸਤਰਾਰਥ ਕਰ ਗਿਆ। ਇੰਗਲੈਂਡ ਦੇ ਰਾਜੇ ਹੈਨਰੀ-ਅੱਠਵੇਂ ਦੀਆਂ ਪਤਨੀਆਂ ਦੇ ਨਾਂ ਅਤੇ ਪੇਸ਼ਵਾ ਸ਼ਾਸਕਾਂ ਦਾ ਕੁਰਸੀਨਾਮਾ ਸੁਣਾ ਗਿਆ।
ਇਹ ਪੁੱਛਿਆ ਗਿਆ, ਤੂੰ ਕੀ ਕਰੇਂਗਾ? ਮੁੰਡੇ ਨੇ ਰਟਿਆ-ਰਟਾਇਆ ਜਵਾਬ ਦੇ ਦਿੱਤਾ ਕਿ ਉਹ ਸਾਰੀ ਜ਼ਿੰਦਗੀ ਲੋਕ ਸੇਵਾ ਕਰੇਗਾ। ਸਭਾ ‘ਵਾਹ! ਵਾਹ!’ ਕਰਦੀ ਸੁਣ ਰਹੀ ਸੀ। ਪਿਤਾ ਦਾ ਮਨ ਖੁਸ਼ੀ ਨਾਲ ਭਰ ਰਿਹਾ ਸੀ।
ਇਕ ਬਜ਼ੁਰਗ ਵਿਅਕਤੀ ਨੇ ਉਹਦੇ ਸਿਰ ਉੱਪਰ ਹੱਥ ਫੇਰ ਕੇ ਆਸ਼ੀਰਵਾਦ ਦਿੱਤਾ ਤੇ ਕਿਹਾ, ਜੋ ਇਨਾਮ ਤੂੰ ਮੰਗੇ, ਉਹੀ ਦਿਆਂ!
ਬੱਚਾ ਕੁਝ ਸੋਚਣ ਲੱਗਾ । ਪਿਤਾ ਤੇ ਅਧਿਆਪਕ ਇਸ ਚਿੰਤਾ ਵਿਚ ਲੱਗੇ ਸਨ ਕਿ ਦੇਖੋ ਪੜ੍ਹਾਈ ਦਾ ਪੁਤਲਾ ਕਿਹੜੀ ਪੁਸਤਕ ਮੰਗਦਾ ਹੈ।
ਬੱਚੇ ਦੇ ਮੂੰਹ ਉੱਪਰ ਅਜੀਬ ਜਿਹੇ ਰੰਗ ਆ ਜਾ ਰਹੇ ਸਨ। ਹਿਰਦੇ ਵਿਚ ਬਨਾਵਟੀ ਤੇ ਸੁਭਾਵਿਕ ਭਾਵਾਂ ਦੀ ਲੜਾਈ ਦੀ ਝਲਕ ਅੱਖਾਂ ਵਿਚ ਦਿਖਾਈ ਦੇ ਰਹੀ ਸੀ। ਖੰਘਕੇ ਗਲਾ ਸਾਫ ਕਰ ਨਕਲੀ ਪੜਦੇ ਦੇ ਹਟ ਜਾਣ ਨਾਲ ਖੁਦ ਹੈਰਾਨ ਹੋਕੇ ਬੱਚੇ ਨੇ ਹੌਲੇ ਜਿਹੇ ਕਿਹਾਲੱਡੂ!
ਪਿਤਾ ਤੇ ਅਧਿਆਪਕ ਨਿਰਾਸ਼ ਹੋ ਗਏ। ਇੰਨੇ ਸਮੇਂ ਤਕ ਮੇਰਾ ਸਾਹ ਘੁਟਿਆ ਰਿਹਾ ਸੀ। ਹੁਣ ਮੈਂ ਸੁੱਖ ਦਾ ਸਾਹ ਲਿਆ। ਉਹਨਾਂ ਸਾਰਿਆਂ ਨੇ ਬੱਚੇ ਦੀਆਂ ਪ੍ਰਵਿਰਤੀਆਂ ਦਾ ਗਲਾ ਘੋਟਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ, ਪਰ ਬੱਚਾ ਬਚ ਗਿਆ। ਉਹਦੇ ਬਚਣ ਦੀ ਆਸ ਹੈ, ਕਿਉਂਕਿ ਲੱਡੂ ਦੀ ਪੁਕਾਰ ਜੀਵਤ ਦਰੱਖਤ ਦੇ ਹਰੇ ਪੱਤਿਆਂ ਦੀ ਆਵਾਜ਼ ਸੀ, ਮਰੀ ਹੋਈ ਲੱਕੜ ਦੀ ਬਣੀ ਅਲਮਾਰੀ ਦੀ ਸਿਰ ਦੁਖਾਉਣ ਵਾਲੀ ਖੜਖੜ ਨਹੀਂ।
                                                  -0-

No comments: