ਊਸ਼ਾ ਮਹਿਤਾ ਦੀਪਾ
ਅਮੀਰ ਚੰਦ ਨੇ ਆਪਣੇ ਪੁੱਤ ਕੋਲ ਸ਼ਿਕਾਇਤ ਕੀਤੀ, “ਤੇਰੀ ਵਹੁਟੀ ਨੇ ਤਾਂ ਮੈਨੂੰ ਨੌਕਰ ਸਮਝ ਰੱਖਿਐ। ਸਵੇਰ ਤੋਂ ਸ਼ਾਮ ਹੋ ਜਾਂਦੀ ਐ, ਉਹਦੇ ਹੁਕਮ ਦੀ ਗੁਲਾਮੀ ਕਰਦਿਆਂ। ਸਮਝਾ ਦੀਂ ਉਹਨੂੰ, ਮੈਂ ਉਹਦੇ ਪਿਓ ਦਾ ਨੌਕਰ ਨਹੀਂ, ਸਹੁਰਾ ਐਂ ਸਹੁਰਾ।”
ਬਾਥਰੂਮ ਵਿਚ ਨਹਾ ਰਹੀ ਸਵਿਤਾ ਨੇ ਸਭ ਕੁਝ ਸੁਣ ਲਿਆ ਸੀ। ਬਾਹਰ ਆ ਕੇ ਉਹਨੇ ਇੰਜ ਦਰਸਾਇਆ ਜਿਵੇਂ ਕੁਝ ਸੁਣਿਆ ਹੀ ਨਾ ਹੋਵੇ।
ਸਵਿਤਾ ਨੇ ਬਡ਼ਾ ਸੰਜਮ ਵਰਤਦਿਆਂ ਹੌਲੇ-ਹੌਲੇ ਸਹੁਰੇ ਤੋਂ ਕੰਮ ਕਰਵਾਉਣਾ ਬੰਦ ਕਰ ਦਿੱਤਾ। ਛੇਤੀ ਹੀ ਅਮੀਰ ਚੰਦ ਨੂੰ ਜ਼ਿੰਦਗੀ ਉਬਾਊ ਤੇ ਬੋਝਲ ਲੱਗਣ ਲੱਗੀ। ਦਿਨ ਬਹੁਤ ਔਖਾ ਬੀਤਦਾ ਤੇ ਰਾਤ ਕਰਵਟਾਂ ਬਦਲਦੇ ਲੰਘਦੀ। ਨੀਂਦ ਅੱਖਾਂ ਤੋਂ ਦੂਰ ਹੋ ਗਈ। ਪੁਰਾਣੀਆਂ ਯਾਦਾਂ ਸਤਾਉਣ ਲੱਗੀਆਂ।
ਇਕ ਦਿਨ ਉਹ ਬਹੂ ਨੂੰ ਬੋਲੇ, “ਬੇਟੀ ਸਵਿਤਾ, ਤੂੰ ਤਾਂ ਸਾਰਾ ਕੰਮ ਆਪ ਈ ਕਰਣ ਲੱਗ ਗੀ। ਮੈਂ ਤਾਂ ਅਪੰਗ ਜਿਹਾ ਹੋ ਗਿਆ। ਲਗਦੈ ਤੂੰ ਤਾਂ ਮੈਨੂੰ ਘਰ ਦਾ ਆਦਮੀ ਸਮਝਣਾ ਈ ਛੱਡ ਦਿੱਤੈ। ਬੇਟੀ, ਮੈਨੂੰ ਵੀ ਕੋਈ ਕੰਮ ਦੱਸ ਦਿਆ ਕਰ, ਆਖਰ ਮੈਂ ਵੀ ਇਸ ਘਰ ਦਾ ਮੈਂਬਰ ਆਂ।”
ਸਵਿਤਾ ਹੈਰਾਨ ਖਡ਼ੀ ਸਹੁਰੇ ਨੂੰ ਦੇਖ ਰਹੀ ਸੀ।
-0-
No comments:
Post a Comment